Dera Baba Nanak By Election: ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ ਦੀਆਂ ਜ਼ਿਮਨੀ ਚੋਣਾਂ ਦੇ ਪ੍ਰਚਾਰ ਦਾ ਅੱਜ ਆਖਰੀ ਦਿਨ ਹੈ। ਵਿਧਾਨ ਸਭਾ ਹਲਕਿਆਂ ਬਰਨਾਲਾ, ਗਿੱਦੜਬਾਹਾ, ਡੇਰਾ ਬਾਬਾ ਨਾਨਕ ਤੇ ਚੱਬੇਵਾਲ ’ਚ 20 ਨਵੰਬਰ ਨੂੰ ਵੋਟਾਂ ਪੈਣਗੀਆਂ। ਲੋਕ ਸਭਾ ਚੋਣਾਂ ਵਿੱਚ ਚੰਗਾ ਪ੍ਰਦਰਸ਼ਨ ਨਾ ਰਹਿਣ ਕਰਕੇ ਸੱਤਾਧਿਰ ਆਮ ਆਦਮੀ ਪਾਰਟੀ ਲਈ ਮੌਜੂਦਾ ਸੀਟਾਂ ਬੇਹੱਦ ਵੱਕਾਰੀ ਹਨ ਪਰ ਡੇਰਾ ਬਾਬਾ ਨਾਨਕ ਹਲਕੇ ਵਿੱਚ ਪਾਰਟੀ ਨੂੰ ਵੱਡਾ ਹੁਲਾਰਾ ਮਿਲਿਆ ਹੈ।


ਦਰਅਸਲ ਸ਼੍ਰੋਮਣੀ ਅਕਾਲੀ ਦਲ ਦੇ ਲੰਗਾਹ ਧੜੇ ਨੇ ਹਲਕਾ ਡੇਰਾ ਬਾਬਾ ਨਾਨਕ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਦੀਪ ਸਿੰਘ ਰੰਧਾਵਾ ਨੂੰ ਹਮਾਇਤ ਦੇ ਦਿੱਤੀ ਹੈ। ਅਕਾਲੀ ਆਗੂ ਜਥੇਦਾਰ ਸੁੱਚਾ ਸਿੰਘ ਲੰਗਾਹ ਦੀ ਅਗਵਾਈ ਹੇਠ 6 ਨਵੰਬਰ ਨੂੰ ਗੁਰਦੁਆਰਾ ਦਰਬਾਰ ਸਾਹਿਬ ਵਿੱਚ ਡੇਰਾ ਬਾਬਾ ਨਾਨਕ ਹਲਕੇ ਦੇ ਆਗੂਆਂ ਤੇ ਸਮਰਥਕਾਂ ਦੀ ਅਹਿਮ ਮੀਟਿੰਗ ਹੋਈ ਸੀ, ਜਿਸ ’ਚ ਫ਼ੈਸਲਾ ਕੀਤਾ ਗਿਆ ਸੀ 31 ਮੈਂਬਰੀ ਟੀਮ ਹਲਕੇ ’ਚ ਸਰਵੇਖਣ ਕਰੇਗੀ ਕਿ ਅਕਾਲੀ ਦਲ ਵੱਲੋਂ ਕਿਹੜੇ ਉਮੀਦਵਾਰ ਨੂੰ ਹਮਾਇਤ ਦਿੱਤੀ ਜਾਵੇ।


ਹਲਕੇ ਦੇ ਅਕਾਲੀ ਆਗੂ ਸੁਖਜਿੰਦਰ ਸਿੰਘ ਸੋਨੂੰ ਲੰਗਾਹ ਨੇ ਦੱਸਿਆ ਕਿ ਲੰਘੇ ਪੌਣੇ ਤਿੰਨ ਸਾਲਾਂ ਤੋਂ ਹਲਕੇ ਅੰਦਰ ‘ਆਪ’ ਉਮੀਦਵਾਰ ਗੁਰਦੀਪ ਰੰਧਾਵਾ ਦੀ ਕਾਰਗੁਜ਼ਾਰੀ ਦਾ ਲੇਖਾ-ਜੋਖਾ ਵੀ ਕੀਤਾ ਗਿਆ, ਜਿਸ ’ਚ ਇਹ ਗੱਲ ਸਾਹਮਣੇ ਆਈ ਕਿ ‘ਆਪ’ ਉਮੀਦਵਾਰ ਵੱਲੋਂ ਕਿਸੇ ਅਕਾਲੀ ਆਗੂ ਜਾਂ ਸਮਰਥਕ ’ਤੇ ਕੋਈ ਕੇਸ ਦਰਜ ਨਹੀਂ ਕਰਵਾਇਆ ਗਿਆ। 


ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ 31 ਮੈਂਬਰੀ ਟੀਮ ਦੇ ਆਗੂ ਰਾਜਿੰਦਰ ਸਿੰਘ ਵੈਰੋਕੇ ਨੇ ਦੱਸਿਆ ਕਿ 6 ਨਵੰਬਰ ਤੋਂ ਟੀਮ ਵੱਲੋਂ ਲਗਾਤਾਰ ਹਲਕੇ ਦੇ ਪਿੰਡਾਂ ਤੇ ਕਸਬਿਆਂ ’ਚ ਲੋਕਾਂ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਇਸੇ ਦੌਰਾਨ ਇਹ ਗੱਲ ਉੱਭਰ ਕੇ ਸਾਹਮਣੇ ਆਈ ਕਿ ਇਸ ਵਾਰ ਜ਼ਿਮਨੀ ਚੋਣ ’ਚ ‘ਆਪ’ ਉਮੀਦਵਾਰ ਦੀ ਰਾਜਸੀ ਮਦਦ ਕੀਤੀ ਜਾਵੇ। ਟੀਮ ਆਗੂ ਨੇ ਸਪੱਸ਼ਟ ਕੀਤਾ ਕਿ ਭਾਵੇਂ ਪੰਜਾਬ ਸਰਕਾਰ ਵੱਲੋਂ ਮੰਡੀਆਂ ’ਚ ਕਿਸਾਨਾਂ ਦੀ ਖੱਜਲ-ਖੁਆਰੀ ਕੀਤੀ ਗਈ, ਪਰ ਉਹ ਕਾਂਗਰਸ ਨੂੰ ਹਮਾਇਤ ਨਹੀਂ ਦੇ ਸਕਦੇ। 


ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਤੋਂ ਭਾਜਪਾ ’ਚ ਗਏ ਰਵੀਕਰਨ ਸਿੰਘ ਕਾਹਲੋਂ ਦੇ ਸ਼ਬਦੀ ਹਮਲੇ ਤੋਂ ਬਚਦਿਆਂ ਵੈਰੋਕੇ ਨੇ ਦੱਸਿਆ ਕਿ ਭਾਜਪਾ ਵੱਲੋਂ ਹਰਿਆਣਾ ਤੇ ਪੰਜਾਬ ’ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਹੋਰ ਧਾਰਮਿਕ ਮਾਮਲਿਆਂ ’ਚ ਦਖ਼ਲ-ਅੰਦਾਜ਼ੀ ਕਾਰਨ ਉਹ ਭਾਜਪਾ ਨੂੰ ਰਾਜਸੀ ਹਮਾਇਤ ਨਹੀਂ ਦੇ ਸਕਦੇ। ਜ਼ਿਕਰਯੋਗ ਹੈ ਕਿ ਸਾਲ 2022 ’ਚ ਅਕਾਲੀ ਦਲ ਵੱਲੋਂ ਚੋਣ ਲੜਦਿਆਂ ਰਵੀਕਰਨ ਸਿੰਘ ਕਾਹਲੋਂ ਨੇ ਕਾਂਗਰਸ ਦੇ ਸੁਖਜਿੰਦਰ ਰੰਧਾਵਾ ਨੂੰ ਟੱਕਰ ਦਿੱਤੀ ਸੀ ਤੇ ਮਹਿਜ਼ 466 ਵੋਟਾਂ ਦੇ ਫ਼ਰਕ ਨਾਲ ਚੋਣ ਹਾਰ ਗਏ। ਲੋਕ ਸਭਾ ਚੋਣਾਂ ਵਿੱਚ ਉਹ ਭਾਜਪਾ ’ਚ ਸ਼ਾਮਲ ਹੋ ਗਏ ਸਨ।