ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦਾ ਇੱਕ ਵਫ਼ਦ ਪੰਜਾਬ ਦੇ ਮੁੱਖ ਚੋਣ ਅਫ਼ਸਰ ਨੂੰ ਮਿਲਿਆ। ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਖਿਲਾਫ ਸ਼ਿਕਾਇਤ ਕੀਤੀ ਕਿ ਉਹ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕਰ ਰਹੇ ਹਨ। ਵਫ਼ਦ ਨੇ ਇਹ ਵੀ ਸ਼ਿਕਾਇਤ ਕੀਤੀ ਕਿ ਸ਼੍ਰੋਮਣੀ ਅਕਾਲੀ ਦਲ 'ਤੇ ਬਿਨਾਂ ਕਿਸੇ ਸੱਚਾਈ ਦੇ ਝੂਠੇ, ਬੇਤੁਕੇ ਤੇ ਭੈੜੇ ਇਲਜ਼ਾਮ ਲਗਾਏ ਜਾ ਰਹੇ ਹਨ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਪ੍ਰਮੁੱਖ ਸਲਾਹਕਾਰ ਹਰਚਰਨ ਬੈਂਸਲ ਨੇ ਭਗਵੰਤ ਮਾਨ ਨੂੰ ਇਸ ਸਬੰਧੀ ਚਿੱਠੀ ਵੀ ਲਿਖੀ ਹੈ। ਉਨ੍ਹਾਂ ਲਿਖਿਆ ਕਿ....
ਮੇਰੇ ਪਿਆਰੇ ਭਗਵੰਤ ਮਾਨ ਜੀ,
ਕਾਫੀ ਦਿਨਾਂ ਤੋਂ ਅਸੀਂ ਬੇਹੱਦ ਨਿਮਰਤਾ ਸਹਿਤ ਸਵਾਲ ਪੁੱਛਦੇ ਆ ਰਿਹਾ ਹਾਂ ਕਿ ਆਪ ਜੀ ਦੀ ਪਾਰਟੀ ਤੇ ਵਿਸ਼ੇਸ਼ ਕਰਕੇ ਆਪ ਜੀ ਦੇ "ਪਰਮ ਸਤਿਕਾਰਯੋਗ" ਗੈਰ ਪੰਜਾਬੀ ਆਗੂ ਅਰਵਿੰਦ ਕੇਜਰੀਵਾਲ ਇੱਕ ਪਾਸੇ ਤਾਂ ਪੰਜਾਬੀਆਂ ਤੋਂ "ਇੱਕ ਮੌਕਾ, ਬਸ ਇੱਕ ਮੌਕਾ "ਲੈਣ ਲਈ ਹਾੜ੍ਹੇ ਕੱਢ ਰਹੇ ਹਨ, ਪਰ ਦੂਜੇ ਪਾਸੇ ਉਹ ਪੰਜਾਬ, ਪੰਜਾਬੀ ਬੋਲੀ ਤੇ ਖਾਸ ਤੌਰ 'ਤੇ ਹਰ ਸਿੱਖ ਮੁੱਦੇ ਉੱਤੇ ਪੰਜਾਬ, ਪੰਜਾਬੀ ਤੇ ਪੰਜਾਬੀ ਸਭਿਆਚਾਰ ਵਿਰੋਧੀ ਤੇ ਸਿੱਖ ਵਿਰੋਧੀ ਵਤੀਰਾ ਕਿਉਂ ਅਪਣਾਈ ਬੈਠੇ ਹਨ?
