ਅੰਮ੍ਰਿਤਸਰ: ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਤੇ ਸਾਬਕਾ ਮੰਤਰੀ ਬਿਕਰਮ ਮਜੀਠੀਆ ਵਿਚਲੇ ਸ਼ੁਰੂ ਹੋਈ ਸ਼ਬਦੀ ਜੰਗ ਰੁਕਣ ਦਾ ਨਾਮ ਨਹੀਂ ਲੈ ਰਹੀ। ਇਹ ਜੰਗ ਸਗੋਂ ਦਿਨੋਂ-ਦਿਨ ਹੋਰ ਤੇਜ਼ ਹੁੰਦੀ ਜਾ ਰਹੀ ਹੈ ਤੇ ਸ਼ਬਦਾਵਲੀ ਦਾ ਪੱਧਰ ਵੀ ਹੇਠਾਂ ਜਾਂਦਾ ਦਿਖਾਈ ਦੇ ਰਿਹਾ ਹੈ। ਅੱਜ ਫਿਰ ਦੋਹਾਂ ਲੀਡਰਾਂ ਵਿਚਾਲੇ ਛਿੜੀ ਜੰਗ ਵਿੱਚ ਕੁੱਦ ਕੇ ਇਸ ਨੂੰ ਹੋਰ ਤੇਜ਼ ਕਰਦਿਆਂ ਬਿਕਰਮ ਮਜੀਠੀਆ ਨੇ ਕਿਹਾ ਕਿ ਸਿੱਧੂ ਦਲ ਬਦਲੂ ਹੈ। ਇਸ ਕਰਕੇ ਉਹ ਹਰ ਰੋਜ਼-ਪੁੱਠੇ ਸਿਧੇ ਬਿਆਨ ਦਿੰਦਾ ਹੈ।

ਦਰਅਸਲ ਅੱਜ ਮਜੀਠੀਆ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਵੱਲੋਂ ਪ੍ਰਾਇਮਰੀ ਸਕੂਲਾਂ ਨੂੰ ਬੰਦ ਕਰਨ ਦੇ ਫ਼ੈਸਲੇ ਖਿਲਾਫ ਡੀਸੀ ਦਫਤਰ ਦੇ ਬਾਹਰ ਧਰਨਾ ਦਿੱਤਾ ਗਿਆ ਸੀ। ਇਸ ਮੌਕੇ ਮਜੀਠੀਆ ਨੇ ਕਿਹਾ ਕਿ ਸਿੱਧੂ ਭੌਂਕਾ ਹੈ ਤੇ ਉਸ ਨੂੰ ਭੌਂਕਣ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ। ਮਜੀਠੀਆ ਵੱਲੋਂ ਪੰਜਾਬ ਸਰਕਾਰ ਤੇ ਖਾਸ ਕਰਕੇ ਨਵਜੋਤ ਸਿੰਘ ਸਿੱਧੀ 'ਤੇ ਜਾਨਵਰ ਟੈਕਸ ਲਾਉਣ ਦੇ ਬਹਾਨੇ ਹਮਲਾ ਕੀਤਾ ਸੀ। ਇਸ ਟੈਕਸ ਨੂੰ ਸਿੱਧੂ, ਕੁੱਤਾ-ਬਿੱਲੀ ਟੈਕਸ ਤੱਕ ਕਹਿ ਦਿੱਤਾ ਸੀ। ਇਸ ਤੋਂ ਬਾਅਦ ਸਿੱਧੂ ਨੇ ਮਜੀਠੀਆ 'ਤੇ ਜਵਾਬੀ ਹਮਲਾ ਕੀਤਾ ਸੀ ਤੇ ਕਿਹਾ ਸੀ ਕਿ ਮਜੀਠੀਆ ਨੂੰ ਕਿੱਤੇ ਬਿੱਲੀਆਂ ਦੀ ਬਹੁਤ ਫਿਕਰ ਹੋ ਰਹੀ ਹੈ। ਇਸ ਲਈ ਉਹ ਮਜੀਠੀਆ ਨੂੰ ਤੋਹਫ਼ਾ ਦਿੰਦੇ ਹਨ ਤੇ ਉਨ੍ਹਾਂ ਦੀ ਬਰਾਦਰੀ 'ਤੇ ਹੁਣ ਕੋਈ ਟੈਕਸ ਨਹੀਂ ਲੱਗੇਗਾ।

