ਚੰਡੀਗੜ੍ਹ : ਚੰਡੀਗੜ੍ਹ 'ਚ ਬੁੱਧਵਾਰ ਸਵੇਰੇ ਕਰੀਬ 5.30 ਵਜੇ ਸੈਕਟਰ 22-ਸੀ ਸਥਿਤ ਹੋਟਲ ਡਾਇਮੰਡ ਪਲਾਜ਼ਾ 'ਚ ਏ.ਕੇ.-47 ਤੋਂ ਗੋਲੀ ਚੱਲੀ ਹੈ। ਇਸ ਹਾਦਸੇ ਵਿੱਚ ਪੰਜਾਬ ਪੁਲਿਸ ਦਾ ਇੱਕ ਜਵਾਨ ਜ਼ਖਮੀ ਹੋ ਗਿਆ ਹੈ। ਗੋਲੀ ਸ਼ੀਸ਼ੇ ਦੇ ਅੰਦਰ ਜਾ ਕੇ ਪੁਲਿਸ ਮੁਲਾਜ਼ਮ ਦੇ ਢਿੱਡ ਵਿੱਚੋਂ ਲੰਘ ਗਈ।



ਪੰਜਾਬ ਪੁਲਿਸ ਦੇ ਦੋ ਮੁਲਾਜ਼ਮ ਦੇਰ ਰਾਤ ਕਰੀਬ 1 ਵਜੇ ਹੋਟਲ ਪਹੁੰਚੇ ਸਨ। ਸਵੇਰੇ ਇੱਕ ਕਰਮਚਾਰੀ ਬਾਥਰੂਮ ਗਿਆ। ਉਥੇ ਹੀ ਇਹ ਘਟਨਾ ਵਾਪਰੀ। ਦੱਸਿਆ ਜਾ ਰਿਹਾ ਹੈ ਕਿ ਗੋਲੀ ਗਲਤੀ ਨਾਲ ਚੱਲੀ ਸੀ ਪਰ ਪੁਲਸ ਜਾਂਚ 'ਚ ਜੁਟੀ ਹੋਈ ਹੈ। ਜ਼ਖਮੀ ਪੁਲਿਸ ਮੁਲਾਜ਼ਮ ਦੀ ਪਛਾਣ ਦੀਪਕ ਵਜੋਂ ਹੋਈ ਹੈ। ਉਸ ਨੂੰ ਪੀਜੀਆਈ ਰੈਫਰ ਕਰ ਦਿੱਤਾ ਗਿਆ ਹੈ।

ਇਲਾਕੇ ਦੇ ਡੀਐਸਪੀ ਗੁਰਮੁਖ ਸਿੰਘ ਸੈਕਟਰ-17 ਥਾਣੇ ਦੇ ਐਸਐਚਓ ਅਤੇ ਸੈਕਟਰ-22 ਚੌਕੀ ਦੇ ਇੰਚਾਰਜ ਟੀਮ ਸਮੇਤ ਮੌਕੇ ’ਤੇ ਪੁੱਜੇ। ਫੋਰੈਂਸਿਕ ਟੀਮ ਨੇ ਮੌਕੇ ਤੋਂ ਸਬੂਤ ਵੀ ਇਕੱਠੇ ਕੀਤੇ ਹਨ। ਮੁਢਲੀ ਜਾਣਕਾਰੀ ਅਨੁਸਾਰ ਗੋਲੀ ਪੁਲਿਸਕਰਮੀ ਤੋਂ ਖ਼ੁਦ ਹੀ ਗੋਲੀ ਚੱਲੀ ਹੈ। ਦੋਵੇਂ ਜਵਾਨ ਕਿਸੇ ਵਿਅਕਤੀ ਦੇ ਗੰਨਮੈਨ ਦੱਸੇ ਜਾ ਰਹੇ ਹਨ।

ਪਹਿਲਾਂ ਲੱਗਾ ਕਿਸੇ ਨੇ ਪੱਥਰ ਮਾਰਿਆ, ਫਿਰ ਪਤਾ ਲੱਗਾ ਕਿ ਗੋਲੀ ਚੱਲੀ 

ਹੋਟਲ ਕਰਮਚਾਰੀ ਰਾਮ ਦਾਸ ਨੇ ਦੱਸਿਆ ਕਿ ਸਵੇਰੇ 5.30 ਵਜੇ ਦੇ ਕਰੀਬ ਸ਼ੀਸ਼ਾ ਡਿੱਗਣ ਦੀ ਆਵਾਜ਼ ਆਈ। ਉਸਨੂੰ ਲੱਗਾ ਜਿਵੇਂ ਕਿਸੇ ਨੇ ਪੱਥਰ ਮਾਰਿਆ ਹੋਵੇ। ਉਸ ਨੇ ਸੁਰੱਖਿਆ ਗਾਰਡ ਨੂੰ ਬੁਲਾਇਆ। ਬਾਅਦ ਵਿੱਚ ਪਤਾ ਲੱਗਾ ਕਿ ਗੋਲੀ ਚੱਲੀ ਸੀ। ਜਿਸ ਕਮਰੇ ਦਾ ਸ਼ੀਸ਼ਾ ਟੁੱਟਿਆ , ਉਸ ਕਮਰੇ ਦਾ ਦਰਵਾਜ਼ਾ ਖੜਕਾਇਆ ਗਿਆ ਪਰ ਗੈਸਟ ਨੇ ਨਹੀਂ ਖੋਲ੍ਹਿਆ। ਫਿਰ ਅੰਦਰੋਂ ਚੀਕਣ ਦੀ ਆਵਾਜ਼ ਆਈ।

ਦਰਵਾਜ਼ਾ ਧੱਕੇ ਨਾਲ ਖੋਲ੍ਹਿਆ ਗਿਆ। ਪੰਜਾਬ ਪੁਲਿਸ ਦਾ ਇੱਕ ਜਵਾਨ ਖੂਨ ਨਾਲ ਲੱਥਪੱਥ ਹਾਲਤ ਵਿੱਚ ਅੰਦਰ ਪਿਆ ਸੀ। ਪੰਜਾਬ ਪੁਲਿਸ ਦੇ ਇੱਕ ਮੁਲਾਜ਼ਮ ਅੰਕਿਤ ਨੇ ਹੋਟਲ ਵਿੱਚ ਕਮਰਾ ਬੁੱਕ ਕਰਵਾਇਆ ਸੀ। ਉਸ ਦੇ ਨਾਲ ਇੱਕ ਹੋਰ ਪੁਲਿਸ ਮੁਲਾਜ਼ਮ ਸੀ। ਉਹ ਪੰਜਾਬ ਦੇ ਗੁਰਦਾਸਪੁਰ ਤੋਂ ਆਏ ਸੀ। ਹੋਟਲ ਕਰਮਚਾਰੀ ਮੁਤਾਬਕ ਉਸ ਕੋਲ ਗਨ ਸੀ ਅਤੇ ਉਹ ਗੰਨਮੈਨ ਜਾਪਦਾ ਸੀ। ਇੱਕ ਮਹਿਮਾਨ ਪੁਲਿਸ ਦੀ ਵਰਦੀ ਵਿੱਚ ਸੀ ਅਤੇ ਦੂਜਾ ਅੱਧੀ ਵਰਦੀ ਵਿੱਚ। ਹੋਟਲ ਵਿੱਚ 40 ਤੋਂ ਵੱਧ ਗੈਸਟ ਮੌਜੂਦ ਸਨ।