ਸੰਗਰੂਰ: ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਵਿੱਚ 8-9 ਮਹੀਨੇ ਰਹਿ ਗਏ ਹਨ। ਸਿਆਸੀ ਪਾਰਟੀਆਂ ਹਰਕਤ ਵਿੱਚ ਆ ਗਈਆਂ ਹਨ ਪਰ ਦੂਜੇ ਪਾਸੇ ਸਿਆਸੀ ਲੀਡਰਾਂ ਲਈ ਨਵੀਂ ਮੁਸੀਬਤ ਖੜ੍ਹੀ ਹੋਣ ਲੱਗੀ ਹੈ। ਪਿੰਡਾਂ ਵਿੱਚ ਮਤੇ ਪੈਣ ਲੱਗੇ ਹਨ ਕਿ ਜਿੰਨਾ ਚਿਰ ਕਿਸਾਨ ਅੰਦੋਲਨ ਚੱਲੇਗਾ, ਓਨਾ ਚਿਰ ਪਿੰਡਾਂ 'ਚ ਲੀਡਰਾਂ ਦੀ ਐਂਟਰੀ ਬੈਨ ਰਹੇਗੀ।

ਸੰਗਰੂਰ ਜ਼ਿਲ੍ਹੇ ਦੇ ਪਿੰਡ ਭੁੱਲਰਹੇੜੀ ’ਚ ਸਿਆਸੀ ਆਗੂਆਂ ਵਿਰੁੱਧ ਮਤੇ ਪਾਸ ਕਰਨੇ ਸ਼ੁਰੂ ਕਰ ਦਿੱਤੇ ਗਏ ਹਨ। ਇਹ ਸਿਲਸਿਲਾ ਉਦੋਂ ਤੱਕ ਜਾਰੀ ਰਹੇਗਾ, ਜਦੋਂ ਤੱਕ ਦਿੱਲੀ ’ਚ ਸੰਘਰਸ਼ ਜਾਰੀ ਰਹੇਗਾ। ਉਦੋਂ ਤੱਕ ਪਿੰਡ ਦਾ ਕੋਈ ਵਰਕਰ ਆਪਣੇ ਆਗੂ ਨੂੰ ਪਿੰਡ ਵਿੱਚ ਨਹੀਂ ਸੱਦੇਗਾ। ਇਸ ਦੇ ਨਾਲ ਹੀ ਕਿਸੇ ਵੀ ਪਾਰਟੀ ਦਾ ਕੋਈ ਸਿਆਸੀ ਆਗੂ ਪਿੰਡ ਵਿੱਚ ਕਿਸੇ ਵੀ ਖ਼ੁਸ਼ੀ ਜਾਂ ਗ਼ਮ ਵਿੱਚ ਸ਼ਰੀਕ ਨਹੀਂ ਹੋ ਸਕੇਗਾ। ਜੇ ਫਿਰ ਵੀ ਕੋਈ ਆਗੂ ਪਿੰਡ ’ਚ ਆਉਂਦਾ ਹੈ, ਤਾਂ ਉਸ ਦਾ ਵਿਰੋਧ ਕੀਤਾ ਜਾਵੇਗਾ।

 

ਸੰਗਰੂਰ ਦੇ ਪਿੰਡ ਭੁੱਲਰਹੇੜੀ ਵਿਖੇ ਸਥਾਨਕ ਨਿਵਾਸੀਆਂ ਨੇ ਗੁਰਦੁਆਰਾ ਸਾਹਿਬ ਵਿਖੇ ਇਕੱਤਰ ਹੋ ਕੇ ਬਾਕਾਇਦਾ ਮਤਾ ਪਾਸ ਕੀਤਾ। ਪਿੰਡ ਭੁੱਲਹੇੜੀ ’ਚ ਇਹ ਮਤਾ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਨੇ ਪਾਸ ਕਰਵਾਇਆ ਹੈ। ਇਸ ਪਿੰਡ ਦਾ ਕੋਈ ਵੀ ਵਿਅਕਤੀ ਆਪਣੇ ਘਰ ਦੇ ਕਿਸੇ ਵੀ ਪ੍ਰੋਗਰਾਮ ‘ਤੇ ਕਿਸੇ ਵੀ ਰਾਜਨੀਤਕ ਨੇਤਾ ਨੂੰ ਨਹੀਂ ਬੁਲਾਏਗਾ, ਜੇ ਕੋਈ ਮਤੇ ਦੇ ਵਿਰੁੱਧ ਜਾਂਦਾ ਹੈ ਤੇ ਕਿਸੇ ਰਾਜਨੀਤਕ ਨੇਤਾ ਨੂੰ ਬੁਲਾਉਂਦਾ ਹੈ ਤਾਂ ਉਸ ਦਾ ਤੇ ਆਉਣ ਵਾਲੇ ਆਗੂ ਦਾ ਸਖ਼ਤ ਵਿਰੋਧ ਕੀਤਾ ਜਾਏਗਾ।

