ਇਸ ਬਾਰੇ ਕੀਤੀ ਪੁਣਛਾਣ ਦੌਰਾਨ ਪਤਾ ਲੱਗਾ ਕਿ ਨੌਜਵਾਨ ਕਰਤਾਰਪੁਰ ਲਾਂਘੇ ਰਾਹੀਂ ਪਾਕਿਸਤਾਨ ਜਾਣ ਤੋਂ ਕਤਰਾ ਰਹੇ ਹਨ। ਬਹੁਤ ਸਾਰੇ ਨੌਜਵਾਨਾਂ ਦਾ ਮੰਨਣਾ ਹੈ ਕਿ ਪਾਕਿਸਤਾਨ ਜਾਣ ਮਗਰੋਂ ਅਮਰੀਕਾ, ਆਸਟਰੇਲੀਆ ਤੇ ਨਿਊਜ਼ੀਲੈਂਡ ਸਮੇਤ ਹੋਰ ਦੇਸ਼ ਸਰਹੱਦ ਪਾਰ ਕਰਨ ਵਾਲੇ ਲੋਕਾਂ ਨੂੰ ਵੀਜ਼ਾ ਦੇਣ ਤੋਂ ਇਨਕਾਰ ਕਰ ਸਕਦੇ ਹਨ। ਇਹ ਵੀ ਅਹਿਮ ਹੈ ਕਿ ਜ਼ਿਆਦਾਤਰ ਪਾਸਪੋਰਟ ਵੀ ਨੌਜਵਾਨਾਂ ਦੀ ਬਣੇ ਹਨ ਜੋ ਕਿ ਪਾਕਿਸਤਾਨ ਜਾਣ ਲਈ ਜ਼ਰੂਰੀ ਹੈ।
ਭਾਵੇਂ ਇਸ ਦੌਰੇ ਦੌਰਾਨ ਕੋਈ ਵੀਜ਼ਾ ਨਹੀਂ ਲੱਗਦਾ ਪਰ ਲਾਂਘੇ ਰਾਹੀਂ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਵੱਲੋਂ ਪਾਸਪੋਰਟਾਂ ਦਾ ਵੇਰਵਾ ਭਾਰਤ ਤੇ ਪਾਕਿਸਤਾਨ ਦੀਆਂ ਏਕੀਕ੍ਰਿਤ ਚੈੱਕ ਪੋਸਟਾਂ (ਆਈਸੀਪੀ) ’ਤੇ ਦਿੱਤਾ ਜਾਂਦਾ ਹੈ। ਇਸ ਕਾਰਨ ਬਹੁਤ ਸਾਰੇ ਸ਼ਰਧਾਲੂਆਂ ਨੂੰ ਡਰ ਹੈ ਕਿ ਪਾਕਿਸਤਾਨ ਜਾਣ ਕਾਰਨ ਉਨ੍ਹਾਂ ਦਾ ਵੀਜ਼ਾ ਦੂਜੇ ਦੇਸ਼ਾਂ ਵੱਲੋਂ ਰੱਦ ਕੀਤਾ ਜਾ ਸਕਦਾ ਹੈ। ਆਈਲੈਟਸ ਸੈਂਟਰਾਂ ਦੇ ਸੰਚਾਲਕਾਂ ਨੇ ਵੀ ਇਸ ਗੱਲ ਦਾ ਖ਼ੁਲਾਸਾ ਕੀਤਾ ਹੈ ਕਿ ਵੱਡੀ ਗਿਣਤੀ ਨੌਜਵਾਨ ਵਿਦੇਸ਼ ਦਾ ਰੁਖ਼ ਕਰ ਰਹੇ ਹਨ ਤੇ ਉਹ ਪਾਕਿਸਤਾਨ ਦਾ ਦੌਰਾ ਕਰਕੇ ਕੋਈ ਅਜਿਹਾ ਖ਼ਤਰਾ ਮੁੱਲ ਨਹੀਂ ਲੈਣਾ ਚਾਹੁੰਦੇ, ਜਿਸ ਨਾਲ ਉਨ੍ਹਾਂ ਦਾ ਵੀਜ਼ਾ ਪ੍ਰਭਾਵਿਤ ਹੋਵੇ।
ਇਸ ਤੋਂ ਇਲਾਵਾ ਪੇਂਡੂ ਇਲਾਕਿਆਂ ਵਿੱਚ ਰਹਿਣ ਵਾਲੇ ਬਜ਼ੁਰਗ ਸ਼ਰਧਾਲੂ ਵੀ ਕਰਤਾਰਪੁਰ ਜਾਣ ਤੋਂ ਅਸਮਰੱਥ ਹਨ ਕਿਉਂਕਿ ਉਨ੍ਹਾਂ ਕੋਲ ਪਾਸਪੋਰਟ ਨਹੀਂ ਹਨ। ਇੱਕ ਹੋਰ ਵੱਡਾ ਕਾਰਨ ਹੈ ਕਿ ਕਰਤਾਰਪੁਰ ਯਾਤਰਾ ਲਈ ਇੱਖ ਬੰਦੇ ਨੂੰ 10-15 ਹਜ਼ਾਰ ਰੁਪਏ ਖ਼ਰਚ ਕਰਨੇ ਪੈਂਦੇ ਹਨ। ਇਸ ਕਰਕੇ ਵੀ ਪੂਰੇ ਪਰਿਵਾਰ ਜਾਣ ਤੋਂ ਕੰਨੀ ਕਤਰਾ ਰਹੇ ਹਨ।