ਅੱਜ ਮਜੀਠੀਆ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਸਿੱਧੂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਉਹ ਸਿੱਧੂ ਤੋਂ ਡਰਨ ਵਾਲੇ ਨਹੀਂ। ਉਨ੍ਹਾਂ ਕਿਹਾ ਕਿ ਸਿੱਧੂ ਜੋਕਰ ਹਨ ਤੇ ਸਿੱਧੂ ਵੱਲੋਂ ਕੁੱਤਾ-ਬਿੱਲੀ ਟੈਕਸ ਇਸ ਲਈ ਹਟਾਇਆ ਗਿਆ ਹੈ ਕਿਉਂਕਿ ਵਿਧਾਇਕ ਸੁੱਖੀ ਰੰਧਾਵਾ ਨੇ ਉਨ੍ਹਾਂ ਨੂੰ ਸਲਾਹ ਦਿੱਤੀ ਸੀ ਕਿ ਸਭ ਤੋਂ ਵੱਧ ਤਾਂ ਉਹ ਆਪ ਹੀ ਭੌਂਕਦੇ ਹਨ।

ਅੱਜ ਅਕਾਲੀ ਦਲ ਵੱਲੋਂ ਦਿੱਤੇ ਗਏ ਧਰਨੇ ਵਿੱਚ ਕਈ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਪੜ੍ਹਨ ਵਾਲੇ ਵਿਦਿਆਰਥੀ ਤੇ ਉਨ੍ਹਾਂ ਦੇ ਮਾਪੇ ਵੀ ਸ਼ਾਮਲ ਹੋਏ। ਧਰਨੇ ਤੋਂ ਬਾਅਦ ਮਜੀਠੀਆ ਵੱਲੋਂ ਜਿੱਥੇ ਡੀਸੀ ਨੂੰ ਮੰਗ ਪੱਤਰ ਸੌਂਪਿਆ ਗਿਆ, ਉੱਥੇ ਹੀ ਇਨ੍ਹਾਂ ਛੋਟੇ-ਛੋਟੇ ਬੱਚਿਆਂ ਵੱਲੋਂ ਡਿਪਟੀ ਕਮਿਸ਼ਨਰ ਕਮਲਦੀਪ ਸੰਘਾ ਨੂੰ ਗੁਲਾਬ ਦੇ ਫੁੱਲ ਭੇਟ ਕਰਕੇ ਸਕੂਲ ਬੰਦ ਨਾ ਕੀਤੇ ਜਾਣ ਦੀ ਗੁਜ਼ਾਰਸ਼ ਕੀਤੀ।

ਕੱਲ੍ਹ ਕੈਪਟਨ ਵੱਲੋਂ ਮਜੀਠੀਆ ਖਿਲਾਫ ਕੀਤੀ ਜਾਣ ਵਾਲੀ ਕਾਰਵਾਈ ਸਬੰਧੀ ਮਜੀਠੀਆ ਨੇ ਕਿਹਾ ਕਿ ਕੈਪਟਨ ਦੇ ਬਿਆਨ ਤੋਂ ਬਾਅਦ ਸਾਫ ਹੋ ਗਿਆ ਹੈ ਕਿ ਸੱਚਾਈ ਦੀ ਹਮੇਸ਼ਾਂ ਜਿੱਤ ਹੁੰਦੀ ਹੈ। ਉੱਥੇ ਹੀ ਇਸ ਬਾਰੇ ਸਿੱਧੂ ਨੇ ਕਿਹਾ ਕਿ ਕੈਪਟਨ ਉਨ੍ਹਾਂ ਦੇ ਮੁੱਖ ਮੰਤਰੀ ਹਨ ਤੇ ਉਨ੍ਹਾਂ ਦਾ ਹਰ ਆਦੇਸ਼ ਮੰਨਣਾ ਸਾਡੀ ਪਹਿਲੀ ਜ਼ਿਮੇਵਾਰੀ ਹੈ ਪਰ ਉਨ੍ਹਾਂ ਨੂੰ ਪੂਰੀ ਆਸ ਹੈ ਕਿ ਕੈਪਟਨ ਪੰਜਾਬ ਦੇ ਨੌਜਵਾਨਾਂ ਨੂੰ ਮੁੱਖ ਰੱਖ ਕੇ ਹੀ ਹਰ ਸੰਭਵ ਕਾਰਵਾਈ ਕਰਨਗੇ।