 

ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਆਉਣ ਵਾਲੀਆਂ ਹਨ। ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਸੰਘਰਸ਼ਾਂ ਸਦਕਾ ਸੰਗਰੂਰ ਦੇ ਪਿੰਡ ਭੁੱਲਹੇੜੀ ਦੇ ਗੁਰਦੁਆਰਾ ਸਾਹਿਬ ਵਿਖੇ ਐਲਾਨ ਕਰਕੇ, ਪੰਜਾਬ ਦੇ ਪਿੰਡ ਵਿਚ ਰਾਜਨੀਤਕ ਨੇਤਾਵਾਂ ਦੀ ਮੁਕੰਮਲ ਬਾਈਕਾਟ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਸਬੰਧੀ ਗੁਰਦੁਆਰਾ ਸਾਹਿਬ ਦੇ ਸਪੀਕਰ ’ਚੋਂ ਇਸ ਮਤੇ ਬਾਰੇ ਐਲਾਨ ਵੀ ਕੀਤਾ ਗਿਆ।

 

ਪਿੰਡ ਵਾਸੀਆਂ ਨੇ ਦੱਸਿਆ ਕਿ ਗੁਰੂਘਰ ’ਚ ਪਾਸ ਕੀਤੇ ਗਏ ਮਤੇ ਅਨੁਸਾਰ:
·        ਸਾਰੇ ਸਿਆਸੀ ਆਗੂਆਂ ਨੂੰ ਪਿੰਡ ਆਉਣ ਤੋਂ ਰੋਕ ਦਿੱਤਾ ਗਿਆ ਹੈ।

·        ਸਾਰੇ ਸਿਆਸੀ ਆਗੂਆਂ ਨੂੰ ਪਿੰਡ ਵਿੱਚ ਕਿਸੇ ਵੀ ਤਰ੍ਹਾਂ ਦੀ ਖ਼ੁਸ਼ੀ ਜਾਂ ਗ਼ਮੀ ਮੌਕੇ ਜਾਂ ਕਿਸੇ ਵੀ ਸਮਾਰੋਹ ’ਚ ਸੱਦਣ ਤੋਂ ਵਰਜਿਆ ਜਾਂਦਾ ਹੈ। ਕਿਸਾਨ ਅੰਦੋਲਨ ਚੱਲਣ ਤੱਕ ਸਿਆਸੀ ਆਗੂਆਂ ਦਾ ਬਾਈਕਾਟ ਜਾਰੀ ਰਹੇਗਾ।

·        ਜੇ ਕੋਈ ਪਾਰਟੀ ਆਗੂ ਇਨਕਾਰ ਕਰਨ 'ਤੇ ਵੀ ਪਿੰਡ ਵਿਚ ਕਿਸੇ ਪਰਿਵਾਰ ਵਿਚ ਆਉਂਦਾ ਹੈ, ਤਾਂ ਉਸ ਦਾ ਸਖ਼ਤ ਵਿਰੋਧ ਕੀਤਾ ਜਾਵੇਗਾ, ਜੇ ਕੋਈ ਵਰਕਰ ਉਸ ਨੂੰ ਬੁਲਾਉਂਦਾ ਹੈ, ਤਾਂ ਉਹ ਵੀ ਵਿਰੋਧ ਕੀਤਾ ਜਾਵੇਗਾ

 
ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਪਿੰਡ ਇਕਾਈ ਦੇ ਪ੍ਰਧਾਨ ਜਸਦੇਵ ਸਿੰਘ ਨੇ ਕਿਹਾ ਕਿ ਅੱਜ ਅਸੀਂ ਪਿੰਡ ਦੇ ਲੋਕਾਂ ਨੂੰ ਲਾਮਬੰਦ ਕਰਕੇ ਗੁਰਦੁਆਰਾ ਸਾਹਿਬ ਵਿੱਚ ਐਲਾਨ ਕੀਤਾ ਹੈ ਤੇ ਇੱਕਮਤਾ ਪਾਸ ਕੀਤਾ ਹੈ ਕਿ ਜਦੋਂ ਤੱਕ ਦਿੱਲੀ ’ਚ ਕਿਸਾਨ ਸੰਘਰਸ਼ ਚੱਲਦਾ ਰਹੇਗਾ, ਤਦ ਤੱਕ ਪਿੰਡ ਆਉਣ ਵਾਲੇ ਹਰੇਕ ਸਿਆਸੀ ਆਗੂ ਦਾ ਜ਼ੋਰਦਾਰ ਵਿਰੋਧ ਕੀਤਾ ਜਾਵੇਗਾ।