ਤੁਸੀਂ ਇਸ ਗੱਲ ਤੇ ਸਹਿਮਤ ਹੋਵੋਗੇ ਕਿ ਆਪ ਜੀ ਦਾ ਅੱਜ ਜੋ ਵੀ, ਜਿੰਨਾ ਵੀ ਵਜੂਦ ਹੈ, ਉਹ ਮਾਂ-ਬੋਲੀ ਤੇ ਪੰਜਾਬੀ ਸਭਿਆਚਾਰ ਕਰਕੇ ਹੀ ਹੈ, ਭਾਵੇਂ ਮੈਨੂੰ ਇਹ ਗੱਲ ਦੁੱਖ ਨਾਲ ਕਹਿਣੀ ਪੈ ਰਹੀ ਹੈ ਕੀ ਤੁਸੀਂ ਉਸ ਸੱਭਿਆਚਾਰ ਦੇ ਕੇਵਲ ਭੰਡਾਂ ਵਾਲੇ ਪੱਖ ਨੂੰ ਹੀ ਪੰਜਾਬ ਸਿਆਸਤ ਦੀ ਪਹਿਚਾਣ ਬਣਾਉਣ ਵਿੱਚ ਮਗਨ ਹੋ/ਉਸ ਪੱਖ ਦਾ ਮੈਂ ਨਿੱਜੀ ਤੌਰ ਤੇ ਸਤਿਕਾਰ ਕਰਦਾ ਹਾਂ ਪਰ ਸਿਆਸਤ ਵਿੱਚ ਸੰਜੀਦਗੀ ਤੇ ਪ੍ਰਪੱਕਤਾ ਦੀ ਜੋ ਲੋੜ ਹੈ, ਉਸ ਨੂੰ ਸਿਰਫ ਲਤੀਫ਼ੇਬਾਜ਼ੀ ਤੱਕ ਮਹਿਦੂਦ ਕਰਕੇ ਤੁਸੀਂ ਪੰਜਾਬ ਦੇ ਜਨਤਕ ਜੀਵਨ ਵਿਚ ਕਿਹੋ ਜਿਹਾ ਇਨਕਲਾਬ ਲਿਆਉਣ ਦੀ ਕੋਸ਼ਿਸ਼ ਕਰ ਰਹੇ ਉਸ ਬਾਰੇ ਗੱਲ ਕੀਤੀ ਜਾਣੀ ਬਣਦੀ ਹੈ/ਫਿਰ ਵੀ, ਮੈਂ ਇਹ ਖੁੱਲ੍ਹੀ ਚਿੱਠੀ ਉਸ ਗੱਲ ਤੋਂ ਹਟ ਕੇ ਕੁਝ ਹੋਰ ਸੰਵੇਦਨਸ਼ੀਲ ਮੁੱਦਿਆਂ ਬਾਰੇ ਲਿਖ ਰਿਹਾ ਹਾਂ ਜਿਹਨਾਂ ਬਾਰੇ ਮੇਰੇ ਵੱਲੋਂ ਕਈ ਵਾਰ ਤੁਹਾਨੂੰ ਜਨਤਕ ਤੌਰ ਤੇ ਪੁੱਛੇ ਗਏ ਸਵਾਲਾਂ ਬਾਰੇ ਤੁਸੀਂ ਮੀਸਣੀ ਚੁੱਪੀ ਧਾਰੀ ਹੋਈ ਹੈ/ਇਨ੍ਹਾਂ ਸਵਾਲਾਂ ਦਾ ਸਬੰਧ ਪੰਜਾਬੀਆਂ ਦੀਆਂ ਭਾਵਨਾਵਾਂ ਨਾਲ ਤਾਂ ਹੈ ਹੀ ਪਰ ਇਸ ਦੇ ਨਾਲ ਨਾਲ ਇਸ ਦਾ ਤਾਅਲੁਕ ਸਿੱਖ ਜਜ਼ਬਾਤ ਨਾਲ ਵੀ ਹੈ।
ਮੈਂ ਆਪਣੇ ਉਹ ਸਵਾਲ ਦੁਹਰਾ ਰਿਹਾ ਹਾਂ ਜਿਨ੍ਹਾਂ ਦਾ ਜਵਾਬ ਦੇਣ ਤੋਂ ਤੁਸੀਂ ਲਗਾਤਾਰ ਇਨਕਾਰੀ ਹੋ ਤੇ ਜਿਨ੍ਹਾਂ ਦਾ ਸਾਹਮਣਾ ਕਰਨ ਦੀ ਬਜਾਏ ਤੁਸੀਂ ਆਪਣਾ ਸਿਰ ਰੇਤ ਵਿੱਚ ਛੁਪਾ ਰਹੇ ਹੋ/ਉਹ ਸਵਾਲ ਇਹ ਹਨ:
1. ਕੀ ਇਹ ਸੱਚ ਨਹੀਂ ਹੈ ਕਿ ਪੰਜਾਬੀਆਂ ਤੋਂ ਮੌਕਾ ਮੰਗਣ ਵਾਲੀ ਤੁਹਾਡੀ ਪਾਰਟੀ ਦੇ ਸਿਪਾਹ ਸਲਾਰ ਅਰਵਿੰਦ ਕੇਜਰੀਵਾਲ ਨੇ ਹਰ ਪੰਜਾਬੀ ਅਤੇ ਸਿੱਖੀ ਮੁੱਦੇ ਤੇ ਪੰਜਾਬ ਤੇ ਸਿੱਖਾਂ ਨਾਲ ਧ੍ਰੋਹ ਕਮਾਇਆ ਹੈ ਤੇ ਦਿੱਲੀ ਵਿਚ ਪੰਜਾਬੀਆਂ ਤੇ ਸਿੱਖਾਂ ਲਈ ਸਾਰੇ ਮੌਕੇ ਬੰਦ ਕਰ ਦਿੱਤੇ ਹਨ ?
