Bathinda News : 20 ਅਪ੍ਰੈਲ ਨੂੰ ਜੰਮੂ-ਕਸ਼ਮੀਰ ਦੇ ਪੁੰਛ ਇਲਾਕੇ ਵਿੱਚ ਹੋਏ ਅੱਤਵਾਦੀ ਹਮਲੇ ਦੌਰਾਨ 5 ਜਵਾਨ ਸ਼ਹੀਦ ਹੋ ਗਏ ਸੀ, ਜਿਨ੍ਹਾਂ ਵਿੱਚੋਂ ਚਾਰ ਜਵਾਨ ਪੰਜਾਬ ਦੇ ਨਾਲ ਸਬੰਧਤ ਸਨ ਅਤੇ ਇਕ ਜਵਾਨ ਉੜੀਸਾ ਦਾ ਸੀ। ਇਹਨਾਂ ਸ਼ਹੀਦ ਜਵਾਨਾਂ ਵਿਚ ਇਕ ਜਵਾਨ ਬਠਿੰਡਾ ਦੇ ਹਲਕਾ ਤਲਵੰਡੀ ਸਾਬੋ ਦੇ ਪਿੰਡ ਬਾਘਾ ਦਾ ਰਹਿਣ ਵਾਲਾ ਸੀ। ਜਿਸ ਦੀ ਮ੍ਰਿਤਕ ਦੇਹ ਅੱਜ ਪਿੰਡ ਪਹੁੰਚੀ ਹੈ। ਇਸ ਮੌਕੇ ਪਿੰਡ ਦਾ ਮਾਹੌਲ ਗਮਗੀਨ ਸੀ ਅਤੇ ਨੌਜਵਾਨਾਂ ਵੱਲੋਂ ਜਿੱਥੇ ਸ਼ਹੀਦ ਸੇਵਕ  ਸਿੰਘ ਜ਼ਿੰਦਾਬਾਦ ਦੇ ਨਾਰੇ ਲਗਾਏ ਜਾ ਰਹੇ ਸਨ, ਉਥੇ ਹੀ ਪਾਕਿਸਤਾਨ ਮੁਰਦਾਬਾਦ ਦੇ ਨਾਅਰੇ ਵੀ ਲਗਾਏ ਜਾ ਰਹੇ ਸਨ। 


 

ਦੋ ਭੈਣਾਂ ਦਾ ਇਕਲੌਤਾ ਭਰਾ ਸ਼ਹੀਦ ਸੇਵਕ ਸਿੰਘ 2018 ਵਿੱਚ ਫ਼ੌਜ ਵਿਚ ਭਰਤੀ ਹੋਇਆ ਸੀ ਅਤੇ ਥੋੜਾ ਸਮਾਂ ਪਹਿਲਾਂ ਹੀ ਉਹ ਹੀ ਛੁੱਟੀ ਕੱਟ ਕੇ ਫੌਜ ਵਿੱਚ ਪਰਤਿਆ ਸੀ। ਸੇਵਕ ਸਿੰਘ ਦੀ ਸ਼ਹੀਦੀ ਦਾ ਪਤਾ ਚਲਦੇ ਹੀ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਸੀ। ਸ਼ਹੀਦ ਸੇਵਕ ਸਿੰਘ ਦੀਆਂ ਦੋਵੇਂ ਭੈਣਾਂ ਗੱਲਬਾਤ ਕਰਦਿਆਂ ਆਪਣੇ ਭਰਾ ਨੂੰ ਵਾਜਾਂ ਮਾਰ ਰਹੀਆਂ ਸਨ। ਫੌਜੀ ਟੁਕੜੀ ਵੱਲੋਂ ਸ਼ਹੀਦ ਸੇਵਕ ਸਿੰਘ ਦੀ ਮ੍ਰਿਤਕ ਦੇਹ ਨੂੰ ਪਹਿਲਾਂ ਉਸਦੇ ਜੱਦੀ ਘਰ ਲੈ ਜਾਇਆ ਗਿਆ ,ਫਿਰ ਫ਼ੌਜੀ  ਟੁਕੜੀ ਵੱਲੋਂ ਸ਼ਮਸ਼ਾਨਘਾਟ ਵਿਚ ਸ਼ਹੀਦ ਸੇਵਕ ਸਿੰਘ ਦੀ ਮ੍ਰਿਤਕ ਦੇਹ ਨੂੰ ਅੰਤਿਮ ਦਰਸ਼ਨਾਂ ਲਈ ਰੱਖਿਆ ਗਿਆ। 

 

