Punjab News: ਕਾਂਗਰਸ ਦੇ ਸੀਨੀਅਰ ਲੀਡਰ ਸੁਖਪਾਲ ਖਹਿਰਾ ਨੇ ਮੁੱਖ ਮੰਤਰੀ ਭਗਵੰਤ ਮਾਨ ਘੇਰਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸਿੱਖ ਹੋਣ ਦੇ ਬਾਵਜੂਦ ਭਗਵੰਤ ਮਾਨ ਸਿੱਖ ਇਤਿਹਾਸ ਬਾਰੇ ਕੁਝ ਨਹੀਂ ਜਾਣਦੇ। ਉਨ੍ਹਾਂ ਨੇ ਕਿਹਾ ਹੈ ਕਿ ਸੀਐਮ ਮਾਨ ਨੇ ਨੱਥਾ ਖਹਿਰਾ ਦੇ ਨਾਲ ਹੀ ਸੁੱਖਾ ਸਿੰਘ ਤੇ ਮਹਿਤਾਬ ਸਿੰਘ ਵਰਗੇ ਸ਼ਹੀਦਾਂ ਦਾ ਘੋਰ ਅਪਮਾਨ ਕੀਤਾ ਹੈ। ਭਗਵੰਤ ਮਾਨ ਨੂੰ ਆਪਣੀ ਇਸ ਮੂਰਖਤਾ ਭਰੀ ਹਰਕਤ ਲਈ ਜਨਤਕ ਮੁਆਫੀ ਮੰਗਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਅੱਗੇ ਤੋਂ ਜਿਸ ਗੱਲ ਦਾ ਗਿਆਨ ਨਾ ਹੋਵੇ, ਉੱਥੇ ਮੂੰਹ ਬੰਦ ਰੱਖਣਾ ਚੰਗਾ ਹੁੰਦਾ ਹੈ।


 


ਸੁਖਪਾਲ ਖਹਿਰਾ ਨੇ ਟਵੀਟ ਕਰਦਿਆਂ ਲਿਖਿਆ ਹੈ ਕਿ ਮੈਂ ਦੁਖ ਤੇ ਸ਼ਰਮ ਮਹਿਸੂਸ ਕਰ ਰਿਹਾ ਹਾਂ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੋ ਖੁਦ ਇੱਕ ਸਿੱਖ ਹਨ, ਸਿੱਖ ਇਤਿਹਾਸ ਬਾਰੇ ਬਹੁਤ ਮੂਰਖਤਾਨਾ ਤਰੀਕੇ ਨਾਲ ਅਣਜਾਣ ਹਨ ਤੇ ਉਨ੍ਹਾਂ ਨੂੰ ਸਾਡੇ ਸ਼ਾਨਦਾਰ ਅਤੀਤ ਬਾਰੇ ਮੁੱਢਲੀ ਜਾਣਕਾਰੀ ਦਾ ਵੀ ਨਹੀਂ ਪਤਾ। ਅੱਜ ਉਹ ਆਪਣੇ ਵਿਰੋਧੀਆਂ ਨੂੰ ਨਿਸ਼ਾਨਾ ਬਣਾਉਣ ਸਮੇਂ ਨੱਥਾ ਖਹਿਰਾ ਦਾ ਮਜ਼ਾਕ ਉਡਾਉਂਦੇ ਹੋਏ ਭੁੱਲ ਗਏ ਕਿ ਨੱਥਾ ਖਹਿਰਾ ਨੇ ਮਹਿਤਾਬ ਸਿੰਘ ਦੇ 7 ਸਾਲ ਦੇ ਪੁੱਤਰ ਰਾਏ ਸਿੰਘ (ਸੁੱਖਾ ਸਿੰਘ ਤੇ ਮਹਿਤਾਬ ਸਿੰਘ ਜਿਨ੍ਹਾਂ ਨੇ ਜ਼ਾਲਮ ਮੱਸਾ ਰੰਗੜ ਦਾ ਸਿਰ ਕਲਮ ਕੀਤਾ ਸੀ) ਦੀ ਰੱਖਿਆ ਲਈ ਆਪਣੇ ਪੁੱਤਰ, ਆਪਣੇ ਭਤੀਜੇ ਤੇ ਖੁਦ ਦੀ ਕੁਰਬਾਨੀ ਦੇ ਦਿੱਤੀ ਸੀ ਕਿਉਂਕਿ ਉਨ੍ਹਾਂ ਨੇ ਉਸ ਦੇ ਪਿਤਾ ਨੂੰ ਸੁਰੱਖਿਆ ਦਾ ਬਚਨ ਦਿੱਤਾ ਸੀ। ਸੀਐਮ ਮਾਨ ਵੱਲੋਂ ਅਜਿਹਾ ਕਹਿਣ ਨਾਲ ਨੱਥਾ ਖਹਿਰਾ ਦੇ ਨਾਲ ਹੀ ਸੁੱਖਾ ਸਿੰਘ ਤੇ ਮਹਿਤਾਬ ਸਿੰਘ ਵਰਗੇ ਸ਼ਹੀਦਾਂ ਦਾ ਘੋਰ ਅਪਮਾਨ ਹੋਇਆ ਹੈ। ਮੈਂ ਭਗਵੰਤ ਮਾਨ ਨੂੰ ਬੇਨਤੀ ਕਰਦਾ ਹਾਂ ਕਿ ਉਹ ਆਪਣੀ ਇਸ ਮੂਰਖਤਾ ਭਰੀ ਹਰਕਤ ਲਈ ਜਨਤਕ ਮੁਆਫੀ ਮੰਗਣ।


 







ਇਸ ਦੇ ਨਾਲ ਹੀ ਸੁਖਪਾਲ ਖਹਿਰਾ ਨੇ ਫੇਸਬੁੱਕ ਪੇਜ਼ ਉਪਰ ਲਾਈਵ ਹੋ ਕੇ ਨੱਥੂ ਖਹਿਰਾ ਦਾ ਇਤਿਹਾਸ ਸਮਝਾਇਆ। ਉਨ੍ਹਾਂ ਨੇ ਫੇਸਬੁੱਕ ਉਪਰ ਲਾਈਵ ਹੁੰਦਿਆਂ ਕਿਹਾ ਆ ਭਗਵੰਤ ਮਾਨਾਂ ਤੈਨੂੰ ਇਤਿਹਾਸ ਸਮਝਾਵਾਂ ਕਿ “ਐਰਾ ਗੈਰਾ ਨੇਹ ਨੱਥੂ ਖਹਿਰਾ” ਦਾ ਮਤਲਬ ਕੀ ਹੁੰਦਾ ਹੈ। ਅੱਗੇ ਤੋਂ ਜਿਸ ਗੱਲ ਦਾ ਗਿਆਨ ਨਾ ਹੋਵੇ, ਉੱਥੇ ਮੂੰਹ ਬੰਦ ਰੱਖਣਾ ਚੰਗਾ ਹੁੰਦਾ ਹੈ।