2. ਦਿੱਲੀ ਸਰਕਾਰ ਵਿਚ ਇੱਕ ਭੀ ਮੰਤਰੀ, ਇੱਕ ਵੀ ਚੇਅਰਮੈਨ, ਡਾਇਰੈਕਟਰ ਜਾਂ ਕੋਈ ਵੀ ਸੀਨੀਅਰ ਅਫਸਰ ਸਿੱਖ ਜਾਂ ਪੰਜਾਬੀ ਮੂਲ ਦਾ ਨਹੀਂ ਜਦਕਿ ਪੰਜਾਬ ਤੋਂ ਬਾਅਦ ਸਭ ਤੋਂ ਵੱਧ ਪੰਜਾਬੀ ਦਿੱਲੀ ਵਿਚ ਰਹਿੰਦੇ ਹਨ। ਪੰਜਾਬੀਆਂ ਤੋਂ ਮੌਕਾ ਮੰਗਣ ਲੱਗਿਆਂ ਤੁਸੀਂ ਕੇਜਰੀਵਾਲ ਤੋਂ ਕਦੇ ਇਹ ਪੁੱਛਿਆ ਹੈ ਕਿ ਉਸ ਨੇ ਦਿੱਲੀ ਵਿੱਚ ਕਿੰਨੇ ਪੰਜਾਬੀਆਂ ਨੂੰ ਮੌਕੇ ਦਿੱਤੇ ਹਨ? ਜੇ ਨਹੀਂ ਪੁੱਛਿਆ ਤਾਂ ਇਸ ਦਾ ਕੀ ਕਾਰਨ ਹੈ?
3. ਕੀ ਇਹ ਸੱਚ ਨਹੀਂ ਕਿ ਦਵਿੰਦਰਪਾਲ ਸਿੰਘ ਭੁੱਲਰ ਹੁਰਾਂ ਦੀ ਰਿਹਾਈ ਬਾਰੇ ਤੁਹਾਡੇ ਗੈਰ ਪੰਜਾਬੀ ਆਗੂ, ਅਰਵਿੰਦ ਕੇਜਰੀਵਾਲ ਤੇ ਉਨ੍ਹਾਂ ਦੇ ਸੂਬੇਦਾਰ ਰਾਘਵ ਚੱਢਾ ਨੇ ਪੰਜਾਬੀਆਂ ਸਾਹਮਣੇ ਪਹਿਲਾਂ ਤਾਂ ਇਹ ਝੂਠ ਬੋਲਿਆ ਕਿ ਇਸ ਕੇਸ ਦਾ ਦਿੱਲੀ ਸਰਕਾਰ ਨਾਲ ਕੋਈ ਸਬੰਧ ਹੀ ਨਹੀਂ ਹੈ? ਤੇ ਇਹ ਝੂਠ ਵਾਰ ਵਾਰ ਤੁਹਾਡੀ ਹਾਜ਼ਰੀ ਵਿਚ ਬੋਲਿਆ ਗਿਆ, ਪਰ ਤੁਸੀਂ ਕਾਇਰਾਨਾ ਤੇ ਮੀਸਣੀ ਚੁੱਪੀ ਧਾਰ ਕਿ ਬੈਠੇ ਰਹੇ/ਕਿਓਂ ?
