Punjab News: ਪਤਾ ਨਹੀਂ ਪੰਜਾਬ ਦੀ ਨਸਲ ਕਿਹੜੇ ਪਾਸੇ ਤੁਰ ਪਈ ਹੈ। ਵਿਦੇਸ਼ ਜਾਣ ਦੀ ਲਾਲਸਾ ਨੇ ਇਨਸਾਨੀ ਰਿਸ਼ਤਿਆਂ ਨੂੰ ਤਾਰ-ਤਾਰ ਕਰ ਦਿੱਤਾ ਹੈ, ਖਾਸ ਕਰਕੇ ਪਤੀ-ਪਤਨੀ ਦਾ ਰਿਸ਼ਤਾ। ਪਿੱਛਲੇ ਕੁੱਝ ਸਾਲਾਂ ਤੋਂ ਵਿਆਹੀਆਂ ਕੁੜੀਆਂ ਵਿਦੇਸ਼ ਪਹੁੰਚ ਕੇ ਆਪਣੇ ਪਤੀਆਂ ਦੇ ਨਾਲ ਅਜਿਹਾ ਕੁੱਝ ਕਰ ਦਿੰਦੀਆਂ ਨੇ ਜਿਨ੍ਹਾਂ ਕਰਕੇ ਬਹੁਤ ਮੁੰਡੇ ਤਣਾਅ ਦੇ ਵਿੱਚ ਗਲਤ ਕਦਮ ਚੁੱਕ ਲੈਂਦੇ ਨੇ ਅਤੇ ਆਪਣੀ ਜੀਵਨ ਲੀਲਾ ਹੀ ਸਮਾਪਤ ਕਰ ਦਿੰਦੇ ਹਨ। ਇੱਕ ਹੋਰ ਨਵਾਂ ਮਾਮਲਾ ਇੰਗਲੈਂਡ ਤੋਂ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਪੰਜਾਬ 'ਚ ਪਰਿਵਾਰ ਵਾਲਿਆਂ ਦਾ ਰੋ-ਰੋ ਬੁਰਾ ਹਾਲ ਹੋਇਆ ਪਿਆ ਹੈ।



ਜ਼ਮੀਨ ਵੇਚ ਪਤਨੀ ਦਾ ਸੁਫਨਾ ਕੀਤਾ ਪੂਰਾ


ਇੰਗਲੈਂਡ ਗਏ ਬੇਟੇ ਦੀ ਮੌਤ ਦੀ ਖਬਰ ਨਾਲ ਪਰਿਵਾਰ 'ਚ ਮਾਤਮ ਛਾ ਗਿਆ। ਜਾਣਕਾਰੀ ਮੁਤਾਬਕ ਜਿੱਥੇ ਨੌਜਵਾਨ ਵੱਲੋਂ ਖੁਦਕੁਸ਼ੀ ਦੀ ਖਬਰ ਸਾਹਮਣੇ ਆ ਰਹੀ ਹੈ, ਉੱਥੇ ਪਰਿਵਾਰ ਇਸਨੂੰ ਕਤਲ ਕਰਾਰ ਦੇ ਰਹੇ ਹਨ ਅਤੇ ਸਾਰੇ ਦੋਸ਼ ਉਸ ਦੀ ਪਤਨੀ ਅਤੇ ਸਹੁਰੇ ਪਰਿਵਾਰ 'ਤੇ ਲਗਾ ਰਹੇ ਹਨ। ਮ੍ਰਿਤਕ ਤਜਿੰਦਰ ਸਿੰਘ ਇੱਕ ਹੋਣਹਾਰ ਯੁਵਕ ਸੀ ਜੋ ਸਮਾਜ ਸੇਵਾ 'ਚ ਅੱਗੇ ਰਹਿੰਦਾ ਸੀ। ਤਜਿੰਦਰ ਦੇ ਵਿਆਹ ਨੂੰ 9 ਸਾਲ ਹੋ ਚੁੱਕੇ ਸਨ, ਪਰ ਉਸਦੇ ਕੋਈ ਸੰਤਾਨ ਨਹੀਂ ਸੀ ਕਿਉਂਕਿ ਉਸਦੀ ਪਤਨੀ ਕੈਨੇਡਾ ਜਾਂ ਅਮਰੀਕਾ ਜਾਣਾ ਚਾਹੁੰਦੀ ਸੀ ਪਰ ਵਾਰ-ਵਾਰ ਰਿਜੈਕਸ਼ਨ ਆ ਜਾਂਦੇ ਸਨ। ਪਰਿਵਾਰ ਦੇ ਅਨੁਸਾਰ, ਤਜਿੰਦਰ ਨੇ ਆਪਣੀ ਜ਼ਮੀਨ ਵੇਚ ਦਿੱਤੀ ਤੇ ਆਪਣੀ ਪਤਨੀ ਨੂੰ 14 ਵਾਰ IELTS ਦੀ ਪ੍ਰੀਖਿਆ ਦਿਵਾਈ ਅਤੇ ਆਖ਼ਰਕਾਰ UK ਜਾਣ ਦਾ ਪ੍ਰੋਗਰਾਮ ਬਣਾਇਆ।



