Gurdaspur News : ਗੁਰਦਾਸਪੁਰ ਦੇ ਬਟਾਲਾ ਵਿੱਚ ਇੱਕ ਦੁਕਾਨਦਾਰ ਨੇ ਟਮਾਟਰਾਂ ਦੀਆਂ ਅਸਮਾਨੀ ਚੜ੍ਹੀਆਂ ਕੀਮਤਾਂ ਦੇ ਵਿਰੋਧ ਕਰਨ ਲਈ ਅਨੋਖੀ ਸੇਲ ਲਾਈ ਹੈ। ਦੁਕਾਨ ਤੋਂ ਜੁੱਤੀ ਖਰੀਦਣ ਵਾਲੇ ਗਾਹਕਾਂ ਨੂੰ ਟਮਾਟਰ ਮੁਫ਼ਤ ਦਿੱਤੇ ਜਾਣਗੇ। ਦੁਕਾਨਦਾਰ ਦਾ ਕਹਿਣਾ ਹੈ ਕਿ ਇੱਥੇ ਇੱਕ ਹਜ਼ਾਰ ਤੋਂ ਲੈ ਕੇ 15 ਸੌ ਰੁਪਏ ਦੀ ਜੁੱਤੀ ਖਰੀਦਣ 'ਤੇ ਛੋਟ ਦਿੱਤੀ ਜਾਵੇਗੀ, ਉੱਥੇ 2 ਕਿਲੋ ਟਮਾਟਰ ਵੀ ਮੁਫ਼ਤ ਦਿੱਤੇ ਜਾਣਗੇ। ਦੁਕਾਨਦਾਰ ਦਾ ਵੱਖਰੇ ਤਰੀਕੇ ਨਾਲ ਵਿਰੋਧ ਕਰਨਾ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ।



ਪਿਛਲੇ ਕੁੱਝ ਦਿਨਾਂ 'ਚ ਹਰ ਘਰ ਦੀ ਰਸੋਈ 'ਚੋਂ ਟਮਾਟਰ ਲਗਭਗ ਗਾਇਬ ਹੋ ਗਿਆ ਹੈ। ਇਸ ਦਾ ਕਾਰਨ ਇਹ ਹੈ ਕਿ ਟਮਾਟਰ ਦੇ ਭਾਅ ਇੰਨੇ ਵਧ ਗਏ ਹਨ ਕਿ ਟਮਾਟਰ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਗਏ ਹਨ। ਪੰਜਾਬ ਦੀਆਂ ਮੰਡੀਆਂ ਵਿੱਚ ਟਮਾਟਰ 200 ਰੁਪਏ ਤੋਂ ਵੱਧ ਵਿਕ ਰਿਹਾ ਹੈ। ਇਸ ਨੂੰ ਦੇਖਦੇ ਹੋਏ ਜੁੱਤੀਆਂ ਵੇਚਣ ਵਾਲੇ ਦੁਕਾਨਦਾਰ ਨੇ ਵਿਰੋਧ ਕਰਨ ਦਾ ਵੱਖਰਾ ਰਸਤਾ ਅਖਤਿਆਰ ਕੀਤਾ ਹੈ।



ਦੁਕਾਨ ਦੇ ਬਾਹਰ ਲਾਇਆ ਵੱਡਾ ਪੋਸਟਰ 



ਦੁਕਾਨ ਦੇ ਬਾਹਰ ਇੱਕ ਵੱਡਾ ਪੋਸਟਰ ਲੱਗਿਆ ਹੋਇਆ ਹੈ, ਜਿਸ ਵਿੱਚ ਲਿਖਿਆ ਹੈ ਕਿ ਟਮਾਟਰ ਮੁਫ਼ਤ ਵਿੱਚ ਪ੍ਰਾਪਤ ਕਰੋ। ਦੁਕਾਨ ਮਾਲਕ ਦਾ ਕਹਿਣਾ ਹੈ ਕਿ ਇਹ ਆਫਰ ਦੇਣ ਦਾ ਮਕਸਦ ਇਹ ਹੈ ਕਿ ਬਾਜ਼ਾਰ 'ਚ ਟਮਾਟਰ ਖਰੀਦਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੈ। ਇਹ ਆਫਰ ਦੇਣ ਨਾਲ ਉਨ੍ਹਾਂ ਦੀ ਦੁਕਾਨ 'ਤੇ ਆਉਣ ਵਾਲੇ ਗਾਹਕ ਇਸ ਤੋਂ ਖੁਸ਼ ਹੋਣਗੇ। ਇਸ ਆਫਰ ਨਾਲ ਟਮਾਟਰ ਲੋਕਾਂ ਦੇ ਘਰਾਂ ਦੀ ਰਸੋਈ ਤੱਕ ਪਹੁੰਚ ਜਾਣਗੇ।



ਜਦੋਂ ਤੱਕ ਨਹੀਂ ਘਟਣਗੀਆਂ ਟਮਾਟਰ ਦੀਆਂ ਕੀਮਤਾਂ ਉਦੋਂ ਤੱਕ ਜਾਰੀ ਰਹੇਗਾ ਆਫਰ 



ਜੋ ਕਿ ਟਮਾਟਰ ਦੀ ਮੰਡੀ ਵਿੱਚ 200 ਰੁਪਏ ਪ੍ਰਤੀ ਕਿਲੋ ਤੋਂ ਵੱਧ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਸ ਹੈ ਕਿ ਇਸ ਨਾਲ ਟਮਾਟਰਾਂ ਦੀ ਕੀਮਤ ਹੇਠਾਂ ਆਵੇਗੀ, ਜਿਸ ਨਾਲ ਹਰ ਵਰਗ ਦੀ ਜੇਬ 'ਤੇ ਬੋਝ ਨਹੀਂ ਪਵੇਗਾ। ਉਨ੍ਹਾਂ ਕਿਹਾ ਕਿ ਇਹ ਪੇਸ਼ਕਸ਼ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਟਮਾਟਰਾਂ ਦੇ ਰੇਟ ਨਹੀਂ ਘਟਾਏ ਜਾਂਦੇ।