4. ਬਾਅਦ ਵਿੱਚ ਭੁੱਲਰ ਦੀ ਰਿਹਾਈ ਤੇ ਰੋਕ ਕੇਜਰੀਵਾਲ ਸਰਕਾਰ ਵੱਲੋਂ ਲਾਏ ਜਾਣ ਸਬੰਧੀ ਮੇਰੇ ਵੱਲੋਂ ਲਿਖਤੀ ਸਬੂਤ ਪੇਸ਼ ਕਰਨ ਤੋਂ ਘਬਰਾਹਟ ਵਿਚ ਆਕੇ ਤੁਹਾਡੇ ਆਗੂ ਕੇਜਰੀਵਾਲ ਤੇ ਸੂਬੇਦਾਰ ਰਾਘਵ ਚੱਢਾ ਇਹ ਤਾਂ ਮੰਨ ਗਏ ਕਿ ਇਹ ਸੱਚ ਹੈ, ਪਰ ਨਾਲ ਹੀ ਇੱਕ ਹੋਰ ਝੂਠ ਦਾਗ ਦਿੱਤਾ ਕਿ ਰਿਹਾਈ ਸਬੰਧੀ ਕਮੇਟੀ ਦੇ ਬਹੁਤੇ ਮੈਂਬਰ ਜੁਡੀਸ਼ਰੀ ਤੋਂ ਹਨ ਜਿਹਨਾਂ ਨੂੰ ਸਰਕਾਰ ਕੁਝ ਨਹੀਂ ਕਹਿ ਸਕਦੀ/ਕੀ ਇਹ ਕੋਰਾ ਝੂਠ ਨਹੀਂ?
5. ਕੀ ਤੁਸੀਂ ਸੱਚਮੁੱਚ ਨਹੀਂ ਜਾਣਦੇ ਕਿ ਜਿਸ ਕਮੇਟੀ ਨੇ ਸਰਦਾਰ ਭੁੱਲਰ ਦੀ ਰਿਹਾਈ ਵਿਰੁੱਧ ਸਿਫਾਰਿਸ਼ ਕਰਕੇ ਇਹ ਰਿਹਾਈ ਰੋਕੀ , ਉਸ ਦੇ ਸੱਤਾਂ ਵਿਚੋਂ ਪੰਜ ਮੈਂਬਰ ਦਿੱਲੀ ਸਰਕਾਰ ਦੇ ਹਨ, ਤੇ ਉਸ ਦਾ ਚੇਅਰਮੈਨ ਕੇਜਰੀਵਾਲ ਦਾ ਗ੍ਰਹਿ ਮੰਤਰੀ ਸਤਿੰਦਰ ਜੈਨ ਹੈ ਤੇ ਮੈਂਬਰ ਸੈਕਟਰੀ ਵੀ ਦਿੱਲੀ ਸਰਕਾਰ ਦਾ ਸੀਨੀਅਰ ਅਫਸਰ ਹੈ? ਜੇ ਤੁਸੀਂ ਜਾਣਦੇ ਹੋ ਤਾਂ ਆਪਣੇ ਹੀ ਸੂਬੇ ਤੇ ਆਪਣੇ ਹੀ ਧਰਮ ਵਿਰੁੱਧ ਕੇਜਰੀਵਾਲ ਦੇ ਝੂਠ ਵਿੱਚ ਤੁਸੀਂ ਉਸ ਦੇ ਸਾਥੀ ਕਿਓਂ ਬਣੇ ?