ਪਤੀ ਇਸ ਵਜ੍ਹਾ ਕਰਕੇ ਰਹਿੰਦਾ ਸੀ ਪ੍ਰੇਸ਼ਾਨ


ਪਤਨੀ UK ਪਹੁੰਚ ਗਈ ਸੀ ਪਰ ਜਦੋਂ ਤਜਿੰਦਰ ਉੱਥੇ ਪਹੁੰਚਿਆ ਤਾਂ ਉਸਦੀ ਪਤਨੀ ਨੇ ਉਸਨੂੰ ਦੱਸਿਆ ਕਿ ਉਹ ਕਿਸੇ ਹੋਰ ਵਿਅਕਤੀ ਨਾਲ ਰਹਿ ਰਹੀ ਹੈ ਅਤੇ ਤਜਿੰਦਰ ਨੂੰ ਕਿਹਾ ਕਿ ਉਹ UK ਨਾ ਆਏ। ਤਜਿੰਦਰ ਨੇ ਦੱਸਿਆ ਕਿ ਉਹ ਪਹਿਲਾਂ ਹੀ UK ਪਹੁੰਚ ਚੁੱਕਾ ਹੈ, ਜਿਸ ਤੋਂ ਬਾਅਦ ਉਹ ਆਪਣੀ ਪਤਨੀ ਨਾਲ ਰਹਿਣ ਲੱਗਾ, ਹਾਲਾਂਕਿ ਉਸਦੀ ਪਤਨੀ ਉਸਦੇ ਸਾਹਮਣੇ ਹੀ ਕਿਸੇ ਹੋਰ ਵਿਅਕਤੀ ਨਾਲ ਰਹਿੰਦੀ ਰਹੀ। ਇਸ ਕਾਰਨ ਤਜਿੰਦਰ ਮਾਨਸਿਕ ਤੌਰ 'ਤੇ ਬਹੁਤ ਜ਼ਿਆਦਾ ਪ੍ਰੇਸ਼ਾਨ ਰਹਿਣ ਲੱਗਾ।


ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ


ਇਸੇ ਦੌਰਾਨ ਮਾਤਾ-ਪਿਤਾ ਨੂੰ ਖਬਰ ਮਿਲੀ ਕਿ ਤਜਿੰਦਰ ਨੇ ਖੁਦਕੁਸ਼ੀ ਕਰ ਲਈ ਹੈ। ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਕੈਂਸਰ ਪੀੜਤ ਮਾਂ ਅੱਜ ਆਪਣੇ ਬੇਟੇ ਦੇ ਮ੍ਰਿਤਕ ਸਰੀਰ ਦਾ ਇੰਤਜ਼ਾਰ ਕਰ ਰਹੀ ਹੈ। ਮ੍ਰਿਤਕ ਦੇ ਮਾਮੇ ਤਜਿੰਦਰ ਸਿੰਘ ਨੇ ਦੱਸਿਆ ਕਿ ਤਜਿੰਦਰ ਦੀ ਪਤਨੀ ਨੇ ਨਾਂ ਕੇਵਲ ਉਸਨੂੰ ਧੋਖਾ ਦਿੱਤਾ, ਸਗੋਂ ਉਸਨੂੰ ਬਹੁਤ ਪ੍ਰੇਸ਼ਾਨ ਵੀ ਕੀਤਾ। ਪਰਿਵਾਰ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਬੇਟਾ ਬਹੁਤ ਹੀ ਸਮਾਜਸੇਵੀ ਸੀ ਅਤੇ ਉਹ ਖੁਦਕੁਸ਼ੀ ਜਿਹਾ ਕੋਈ ਵਿਚਾਰ ਨਹੀਂ ਰੱਖਦਾ ਸੀ।



ਉਨ੍ਹਾਂ ਨੂੰ ਸ਼ੱਕ ਹੈ ਕਿ ਉਨ੍ਹਾਂ ਦੇ ਬੇਟੇ ਨੂੰ ਤੰਗ-ਪਰੇਸ਼ਾਨ ਕਰ ਕੇ ਮਾਰਿਆ ਗਿਆ ਹੈ, ਜਿਸ ਲਈ ਉਸਦੀ ਪਤਨੀ ਅਤੇ ਸਹੁਰੇ ਵਾਲੇ ਜ਼ਿੰਮੇਵਾਰ ਹਨ। ਉਨ੍ਹਾਂ ਦੱਸਿਆ ਕਿ ਨੌਜਵਾਨ ਦੀ ਮੌਤ ਦੀ ਖ਼ਬਰ ਆਉਣ ਤੋਂ ਪਹਿਲਾਂ ਉਸ ਨੇ ਇਕ ਵੀਡੀਓ ਵੀ ਪੋਸਟ ਕੀਤੀ ਸੀ, ਜਿਸ ਵਿੱਚ ਉਸਨੇ ਆਪਣਾ ਦੁਖ ਬਿਆਨ ਕੀਤਾ ਸੀ।


ਪਰਿਵਾਰ ਵਾਲਿਆਂ ਨੇ ਜਿਥੇ ਹੁਣ ਦੋਹਾਂ ਸਰਕਾਰਾਂ ਤੋਂ ਇਨਸਾਫ਼ ਦੀ ਅਪੀਲ ਕੀਤੀ ਹੈ, ਉੱਥੇ ਹੀ ਸਾਬਕਾ ਕੇਂਦਰੀ ਮੰਤਰੀ ਅਤੇ ਬਠਿੰਡਾ ਤੋਂ ਸਾਂਸਦ ਹਰਸਿਮਰਤ ਕੌਰ ਬਾਦਲ ਅਤੇ ਰਾਜਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਤੋਂ ਵੀ ਮ੍ਰਿਤਕ ਦੇਹ ਵਾਪਸ ਲਿਆਉਣ ਦੀ ਮੰਗ ਕੀਤੀ ਹੈ। ਪਰਿਵਾਰ ਨੇ ਇਸ ਮਾਮਲੇ ਦੀ ਸ਼ਿਕਾਇਤ ਪੰਜਾਬ ਪੁਲਿਸ ਕੋਲ ਵੀ ਦਰਜ ਕਰਵਾਈ ਹੈ ਅਤੇ ਨਿਆਂ ਦੀ ਮੰਗ ਕੀਤੀ ਹੈ।