ਚੰਡੀਗੜ੍ਹ : ਦੇਸ਼ ਨੂੰ ਆਜ਼ਾਦ ਕਰਾਉਣ ਲਈ ਹੱਸ ਕੇ ਫਾਂਸੀ ਦੇ ਰੱਸੇ ਨੂੰ ਚੁੰਮਣ ਵਾਲੇ ਸ਼ਹੀਦ ਭਗਤ ਸਿੰਘ ਦੇ ਕ੍ਰਾਂਤੀਕਾਰੀ ਸਾਥੀ ਸ਼ਹੀਦ ਰਾਜਗੁਰੂ ਦੇ ਬਲੀਦਾਨ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਸ਼ਹੀਦ ਰਾਜਗੁਰੂ ਨੂੰ 23 ਮਾਰਚ, 1931 ਦੀ ਰਾਤ ਨੂੰ ਅੰਗਰੇਜ਼ਾਂ ਨੇ ਫਾਂਸੀ ਦੇ ਦਿੱਤੀ ਸੀ। ਅੱਜ ਸ਼ਹੀਦ ਭਗਤ ਸਿੰਘ ਦੇ ਕ੍ਰਾਂਤੀਕਾਰੀ ਸਾਥੀ ਸ਼ਹੀਦ ਸ਼ਿਵਰਾਮ ਰਾਜਗੁਰੂ ਜੀ ਦਾ ਜਨਮ ਦਿਵਸ ਹੈ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦਿਆਂ ਲਿਖਿਆ, ਸ਼ਹੀਦ ਭਗਤ ਸਿੰਘ ਦੇ ਸਾਥੀ…ਸ਼ਿਵਰਾਮ ਰਾਜਗੁਰੂ ਜੀ…ਜੋ ਅੰਗਰੇਜ਼ਾਂ ਖ਼ਿਲਾਫ਼ ਵਿੱਢੇ ਸੰਘਰਸ਼ ‘ਚ ਹਰ ਕਦਮ ‘ਤੇ ਮੋਹਰੀ ਹੋ ਕੇ ਭਾਰਤ ਦੇ ਸੱਚੇ ਤੇ ਨਿਡਰ ਸਪੂਤ ਬਣੇ, ਅੱਜ ਉਸ ਮਹਾਨ ਦੇਸ਼ ਭਗਤ, ਆਜ਼ਾਦੀ ਘੁਲਾਟੀਏ ਤੇ ਯੋਧੇ ਦੇ ਜਨਮ ਦਿਵਸ ਮੌਕੇ ਸੀਸ ਝੁਕਾ ਪ੍ਰਣਾਮ ਕਰਦਾ ਹਾਂ…ਇਨਕਲਾਬ ਜ਼ਿੰਦਾਬਾਦ…!
ਦੱਸ ਦੇਈਏ ਕਿ ਰਾਜਗੁਰੂ ਦਾ ਪੂਰਾ ਨਾਂ ਸ਼ਿਵਰਾਮ ਹਰੀ ਰਾਜਗੁਰੂ ਸੀ ਅਤੇ ਉਨ੍ਹਾਂ ਦਾ ਜਨਮ 24 ਅਗਸਤ 1908 ਨੂੰ ਮਹਾਰਾਸ਼ਟਰ ਵਿੱਚ ਹੋਇਆ। ਰਾਜਗੁਰੂ ਨੇ ਆਪਣੀ ਜਵਾਨੀ ਭਾਰਤ ਮਾਤਾ ਦੇ ਸਪੁਰਦ ਕਰ ਦਿੱਤੀ ਤੇ ਆਜ਼ਾਦੀ ਸੰਗਰਾਮ ਵਿੱਚ ਕੁੱਦ ਪਿਆ ਸੀ। ਸ਼ਿਵਰਾਮ ਹਰੀ ਰਾਜਗੁਰੂ ਬਹੁਤ ਹੀ ਘੱਟ ਉਮਰ 'ਚ ਵਾਰਾਨਸੀ ਆ ਗਏ ਸਨ, ਜਿੱਥੇ ਉਨ੍ਹਾਂ ਨੇ ਸੰਸਕ੍ਰਿਤ ਅਤੇ ਹਿੰਦੂ ਧਾਰਮਿਕ ਸ਼ਾਸਤਰਾਂ ਦਾ ਅਧਿਐਨ ਕੀਤਾ ਸੀ।
ਵਾਰਾਨਸੀ 'ਚ ਉਹ ਭਾਰਤੀ ਕ੍ਰਾਂਤੀਕਾਰੀਆਂ ਦੇ ਸੰਪਰਕ 'ਚ ਆਏ ਅਤੇ ਰਾਜਗੁਰੂ ਆਜ਼ਾਦੀ ਦੀ ਲੜਾਈ 'ਚ ਯੋਗਦਾਨ ਦੇਣ ਲਈ ਇਸ ਅੰਦੋਲਨ 'ਚ ਸ਼ਾਮਲ ਹੋਏ ਅਤੇ 'ਹਿੰਦੋਸਤਾਨ ਸੋਸ਼ਲਿਸਟ ਰਿਪਬਲਿਕਨ ਆਰਮੀ' ਦੇ ਸਰਗਰਮ ਮੈਂਬਰ ਬਣ ਗਏ। ਰਾਜਗੁਰੂ ਸ਼ਿਵਾਜੀ ਅਤੇ ਉਨ੍ਹਾਂ ਦੀ ਗੁਰੀਲਾ ਯੁੱਧ ਪ੍ਰਣਾਲੀ ਤੋਂ ਕਾਫੀ ਪ੍ਰਭਾਵਿਤ ਸਨ। ਰਾਜਗੁਰੂ ਨੂੰ ਉਨ੍ਹਾਂ ਦੀ ਨਿਡਰਤਾ ਅਤੇ ਸਾਹਸ ਲਈ ਜਾਣਿਆ ਜਾਂਦਾ ਸੀ। ਉਨ੍ਹਾਂ ਨੂੰ ਭਗਤ ਸਿੰਘ ਦੀ ਪਾਰਟੀ ਦੇ ਲੋਕ 'ਗੰਨਮੈਨ' ਦੇ ਨਾਂ ਨਾਲ ਪੁਕਾਰਦੇ ਸਨ।