6. ਕੀ ਇਹ ਭੀ ਸੱਚ ਨਹੀਂ ਹੈ ਕੀ ਕੇਜਰੀਵਾਲ ਨੇ ਦਿੱਲੀ ਬੋਰਡ ਦੇ ਸਕੂਲਾਂ ਵਿੱਚ ਬੱਚਿਆਂ ਵਾਸਤੇ ਤੁਹਾਡੀ ਮਾਂ ਬੋਲੀ, ਪੰਜਾਬੀ ਦੀ ਪੜ੍ਹਾਈ ਉੱਤੇ ਪਬੰਦੀ ਲੈ ਦਿੱਤੀ ਹੈ/ਇਸ ਬੋਲੀ ਨੇ ਹੀ ਤੁਹਾਨੂੰ ਭਗਵੰਤ ਮਾਨ ਬਣਾਇਆ, ਪਰ ਤੁਸੀ ਆਪਣੀ ਮਾਂ ਬੋਲੀ ਨਾਲ ਹੋਏ ਇਸ ਅੱਤਿਆਚਾਰ ਉੱਤੇ ਵੀ ਕਾਇਰਾਂ ਵਾਲੀ ਚੁੱਪੀ ਧਾਰੀ ਬੈਠੇ ਹੋ ?
7. ਕੀ ਇਹ ਸੱਚ ਨਹੀਂ ਕੀ ਦਿੱਲੀ ਵਿਚ ਕੇਜਰੀਵਾਲ ਨੇ ਇਕ ਗੈਰ ਪੰਜਾਬੀ ਰਜਿੰਦਰ ਕੁਮਾਰ ਨੂੰ ਪੰਜਾਬੀ ਅਕੈਡਮੀ ਦਾ ਚੇਅਰਮੈਨ ਥਾਪਿਆ ਹੈ ਜਿਸ ਨੂੰ ਨਾ ਪੰਜਾਬੀ ਬੋਲਣੀ ਆਓਂਦੀ ਹੈ, ਨਾ ਲਿਖਣੀ ਤੇ ਨਾ ਹੀ ਪੜ੍ਹਨੀ? ਤੁਸੀਂ ਇਸ ਤੇ ਭੀ ਚੁੱਪ ਕਿਓਂ ਬੈਠੇ ਹੋ ?
8. ਕੀ ਦਸਮੇਸ਼ ਪਿਤਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਅਸ਼ੀਰਵਾਦ ਪ੍ਰਾਪਤ ਮਾਰਸ਼ਲ ਖੇਡਾਂ , ਜਿਹਨਾਂ ਵਿਚ ਗਤਕਾ ਭੀ ਸ਼ਾਮਿਲ ਹੈ, ਨੂੰ ਦਿੱਲੀ ਸਰਕਾਰ ਲਗਾਤਾਰ ਖੇਡ ਕੋਟੇ ਲਈ ਸ਼ਾਮਿਲ ਕਰਨ ਤੋਂ ਇਨਕਾਰ ਨਹੀਂ ਕਰ ਰਹੀ? ਕਿਓਂ ਕਰ ਰਹੀ ਹੈ ਜਦ ਕੀ ਇਸ ਤੇ ਤਾਂ ਇੱਕ ਨਵਾਂ ਪੈਸਾ ਭੀ ਖਰਚ ਨਹੀਂ ਹੁੰਦਾ? ਸਿਰਫ ਮਾਨਤਾ ਦੇਣ ਲਈ ਹੁਕਮ ਜਾਰੀ ਕਰਨੇ ਹਨ/ਕੀ ਇਨ੍ਹਾਂ ਖੇਡਾਂ ਦੇ ਨੁਮਾਇੰਦੇ ਤੁਹਾਨੂੰ ਮਿਲ ਕਿ ਵਾਰ ਵਾਰ ਬੇਨਤੀ ਨਹੀਂ ਕਰ ਚੁੱਕੇ? ਤੇ ਤੁਸੀਂ ਆਖਿਰ ਵਿਚ ਉਹਨਾਂ ਨੂੰ ਮਿਲਣ ਤੋਂ ਹੀ ਇਹ ਕਹਿ ਕੀ ਇਨਕਾਰ ਨਹੀਂ ਕਰ ਦਿੱਤਾ ਕੀ "ਯਾਰ ਇਸ ਤਰ੍ਹਾਂ ਦੀਆਂ ਗੱਲਾਂ ਨਾ ਕਰਿਆ ਕਰੋ "/ ਦਸਮੇਸ਼ ਪਿਤਾ ਨਾਲ ਸਬੰਧਿਤ ਸਭਿਆਚਾਰ ਦੀ ਗੱਲ ਨੂੰ ਤੁਸੀਂ "ਇਸ ਤਰਾਂ ਦੀਆਂ ਗੱਲਾਂ ਨਾ ਕਰਿਆ ਕਰੋ " ਕਹਿਕੇ ਤੁਸੀਂ ਮਹਾਨ ਗੁਰੂ ਸਾਹਿਬ ਦਾ ਕਿੰਨਾ ਕੁ ਸਤਿਕਾਰ ਕੀਤਾ ਹੈ ?
