ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੁਆਰਾ ਸ਼ੁਰੂ ਕੀਤੀ ਗਈ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਹਰਿਆਵਲ ਲਹਿਰ ਤਹਿਤ 10 ਫੀਸਦੀ ਜੰਗਲਾਤ ਖੇਤਰ ਨੂੰ ਫਲਾਂ ਦੇ ਬਾਗਾਂ ਵਿੱਚ ਤਬਦੀਲ ਕੀਤਾ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਾਗਬਾਨੀ ਮੰਤਰੀ ਫੌਜਾ ਸਿੰਘ ਸਰਾਰੀ ਨੇ ਦੱਸਿਆ ਕਿ ਉਨ੍ਹਾਂ ਨੇ ਅਧਿਕਾਰੀਆਂ ਨੂੰ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਕਬਜ਼ਾ ਵਿਰੋਧੀ ਮੁਹਿੰਮ ਤਹਿਤ ਕਬਜ਼ੇ ਤੋਂ ਮੁਕਤ ਕਰਵਾਈਆਂ ਜਾ ਰਹੀਆਂ ਸਰਕਾਰੀ ਜ਼ਮੀਨਾਂ 'ਤੇ ਵੱਧ ਤੋਂ ਵੱਧ ਬੂਟੇ ਲਗਾਉਣ ਦੇ ਨਿਰਦੇਸ਼ ਦਿੱਤੇ ਹਨ।


ਉਨ੍ਹਾਂ ਕਿਹਾ, “ਫਲਦਾਰ ਰੁੱਖ ਲਗਾਉਣ ਨਾਲ ਨਾ ਸਿਰਫ਼ ਸੂਬੇ ਵਿੱਚ ਹਰਿਆਲੀ ਵਧਾਉਣ ਵਿੱਚ ਮਦਦ ਮਿਲੇਗੀ ਸਗੋਂ ਇਹ ਸੂਬੇ ਵਿੱਚ ਮਧੂ-ਮੱਖੀ ਲਈ ਬਨਸਪਤੀ ਖੇਤਰ ਨੂੰ ਵਧਾਉਣ ਦੇ ਨਾਲ-ਨਾਲ ਲੋਕਾਂ ਲਈ ਪੌਸ਼ਟਿਕ ਸੁਰੱਖਿਆ ਵੀ ਯਕੀਨੀ ਬਣਾਏਗਾ। ਬਾਗਬਾਨੀ ਮੰਤਰੀ ਫੌਜਾ ਸਿੰਘ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਮਧੂ ਮੱਖੀ ਪਾਲਕਾਂ ਨੂੰ ਮਧੂ ਮੱਖੀ ਲਈ ਬਨਸਪਤੀ ਦੀ ਭਾਲ ਵਿੱਚ ਹਿਮਾਚਲ ਪ੍ਰਦੇਸ਼, ਉੱਤਰਾਖੰਡ, ਰਾਜਸਥਾਨ ਵਰਗੇ ਹੋਰ ਰਾਜਾਂ ਵੱਲ ਦੇਖਣਾ ਪੈਂਦਾ ਹੈ।


ਉਨ੍ਹਾਂ ਕਿਹਾ ਕਿ  ਇੱਕ ਵਾਰ ਜਦੋਂ ਅਸੀਂ ਸੂਬੇ ਭਰ ਵਿੱਚ ਮਧੂ-ਮੱਖੀਆਂ ਲਈ ਢੁੱਕਵਾਂ ਬਨਸਪਤੀ ਖੇਤਰ ਤਿਆਰ ਕਰ ਲਵਾਂਗੇ ਤਾਂ ਮਧੂ ਮੱਖੀ ਪਾਲਕਾਂ ਨੂੰ ਇਸ ਸਬੰਧੀ ਆਪਣੇ ਸ਼ਹਿਰ ਤੋਂ ਵੀ ਬਾਹਰ ਜਾਣ ਦੀ ਲੋੜ ਨਹੀਂ ਪਵੇਗੀ। ਉਨ੍ਹਾਂ ਅੱਗੇ ਕਿਹਾ ਕਿ ਇਸ ਸਮੇਂ ਸੂਬੇ ਵਿੱਚ ਮਧੂ-ਮੱਖੀਆਂ ਦੀਆਂ ਚਾਰ ਲੱਖ ਤੋਂ ਵੱਧ ਕਾਲੋਨੀਆਂ ਹਨ।


