ਸ਼ੰਕਰ ਦਾਸ ਦੀ ਰਿਪੋਰਟ
ਚੰਡੀਗੜ੍ਹ: 29 ਮਈ ਦੀ ਸ਼ਾਮ ਨੂੰ ਮਸ਼ਹੂਰ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਦਾ ਮਾਨਸਾ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਹੁਣ ਸਿੱਧੂ ਮੂਸੇਵਾਲਾ ਦੇ ਕਤਲ ਦਾ ਇੱਕ ਚਸ਼ਮਦੀਦ ਗਵਾਹ ਸਾਹਮਣੇ ਆਇਆ ਹੈ। ਚਸ਼ਮਦੀਦ ਨੇ ਥਾਰ 'ਚ ਬੈਠੇ ਮੂਸੇਵਾਲਾ ਦੇ ਦੋਸਤਾਂ 'ਤੇ ਵੀ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਇਸ ਸਬੰਧੀ ਇੱਕ ਚਸ਼ਮਦੀਦ ਦੀ ਵੀਡੀਓ ਵੀ ਸਾਹਮਣੇ ਆਈ ਹੈ। ਹਾਲਾਂਕਿ ਇਸ ਸਬੰਧੀ ਪੁਲਿਸ ਤੇ ਮੂਸੇਵਾਲਾ ਦੇ ਦੋਸਤਾਂ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ।
ਚਸ਼ਮਦੀਦ ਨੇ ਦੱਸਿਆ ਮੈਂ ਕਤਲ ਤੋਂ ਬਾਅਦ ਪਹੁੰਚੇ ਪੁਲਿਸ ਮੁਲਾਜ਼ਮਾਂ ਨੂੰ ਦੱਸਿਆ ਕਿ ਫਾਇਰਿੰਗ ਕਰਨ ਵਾਲੇ ਹੁਣੇ ਹੀ ਭੱਜੇ ਹਨ। ਬੋਲੈਰੋ 'ਚ ਸਵਾਰ 4 ਲੋਕ ਹਰਿਆਣਾ ਵੱਲ ਭੱਜੇ, ਜਦਕਿ 2 ਪੰਜਾਬ 'ਚ ਫਰਾਰ ਹੋ ਗਏ। ਜੇਕਰ ਪੁਲਿਸ ਨੇ ਉਸ ਸਮੇਂ ਨਾਕਾ ਲਾਇਆ ਹੁੰਦਾ ਤਾਂ ਉਨ੍ਹਾਂ ਨੇ ਫੜਿਆ ਜਾਣਾ ਸੀ।
ਥਾਰ ਦਾ ਲੌਕ ਕਿਉਂ ਨਹੀਂ ਖੁੱਲ੍ਹਿਆ ?
ਚਸ਼ਮਦੀਦ ਨੇ ਦੱਸਿਆ ਕਿ 20-22 ਮਿੰਟ ਤੱਕ ਥਾਰ ਅੰਦਰ ਬੈਠੇ ਮੂਸੇਵਾਲਾ ਦੇ ਦੋਸਤਾਂ ਨੇ ਥਾਰ ਦਾ ਲੌਕ ਵੀ ਨਹੀਂ ਖੋਲ੍ਹਿਆ। ਮੂਸੇਵਾਲਾ ਕੋਲ ਬੈਠਾ ਨੌਜਵਾਨ ਅੰਦਰ ਹੀ ਬੈਠਾ ਰਿਹਾ। ਜਦੋਂ ਪਿੰਡ ਦੇ ਮੁੰਡਿਆਂ ਨੇ ਥਾਰ ਦਾ ਸ਼ੀਸ਼ਾ ਤੋੜ ਕੇ ਸਿੱਧੂ ਨੂੰ ਬਾਹਰ ਕੱਢਿਆ ਤਾਂ ਫਿਰ ਉਹ ਲੌਕ ਖੋਲ੍ਹ ਕੇ ਬਾਹਰ ਆ ਗਿਆ।
ਥਾਰ 'ਚ ਬੈਠੇ ਦੋਸਤ ਦੀ ਲੱਤ 'ਚ ਗੋਲੀ ਕਿਵੇਂ ਲੱਗੀ?
ਚਸ਼ਮਦੀਦ ਨੇ ਕਿਹਾ ਕਿ ਜਦੋਂ ਕੋਈ ਸਿੱਧੂ ਮੂਸੇਵਾਲਾ ਦੇ ਬਰਾਬਰ ਦੀ ਸੀਟ 'ਤੇ ਬੈਠਾ ਸੀ ਤਾਂ ਲੱਤ 'ਚ ਗੋਲੀ ਕਿਵੇਂ ਲੱਗੀ? ਪਿੰਡ ਦੇ ਲੋਕ ਮੂਸੇਵਾਲਾ ਨੂੰ ਪ੍ਰਾਈਵੇਟ ਗੱਡੀ ਵਿੱਚ ਹਸਪਤਾਲ ਲੈ ਗਏ ਪਰ ਉਸ ਦੇ ਦੋਸਤ ਨਹੀਂ ਗਏ। ਜਦੋਂ ਪੁਲਿਸ ਆਈ ਤੇ ਐਂਬੂਲੈਂਸ ਆਈ ਤਾਂ ਉਹ ਹਸਪਤਾਲ ਗਏ।
ਦੋਸਤ 5 ਮਿੰਟ ਤੱਕ ਫ਼ੋਨ 'ਤੇ ਗੱਲਾਂ ਕਰਦਾ ਰਿਹਾ ?