8. ਕੀ ਇਹ ਭੀ ਸੱਚ ਨਹੀਂ ਕਿ ਤੁਹਾਨੂੰ ਆਪਣੀ ਪਾਰਟੀ ਦਾ ਮੁੱਖ ਮੰਤਰੀ ਵੱਜੋਂ ਚੇਹਰਾ ਐਲਾਨਣ ਦੇ ਬਾਵਜੂਦ ਕੇਜਰੀਵਾਲ ਤੁਹਾਨੂੰ ਅੱਗੇ ਕਰਨ ਦੀ ਬਜਾਏ ਰਾਘਵ ਚੱਢਾ ਨੂੰ ਮੂਹਰੇ ਕਰ ਰਿਹਾ ਹੈ ਜਿਸ ਨੂੰ ਪੰਜਾਬੀ ਭੀ ਬੋਲਣੀ ਨਹੀਂ ਆਓਂਦੀ/ ਤੁਹਾਡੀ ਰਾਏ ਵਿਚ ਦਸ ਸਾਲ ਤੋਂ ਪੰਜਾਬੀਆਂ ਤੋਂ ਮੌਕਾ ਮੰਗਣ ਵਾਲੇ ਕੇਜਰੀਵਾਲ ਤੇ ਰਾਘਵ ਚੱਢਾ ਨੂੰ ਹੁਣ ਤੱਕ ਪੰਜਾਬੀ ਬੋਲਣੀ ਸਿੱਖਣ ਵਿਚ ਕੋਈ ਭਾਰੀ ਦਿੱਕਤ ਸੀ? ਜੇ ਨਹੀਂ ਤਾ ਪੰਜਾਬ ਵਿਚ ਭੀ ਪੰਜਾਬੀ ਬੋਲਣ ਤੋਂ ਇਨਕਾਰ ਕਿਓਂ ?
9. ਕੀ ਤੁਹਾਡੀ ਪਾਰਟੀ ਕੋਲ ਪੰਜਾਬੀ ਬੋਲਣ ਵਾਲਾ ਕੋਈ ਬੁਲਾਰਾ ਨਹੀਂ ਹੈ ਜੋ ਰਾਘਵ ਚੱਢਾ ਵਰਗੇ ਗੈਰ ਪੰਜਾਬੀ ਤੇ ਪੰਜਾਬੀ ਨਾ ਬੋਲ ਸਕਣ ਵਾਲੇ ਨੂੰ ਮੂਹਰੇ ਕੀਤਾ ਹੋਇਆ ਹੈ ?
10. ਕੀ ਤੁਸੀਂ ਕੇਜਰੀਵਾਲ ਨੂੰ ਕਦੇ ਇਹ ਸਵਾਲ ਕੀਤਾ ਹੈ ਕੀ ਦਿੱਲੀ ਦੇ ਪ੍ਰਦੂਸ਼ਣ ਦਾ ਇਲਜ਼ਾਮ ਉਹ ਪੰਜਾਬ ਦੇ ਕਿਸਾਨਾਂ ਸਿਰ ਕਿਓਂ ਮੜ੍ਹਦਾ ਹੈ ਤੇ ਉਸ ਨੇ ਸੁਪਰੀਮ ਕੋਰਟ ਵਿਚ ਜਾ ਕੇ ਹਰ ਪੰਜਾਬੀ ਕਿਸਾਨ ਨੂੰ ਇੱਕ ਕਰੋੜ ਰੁਪਏ ਦਾ ਜੁਰਮਾਨਾ ਲਾਉਣ ਦਾ ਕੇਸ ਕਿਓਂ ਠੋਕਿਆ ਸੀ ? ਕੀ ਤੁਸੀਂ ਪੰਜਾਬ ਦੇ ਕਿਸਾਨਾਂ ਵਿਰੁੱਧ ਕੇਜਰੀਵਾਲ ਦੇ ਸਟੈਂਡ ਦੀ ਹਿਮਾਇਤ ਕਰਦੇ ਹੋ ? ਜੇ ਨਹੀਂ ਤਾਂ ਬੋਲਦੇ ਕਿਓਂ ਨਹੀਂ ?
