ਚੰਡੀਗੜ੍ਹ: ਪੰਜਾਬ ਵਿੱਚ ਝੂਠੇ ਵਾਅਦੇ ਕਰਕੇ ਸੱਤਾ ਵਿੱਚ ਆਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ `ਤੇ ਵਰ੍ਹੇਂਦਿਆਂ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਇਸਤਰੀ ਵਿੰਗ ਦੇ ਸਰਪ੍ਰਸਤ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਬੀਬੀ ਪਰਮਜੀਤ ਕੌਰ ਗੁਲਸ਼ਨ ਅਤੇ ਪਾਰਟੀ ਦੇ ਇਸਤਰੀ ਵਿੰਗ ਦੇ ਪ੍ਰਧਾਨ ਬੀਬੀ ਹਰਜੀਤ ਕੌਰ ਤਲਵੰਡੀ ਨੇ ਮਾਨ ਸਰਕਾਰ ਨੂੰ ਇਕ ਮਹੀਨੇ ਦਾ ਐਂਲਟੀਮੇਟਮ ਦਿੰਦਿਆਂ ਕਿਹਾ ਕਿ ਜੇਕਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਚੋਣਾਂ ਦੌਰਾਨ ਪੰਜਾਬ ਦੀ ਹਰੇਕ ਔਰਤ ਨੂੰ ਇੱਕ ਹਜ਼ਾਰ ਰੁਪਏ ਮਹੀਨਾ ਦੇਣ ਦਾ ਵਾਅਦਾ ਪੂਰਾ ਨਹੀਂ ਕੀਤਾ ਤਾਂ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦਾ ਇਸਤਰੀ ਵਿੰਗ ਆਮ ਆਦਮੀ ਪਾਰਟੀ ਦੇ ਸਾਰੇ ਵਿਧਾਇਕਾਂ ਦਾ ਘਿਰਾਓ ਕਰੇਗਾ।


ਪਰਮਜੀਤ ਕੌਰ ਗੁਲਸ਼ਨ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੂੰ ਸੱਤਾ ਵਿੱਚ ਆਏ ਛੇ ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆਂ ਹੈ ਪ੍ਰੰਤੂ ਹਾਲੇ ਤੱਕ ਚੋਣਾਂ ਦੌਰਾਨ ਪੰਜਾਬ ਦੇ ਲੋਕਾਂ ਨਾਲ ਕੀਤਾ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਦੀ 18 ਸਾਲ ਤੋਂ ਉੱਪਰ ਹਰੇਕ ਮਹਿਲਾ ਨੂੰ ਇੱਕ ਹਜ਼ਾਰ ਰੁਪਏ ਮਹੀਨਾ ਦੇਣ ਦਾ ਵਾਅਦਾ ਕੀਤਾ ਸੀ।


ਜਿਸ ਨੂੰ ਪੂਰਾ ਕਰਨ ਲਈ ਹੁਣ ਮਾਨ ਸਰਕਾਰ ਨਾਂਹ-ਨੁਕੱਰ ਕਰ ਰਹੀ ਹੈ ਅਤੇ ਅਜਿਹਾ ਕਰਕੇ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਲੋਕਾਂ ਨੂੰ ਵੱਡਾ ਧੋਖਾ ਦਿੱਤਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਮਾਨ ਸਰਕਾਰ ਪੰਜਾਬ ਦੇ ਲੋਕਾਂ ਦੇ ਖੂੰਨ ਪਸੀਨੇ ਦੀ ਕਮਾਈ ਦੇ ਪੈਸੇ ਨੂੰ ਆਏ ਦਿਨ ਇਸ਼ਤਿਹਾਰਾਂ `ਤੇ ਖਰਚ ਕਰ ਰਹੀ ਹੈ ਜਦਕਿ ਇਹ ਪੈਸਾ ਸੂਬੇ ਦੇ ਵਿਕਾਸ `ਤੇ ਖਰਚ ਹੋਣਾ ਚਾਹੀਦਾ ਹੈ।


ਇਸ ਦੌਰਾਨ ਹਰਜੀਤ ਕੌਰ ਤਲਵੰਡੀ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਵੱਲੋਂ ਇੱਕ ਮਹੀਨੇ ਅੰਦਰ ਪੰਜਾਬ ਦੀਆਂ ਔਰਤਾਂ ਨੂੰ ਇੱਕ ਹਜ਼ਾਰ ਰੁਪਏ ਮਹੀਨਾ ਨਹੀਂ ਦਿੱਤਾ ਗਿਆ ਤਾਂ ਪਾਰਟੀ ਮਾਨ ਸਰਕਾਰ ਵਿਰੁਧ ਵੱਡੇ ਪੱਧਰ ਤੇ ਸੰਘਰਸ਼ ਵਿੱਢੇਗੀ। ਉਹਨਾਂ ਨੇ ਇਸ ਸੰਘਰਸ਼ ਵਿੱਚ ਸਮੁੱਚੇ ਪੰਜਾਬ ਦੀਆਂ ਔਰਤਾਂ ਨੂੰ ਸ਼ਾਮਿਲ ਹੋਣ ਦੀ ਵੀ ਅਪੀਲ ਕੀਤੀ ਹੈ। ਉਨ੍ਹਾਂ ਅੱਗੇ ਕਿਹਾ ਕਿ ਭਗਵੰਤ ਮਾਨ ਸਰਕਾਰ ਝੂਠ ਦੇ ਸਹਾਰੇ ਚਲ ਰਹੀ ਹੈ।


ਇਸ ਤੋਂ ਪਹਿਲਾਂ ਜਰਮਨੀ ਫੇਰੀ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਵਿਚ ਬੀਐੱਮਡਬਲਿਊ ਗਰੁੱਪ ਵੱਲੋਂ ਵਾਧੂ ਨਿਰਮਾਣ ਕਾਰਜ ਸਥਾਪਿਤ ਕਰਨ ਦੀ ਯੋਜਨਾ ਬਾਰੇ ਪੰਜਾਬਵਾਸੀਆਂ ਨੂੰ ਵੱਡਾ ਝੂਠ ਬੋਲ ਚੁੱਕੇ ਹਨ।