ਉਨ੍ਹਾਂ ਕਿਹਾ ਕਿ ਜਿੱਥੇ ਇੱਕ ਪਾਸੇ ਅੰਬ, ਬੇਰ, ਸ਼ਹਿਤੂਤ, ਆਂਵਲਾ, ਕਰੌਂਦਾ, ਬੇਲ, ਢੇਊ ਅਤੇ ਜਾਮੁਨ ਵਰਗੇ ਰੁੱਖ ਪੌਸ਼ਟਿਕ ਸੁਰੱਖਿਆ ਨੂੰ ਯਕੀਨੀ ਬਣਾਉਣਗੇ, ਉੱਥੇ ਹੀ ਜਕਰੰਡਾ, ਅਮਲਤਾਸ, ਕੜ੍ਹੀ ਪੱਤਾ, ਸਿਰੀਸ, ਸ਼ੀਸ਼ਮ, ਲੈਗਰਸਟ੍ਰੋਮੀਆ, ਨਿੰਮ, ਅਰਜੁਨ, ਕੈਸੀਆ ਅਤੇ ਸੋਹੰਜਨਾ ਸਮੇਤ ਹੋਰ ਕਿਸਮਾਂ ਦੇ ਦਰੱਖਤ ਲਗਾਏ ਜਾਣਗੇ ਜੋ ਮਧੂ ਮੱਖੀਆਂ ਲਈ  ਬਨਸਪਤੀ ਖੇਤਰ ਨੂੰ ਵਧਾਉਣ ਵਿੱਚ ਮਦਦ ਕਰਨਗੇ। ਉਨ੍ਹਾਂ ਕਿਹਾ ਕਿ ਇਹ ਪੌਦੇ ਧਰਤੀ ਹੇਠਲੇ ਪਾਣੀ ਨੂੰ ਰੀਚਾਰਜ ਕਰਨ ਦੇ ਨਾਲ ਨਾਲ ਵਿਭਿੰਨਤਾ ਲਿਆਉਣ ਵਿੱਚ ਵੀ ਮਦਦ ਕਰਨਗੇ।


ਮੰਤਰੀ ਨੇ ਬਾਗਬਾਨੀ, ਜੰਗਲਾਤ, ਡਰੇਨਜ਼, ਨਹਿਰਾਂ ਅਤੇ ਪੰਚਾਇਤੀ ਰਾਜ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਇਸ ਸਰਬਪੱਖੀ ਮਾਡਲ ਨੂੰ ਹਕੀਕਤ ਵਿੱਚ ਬਦਲਣ ਲਈ ਮਿਲ ਕੇ ਕੰਮ ਕਰਨ ਦੇ ਨਿਰਦੇਸ਼ ਦਿੱਤੇ।


ਇਸ ਦੌਰਾਨ ਡਾਇਰੈਕਟਰ ਬਾਗਬਾਨੀ ਸ਼ੈਲੇਂਦਰ ਕੌਰ, ਮੁੱਖ ਵਣਪਾਲ ਜੰਗਲਾਤ ਐਨ.ਐਸ.ਰੰਧਾਵਾ, ਚੀਫ਼ ਇੰਜੀਨੀਅਰ ਡਰੇਨਜ਼ ਦਵਿੰਦਰ ਸਿੰਘ ਅਤੇ ਚੀਫ਼ ਇੰਜੀਨੀਅਰ ਨਹਿਰਾਂ ਆਈ.ਡੀ.ਗੋਇਲ ਹਾਜ਼ਰ ਸਨ।