11. ਸਤਲੁਜ ਯਮਨਾ ਲਿੰਕ ਨਹਿਰ ਤੇ ਪੰਜਾਬ ਦੇ ਦਰਿਆਈ ਪਾਣੀਆਂ ਸਮੇਤ ਹੋਰ ਪੰਜਾਬੀ ਹੱਕਾਂ ਉਤੇ ਕੇਜਰੀਵਾਲ ਨੂੰ ਦਿੱਲੀ ਅਤੇ ਹਰਿਆਣੇ ਦੇ ਹੱਕ ਵਿਚ ਭੁਗਤਦਾ ਦੇਖਕੇ ਭੀ ਤੁਸੀਂ ਚੁੱਪੀ ਧਾਰੀ ਹੋਈ ਹੈ। ਕੀ ਇਸ ਵਿਚ ਤੁਹਾਨੂੰ ਆਪਣੇ ਸੂਬੇ ਨਾਲ ਗੱਦਾਰੀ ਨਹੀਂ ਲੱਗ ਰਹੀ ?
ਮੇਰਾ ਸਵਾਲ ਹੈ ਕਿ ਕੀ ਪੰਜਾਬ ਤੇ ਪੰਜਾਬੀਆਂ ਦੇ ਹੱਕਾਂ ਤੇ ਡਾਕਾ ਮਾਰਨ ਅਤੇ ਪੰਜਾਬੀ ਤੇ ਸਿੱਖੀ ਸਭਿਆਚਾਰ ਨੂੰ ਦਿੱਲੀ ਵਿਚੋਂ ਖਤਮ ਕਾਰਨ ਵਾਲੀ ਪਾਰਟੀ ਨੂੰ ਪੰਜਾਬੀਆਂ ਤੋਂ ਇਕ ਮੌਕਾ ਮੰਗਣ ਦਾ ਕੋਈ ਭੀ ਨੈਤਿਕ ਹੱਕ ਹੈ? ਤੇ ਇਹ ਭੀ ਕਿ ਜਿਸ ਪੰਜਾਬੀ ਗੈਰਤ ਦੀ ਤੁਸੀਂ ਗੱਲ ਕਰਦੇ ਹੋ, ਉਹ ਤੁਹਾਡੇ ਆਪਣੇ ਹੀ ਸੂਬੇ ਤੇ ਤੁਹਾਡੇ ਆਪਣੇ ਹੀ ਧਰਮ ਨਾਲ ਸਬੰਧਿਤ ਮੁੱਦਿਆਂ ਉੱਤੇ ਬੋਲਣ ਸਮੇਂ ਕਿਥੇ ਮਰ ਜਾਂਦੀ ਹੈ ?