ਚਸ਼ਮਦੀਦ ਮੁਤਾਬਕ ਮੈਂ ਵੀ ਜਾਣਨਾ ਚਾਹੁੰਦਾ ਹਾਂ ਕਿ ਸਿੱਧੂ ਦੇ ਪਿੱਛੇ ਬੈਠਾ ਨੌਜਵਾਨ ਕਿਸ ਨਾਲ 5 ਮਿੰਟ ਤੱਕ ਗੱਲ ਕਰਦਾ ਰਿਹਾ। ਜੇ ਉਹ ਇਨਕਾਰ ਕਰਦਾ ਹੈ ਤਾਂ ਸਾਡੇ ਕੋਲ ਲੈ ਕੇ ਆਓ। ਅਸੀਂ ਇਸ ਨੂੰ ਸਾਬਤ ਕਰਾਂਗੇ। ਅੰਦਰ ਕੁਝ ਵੀ ਦਿਖਾਈ ਨਹੀਂ ਦੇ ਰਿਹਾ ਸੀ। ਜਿਸ ਥਾਂ 'ਤੇ ਉਸ ਨੂੰ ਗੋਲੀ ਮਾਰੀ ਗਈ ਸੀ, ਉਸ ਥਾਂ ਤੋਂ ਉਸ ਨੂੰ ਫੋਨ ਕਰਦੇ ਦੇਖਿਆ ਗਿਆ।
ਦੱਸਣਯੋਗ ਹੈ ਕਿ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਵੀ ਦਾਅਵਾ ਕੀਤਾ ਹੈ ਕਿ ਮੂਸੇਵਾਲਾ ਦੇ ਕਤਲ ਵਿੱਚ ਕਈ ਨਜ਼ਦੀਕੀ ਰਿਸ਼ਤੇਦਾਰ ਵੀ ਸ਼ਾਮਲ ਹਨ। ਉਹ ਮਿੱਤਰ ਬਣ ਕੇ ਮੂਸੇਵਾਲਾ ਦੇ ਨੇੜੇ ਆਏ। ਉਨ੍ਹਾਂ ਕਿਹਾ ਕਿ ਉਹ ਜਲਦੀ ਹੀ ਇਨ੍ਹਾਂ ਦੇ ਨਾਵਾਂ ਦਾ ਖੁਲਾਸਾ ਕਰਨਗੇ। ਹਾਲਾਂਕਿ, ਉਸ ਨੇ ਮੂਸੇਵਾਲਾ ਦੇ ਨਾਲ ਥਾਰ ਵਿੱਚ ਮੌਜੂਦ ਦੋ ਦੋਸਤਾਂ 'ਤੇ ਕੋਈ ਸ਼ੱਕ ਪ੍ਰਗਟ ਨਹੀਂ ਕੀਤਾ।
ਦੱਸ ਦੇਈਏ ਕਿ 29 ਮਈ 2022 ਦਿਨ ਐਤਵਾਰ ਨੂੰ ਦੁਪਹਿਰ ਬਾਅਦ ਮਾਨਸਾ ਜ਼ਿਲ੍ਹੇ ਦੇ ਆਪਣੇ ਪਿੰਡ ਮੂਸਾ ਤੋਂ ਸਿੱਧੂ ਮੂਸੇਵਾਲਾ ਨਿਕਲੇ ਹੀ ਸਨ ਕਿ ਕੁਝ ਦੂਰ ਜਾਂਦਿਆਂ ਹੀ ਪਿੰਡ ਜਵਾਹਰਕੇ ਵਿੱਚ ਉਨ੍ਹਾਂ ਦੀ ਥਾਰ ਗੱਡੀ ਨੂੰ ਘੇਰ ਲਿਆ ਗਿਆ। ਅਣਪਛਾਤੇ ਹਮਲਾਵਰਾਂ ਨੇ ਘੇਰ ਕੇ ਕਈ ਰਾਊਂਡ ਫਾਇਰਿੰਗ ਕੀਤੇ। ਇਸ ਘਟਨਾ ਵਿੱਚ ਮੂਸੇਵਾਲਾ ਨੂੰ ਕਈ ਗੋਲੀਆਂ ਲੱਗੀਆਂ ਪਰ ਹਸਤਪਾਲ ਪਹੁੰਚਣ ਤੋਂ ਪਹਿਲਾਂ ਹੀ ਮੂਸੇਵਾਲਾ ਦੀ ਮੌਤ ਹੋ ਚੁੱਕੀ ਸੀ।