ਇਸ ਮੌਕੇ ਜ਼ਿਲ੍ਹੇ ਦੇ ਪ੍ਰਸ਼ਾਸਨਿਕ ਅਧਿਕਾਰੀ ਪਹੁੰਚੇ ਹੋਏ ਸਨ। ਫੌਜ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਸ਼ਹੀਦ ਸੇਵਕ ਸਿੰਘ ਨੂੰ ਸਲਾਮੀ ਦਿੱਤੀ ਗਈ। ਇਸ ਮੌਕੇ ਵਿਰਲਾਪ ਕਰ ਰਹੇ ਸ਼ਹੀਦ ਫੌਜੀ ਸੇਵਕ ਸਿੰਘ ਦੇ ਪਿਤਾ ਨੂੰ ਫੌਜੀ ਅਧਿਕਾਰੀਆਂ ਨੇ ਹੌਂਸਲਾ ਦੇਣ ਦੀ ਕੋਸ਼ਿਸ਼ ਕੀਤੀ ਹੈ। ਸ਼ਹੀਦ ਸੇਵਕ ਸਿੰਘ ਦੀ ਅੰਤਿਮ ਯਾਤਰਾ ਵਿਚ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਤੋਂ ਇਲਾਵਾ ਵੱਖ-ਵੱਖ ਰਾਜਨੀਤਕ ਸਮਾਜਿਕ ਸ਼ਖਸੀਅਤਾਂ ਸ਼ਾਮਲ ਹੋਈਆਂ ਸਨ। 


ਐੱਮਐੱਲਏ ਬਲਜਿੰਦਰ ਕੌਰ ਨੇ ਪਰਿਵਾਰ ਦੀ ਹਰ ਸੰਭਵ ਸਹਾਇਤਾ ਕਰਨ ਦਾ ਵੀ ਭਰੋਸਾ ਦਿੱਤਾ ਹੈ। ਸ਼ਹੀਦ ਸੇਵਕ ਸਿੰਘ ਆਪਣੇ ਪਰਿਵਾਰ ਦਾ ਇਕਲੌਤਾ ਕਮਾਊ ਪੁੱਤ ਵੀ ਸੀ। ਨ੍ਹਾਂ ਕਿਹਾ ਕਿ ਸ਼ਹੀਦ ਦੀ ਯਾਦਗਾਰ ਠੰਡ ਵਿੱਚ ਬਣਾਈ ਜਾਵੇਗੀ। ਇਸ ਤੋਂ ਇਲਾਵਾ ਇੱਕ ਕਰੋੜ ਰੁਪਿਆ ਜੋ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਹੈ ,ਉਹ ਵੀ ਦਿੱਤਾ ਜਾਵੇਗਾ। 

ਸੇਵਕ ਸਿੰਘ ਦੀ ਇਸ ਘਟਨਾ ਵਿੱਚ ਹੋਈ ਸ਼ਹਾਦਤ ਨੂੰ ਲੈ ਕੇ ਸਾਬਕਾ ਫੌਜੀ ਨੇ ਆਪਣਾ ਦਰਦ ਬਿਆਨ ਕਰਦਿਆਂ ਕਿਹਾ ਕਿ ਸਾਡੇ ਦੇਸ਼ ਦੇ ਜਵਾਨ ਲਗਾਤਾਰ ਸ਼ਹੀਦ ਹੋ ਰਹੇ ਹਨ ਅਤੇ ਸ਼ਹੀਦਾਂ ਦੇ ਪਰਿਵਾਰਾਂ ਵੱਲ ਸਰਕਾਰ ਕੋਈ ਧਿਆਨ ਨਹੀਂ ਦੇ ਰਹੀ। ਉਨ੍ਹਾਂ ਦੇ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਣੀ ਚਾਹੀਦੀ ਹੈ। 

ਸਾਬਕਾ ਫ਼ੌਜੀ ਨੇ ਇਸ ਗੱਲ ਨੂੰ ਲੈ ਕੇ ਇਹ ਵੀ ਆਖਿਆ ਕਿ ਜਿਸ ਤਰੀਕੇ ਦੇ ਨਾਲ ਘਟਨਾ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ, ਉਸ ਤਰੀਕੇ ਨਾਲ ਇਹ ਅੱਤਵਾਦੀ ਹਮਲਾ ਨਹੀਂ ਲਗਦਾ ਕਿਉਂਕਿ ਗੋਲਾ ਬਰੂਦ ਵਾਲੇ ਵਾਹਨ ਨੂੰ ਸੁਰੱਖਿਆ ਕਾਫਲੇ ਦੇ ਵਿੱਚ ਰੱਖਿਆ ਜਾਂਦਾ ਹੈ। ਉਸ ਨੂੰ ਅੱਤਵਾਦੀ ਹਮਲੇ ਦੇ ਨਾਲ ਜੋੜਨ ਦੀ ਥਾਂ 'ਤੇ ਪੜਤਾਲ ਹੋਣੀ ਚਾਹੀਦੀ ਹੈ ,ਹੋ ਸਕਦਾ ਹੈ ਕਿ ਇਸਦੇ ਪਿੱਛੇ ਕੋਈ ਹੋਰ ਵਜ੍ਹਾ ਹੋ ਸਕਦੀ ਹੈ।