ਮੈਨੂੰ ਪੂਰਾ ਵਿਸ਼ਵਾਸ ਹੈ ਕੀ ਇੱਕ ਗੈਰਤਮੰਦ ਪੰਜਾਬੀ ਵੱਜੋਂ, ਤੁਸੀਂ ਇਹਨਾਂ ਸਵਾਲਾਂ ਨੂੰ ਕੇਵਲ ਤੇ ਕੇਵਲ ਵਿਚਾਰਧਾਰਿਕ ਪ੍ਰਸ਼ਨ ਸਮਝ ਕੇ ਇਹਨਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਕਰੋਗੇ ਅਤੇ ਇਹਨਾਂ ਸਵਾਲਾਂ ਤੋਂ ਬਚਣ ਲਈ ਜਵਾਬੀ ਇਲਜ਼ਾਮ-ਤਰਾਸ਼ੀ ਵਰਗੇ ਹੋਰ ਝੂਠ ਦਾ ਸਹਾਰਾ ਨਹੀਂ ਲਾਓਗੇ / ਬਤੌਰ ਇੱਕ ਪੰਜਾਬੀ ਤੇ ਪੰਜਾਬੀ ਦੇ ਕਲਾਕਾਰ ਤੁਹਾਡੇ ਪ੍ਰਤੀ ਮੇਰਾ ਸਤਿਕਾਰ ਹਮੇਸ਼ਾ ਬਣਿਆ ਰਹੇਗਾ / ਪਰ ਮੈਂ ਇਹ ਆਸ ਭੀ ਕਰਦਾ ਹਾਂ ਕੀ ਤੁਸੀਂ ਸਿਰਫ ਪਾਰਟੀ ਅੰਦਰ ਔਹਦਿਆਂ ਦੀ ਭੁੱਖ ਤੇ ਲਾਲਸਾ ਹੇਠ ਉਹਨਾਂ ਲੋਕਾਂ ਦਾ ਮੋਹਰਾ ਨਹੀਂ ਬਣੋਗੇ ਜੋ ਪੰਜਾਬੀ ਤੇ ਸਿੱਖੀ ਨੂੰ ਨਫਰਤ ਕਰਦੇ ਹਨ ਜਿਸ ਦੇ ਸਬੂਤ ਮੈਂ ਉੱਪਰ ਦਿੱਤੇ ਹਨ / ਕਮ ਸੇ ਕਮ ਤੁਸੀਂ ਇਹਨਾਂ ਮੁੱਦਿਆਂ ਤੇ ਆਪਣਾ ਸਟੈਂਡ ਤਾ ਸਪਸ਼ਟ ਕਰ ਹੀ ਸਕਦੇ ਹੋ / ਤੁਹਾਨੂੰ ਤਾਂ ਯਾਦ ਹੋਏਗਾ ਕਿ ਅੰਗਰੇਜ਼ਾਂ ਨੇ ਭੀ ਇਸੇ ਤਰਾਂ ਸਾਡੇ ਹੀ ਬੰਦਿਆਂ ਨੂੰ ਮੋਹਰਾ ਬਣਾ ਕੇ ਸਾਨੂੰ ਸਦੀਆਂ ਤੱਕ ਗ਼ੁਲਾਮ ਰੱਖਿਆ ਸੀ / ਤੁਸੀਂ ਇਸ ਪਾਪ ਦੇ ਭਾਗੀ ਕਿਓਂ ਬਣੋਗੇ ?
ਤੁਸੀਂ ਚਾਹੋ ਤਾਂ ਮੈਂ ਇਹਨਾਂ ਮੁੱਦਿਆਂ ਤੇ ਤੁਹਾਡੇ ਨਾਲ ਕਿਤੇ ਭੀ "ਲਾਈਵ " ਬਹਿਸ ਲਈ ਤਿਆਰ ਹਾਂ
ਨਿੱਘੇ ਨਿੱਜੀ ਪਿਆਰ ਤੇ ਸਤਿਕਾਰ ਸਹਿਤ,
ਹਰਚਰਨ ਬੈਂਸ
'ਆਪ' ਖਿਲਾਫ ਸ਼ਿਕਾਇਤ ਲੈ ਮੁੱਖ ਚੋਣ ਅਫ਼ਸਰ ਕੋਲ ਪਹੁੰਚਿਆ ਸ਼੍ਰੋਮਣੀ ਅਕਾਲੀ ਦਲ
abp sanjha
Updated at:
08 Feb 2022 05:30 PM (IST)
ਵਫ਼ਦ ਨੇ ਇਹ ਵੀ ਸ਼ਿਕਾਇਤ ਕੀਤੀ ਕਿ ਸ਼੍ਰੋਮਣੀ ਅਕਾਲੀ ਦਲ 'ਤੇ ਬਿਨਾਂ ਕਿਸੇ ਸੱਚਾਈ ਦੇ ਝੂਠੇ, ਬੇਤੁਕੇ ਤੇ ਭੈੜੇ ਇਲਜ਼ਾਮ ਲਗਾਏ ਜਾ ਰਹੇ ਹਨ।
shiromani_akali_dal
NEXT
PREV
Published at:
08 Feb 2022 05:30 PM (IST)
- - - - - - - - - Advertisement - - - - - - - - -