ਚੰਡੀਗੜ੍ਹ: ਵਿਨੋਦ ਘਈ ਪੰਜਾਬ ਦੇ ਨਵੇਂ ਐਡਵੋਕੇਟ ਜਨਰਲ ਬਣ ਗਏ ਹਨ।  ਇਸ ਬਾਬਤ ਪੰਜਾਬ ਸਰਕਾਰ ਨੇ ਅੱਜ ਨੋਟੀਫ਼ਿਕੇਸ਼ਨ ਜਾਰੀ ਕੀਤਾ ਹੈ। ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਨੇ ਸੀਨੀਅਰ ਵਕੀਲ ਵਿਨੋਦ ਘਈ ਦੀ ਪੰਜਾਬ ਦੇ ਐਡਵੋਕੇਟ ਜਨਰਲ ਵਜੋਂ ਨਿਯੁਕਤੀ 'ਤੇ ਮੋਹਰ ਲਾ ਦਿੱਤੀ ਹੈ। ਹਾਲਾਂਕਿ ਵਿਨੋਦ ਘਈ ਦੀ ਨਿਯੁਕਤੀ 'ਤੇ ਵਿਰੋਧ ਵੀ ਹੋਇਆ ਸੀ।ਵਿਰੋਧੀ ਧਿਰਾਂ ਨੇ ਇਸ ਨਿਯੁਕਤੀ 'ਤੇ ਸਵਾਲ ਚੁੱਕੇ ਸੀ।


19 ਜੁਲਾਈ ਨੂੰ ਸਾਬਕਾ ਏਜੀ ਅਨਮੋਲ ਰਤਨ ਸਿੱਧੂ ਨੇ ਅਸਤੀਫ਼ਾ ਦੇ ਦਿੱਤਾ ਸੀ। ਅਨਮੋਲ ਰਤਨ ਸਿੱਧੂ ਨੇ ਇਸੇ ਸਾਲ ਮਾਰਚ ਵਿੱਚ ਐਡਵੋਕੇਟ ਜਨਰਲ ਦੇ ਅਹੁਦੇ 'ਤੇ ਨਿਯੁਕਤ ਕੀਤਾ ਸੀ। ਇਹ ਵੀ ਜ਼ਿਕਰਯੋਗ ਹੈ ਕਿ ਵਿਨੋਦ ਘਈ ਨੂੰ ਪੰਜਾਬ ਦਾ ਨਵਾਂ ਐਡਵੋਕੇਟ ਜਨਰਲ ਨਿਯੁਕਤ ਕਰਨ ਉਤੇ ਵਿਰੋਧੀ ਪਾਰਟੀਆਂ ਨੇ ਇਤਰਾਜ਼ ਜਤਾਇਆ ਸੀ ਪਰ ਸੀਐਮ ਮਾਨ ਨੇ ਭਗਵੰਤ ਮਾਨ ਨੇ ਐਲਾਨ ਕੀਤਾ ਸੀ ਕਿ ਉੱਘੇ ਵਕੀਲ ਵਿਨੋਦ ਘਈ ਨੂੰ ਪੰਜਾਬ ਦਾ ਅਗਲਾ ਐਡਵੋਕੇਟ ਜਨਰਲ ਬਣਾਇਆ ਜਾਵੇਗਾ।


ਦਸ ਦਈਏ ਕਿ ਮਾਰਚ ਮਹੀਨੇ  'ਚ ਹੀ ਅਨਮੋਲ ਰਤਨ ਸਿੱਧੂ ਨੂੰ ਐਡਵੋਕੇਟ ਜਨਰਲ ਨਿਯੁਕਤ ਕੀਤਾ ਗਿਆ ਸੀ । ਡੀਐੱਸ ਪਟਵਾਲੀਆ ਦੀ ਥਾਂ ਉਹਨਾਂ ਦੀ ਨਿਯੁਕਤੀ ਕੀਤੀ ਗਈ ਸੀ ਅਤੇ ਹੁਣ ਚਾਰ ਮਹੀਨਿਆਂ ਦੇ ਅੰਦਰ ਫਿਰ ਵੱਡਾ ਬਦਲਾਅ ਕੀਤਾ ਗਿਆ ਹੈ। ਅਸਤੀਫਾ ਦਿੰਦੇ ਹੋਏ ਅਨਮੋਲ ਰਤਨ ਸਿੱਧੂ ਨੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਅਤੇ ਨਿੱਜੀ ਕਾਰਨਾਂ ਨੂੰ ਆਪਣੇ ਅਸਤੀਫੇ ਦਾ ਕਾਰਨ ਦੱਸਿਆ। 


 


ਕੌਣ ਹਨ ਵਿਨੋਦ ਘਈ


ਵਿਨੋਦ ਘਈ 1989 ਤੋਂ ਚੰਡੀਗੜ੍ਹ ਵਿਖੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਕੰਮ ਕਰ ਰਹੇ ਹਨ । ਅਪਰਾਧਿਕ ਕਾਨੂੰਨ ਵਿੱਚ ਉਹਨਾਂ ਦਾ ਖਾਸ ਤਜ਼ੁਰਬਾ ਹੈ 2012 ਤੋਂ ਮਨੋਨੀਤ ਸੀਨੀਅਰ ਵਕੀਲ, ਕਤਲ ਕੇਸਾਂ ਵਿੱਚ ਮਾਹਰ ਹਨ । ਸੀਨੀਅਰ ਐਡਵੋਕੇਟ ਵਿਨੋਦ ਘਈ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਵੱਧ ਤੋਂ ਵੱਧ ਜ਼ਮਾਨਤ ਅਰਜ਼ੀਆਂ ਅਤੇ ਕਤਲ ਦੀਆਂ ਅਪੀਲਾਂ ਨੂੰ ਸਫ਼ਲਤਾਪੂਰਵਕ ਪੇਸ਼ ਕੀਤਾ ਹੈ।ਹਰ ਕੇਸ ਦਾ ਖਰੜਾ ਤਿਆਰ ਕੀਤਾ ਜਾਂਦਾ ਹੈ ਅਤੇ ਉਹਨਾਂ ਵੱਲੋਂ ਨਿੱਜੀ ਤੌਰ 'ਤੇ ਦਲੀਲ ਦਿੱਤੀ ਜਾਂਦੀ ਹੈ।