ਲੁਧਿਆਣਾ: ਲੋਕ ਇਨਸਾਫ਼ ਪਾਰਟੀ ਦੇ ਮੁਖੀ ਤੇ ਲੁਧਿਆਣਾ ਤੋਂ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ 124 ਦਿਨਾਂ ਤੋਂ ਭਗੌੜੇ ਹਨ ਤੇ ਅਦਾਲਤ ਦੀ ਸਖ਼ਤੀ ਦੇ ਬਾਵਜੂਦ ਪੰਜਾਬ ਪੁਲਿਸ ਦੇ ਹਾਲੇ ਤੱਕ ਹੱਥ ਖਾਲੀ ਹਨ। ਸਾਬਕਾ ਵਿਧਾਇਕ ਬੈਂਸ ਨੇ ਦੋ ਜ਼ਮਾਨਤ ਅਰਜ਼ੀਆਂ ਲਾਈਆਂ ਸਨ ਤੇ ਉਹ ਦੋਵੇਂ ਹੀ ਹਾਈ ਕੋਰਟ ਨੇ ਖਾਰਜ ਕਰ ਦਿੱਤੀਆਂ।

ਦੱਸ ਦਈਏ ਕਿ 24 ਫਰਵਰੀ ਨੂੰ ਸਾਬਕਾ ਵਿਧਾਇਕ ਬੈਂਸ ਨੂੰ ਸਾਥੀਆਂ ਸਣੇ ਲੁਧਿਆਣਾ ਦੀ ਅਦਾਲਤ ਨੇ ਭਗੌੜਾ ਕਰਾਰ ਦੇ ਦਿੱਤਾ ਸੀ, ਜਿਸ ਮਗਰੋਂ ਉਹ ਕਦੇ-ਕਦੇ ਸੋਸ਼ਲ ਮੀਡੀਆ ’ਤੇ ਐਕਟਿਵ ਹੁੰਦੇ ਹਨ ਪਰ ਆਪਣੇ ਘਰੋਂ ਤੇ ਦਫ਼ਤਰ ਵਿੱਚੋਂ ਫ਼ਰਾਰ ਚੱਲ ਰਹੇ ਹਨ। ਸਾਬਕਾ ਵਿਧਾਇਕ ਬੈਂਸ, ਉਨ੍ਹਾਂ ਦਾ ਭਰਾ, ਪੀਏ ਤੇ ਹੋਰਨਾਂ ਕਈ ਵਿਅਕਤੀਆਂ ’ਤੇ ਕੇਸ ਦਰਜ ਕਰਵਾਉਣ ਵਾਲੀ ਪੀੜਤ ਔਰਤ ਲਗਾਤਾਰ ਹਾਲੇ ਵੀ ਪੁਲਿਸ ਕਮਿਸ਼ਨਰ ਦਫ਼ਤਰ ਵਿੱਚ ਪ੍ਰਦਰਸ਼ਨ ਕਰਦੀ ਹੈ।

ਔਰਤ ਵੱਲੋਂ ਦੋਸ਼ ਲਗਾਏ ਜਾ ਰਹੇ ਹਨ ਕਿ ਬੈਂਸ ਨੂੰ ਸਿਆਸੀ ਦਬਾਅ ਕਾਰਨ ਗ੍ਰਿਫ਼ਤਾਰ ਨਹੀਂ ਕੀਤਾ ਜਾ ਰਿਹਾ ਹੈ। ਭਗੌੜਾ ਐਲਾਨਣ ਤੋਂ ਬਾਅਦ ਸ਼ਹਿਰ ’ਚ ਸਿਮਰਜੀਤ ਸਿੰਘ ਬੈਂਸ, ਪਰਮਜੀਤ ਸਿੰਘ ਬੈਂਸ, ਪ੍ਰਦੀਪ ਕੁਮਾਰ ਗੋਗੀ, ਸੁਖਚੈਨ ਸਿੰਘ, ਬਲਜਿੰਦਰ ਕੌਰ ਤੇ ਜਸਬੀਰ ਕੌਰ ਦੇ ਲੋੜੀਂਦੇ ਹੋਣ ਸਬੰਧੀ ਪੋਸਟਰ ਵੀ ਲਾਏ ਗਏ ਸਨ। ਸੂਤਰਾਂ ਮੁਤਾਬਕ ਮਾਮਲੇ ਵਿੱਚ ਅਦਾਲਤ ਨੇ ਬੈਂਸ ਦੀ ਜਾਇਦਾਦ ਦੀ ਕੁਰਕੀ ਕਰਨ ਦੀ ਕਾਰਵਾਈ ਦੇ ਹੁਕਮ ਜਾਰੀ ਕੀਤੇ ਸਨ।


ਦੱਸਿਆ ਜਾਂਦਾ ਹੈ ਕਿ ਸਿਮਰਜੀਤ ਸਿੰਘ ਬੈਂਸ ਫਰਾਰ ਹਨ ਪਰ ਸੋਸ਼ਲ ਮੀਡੀਆ ’ਤੇ ਐਕਟਿਵ ਰਹਿੰਦੇ ਹਨ। ਬੈਂਸ ਦੀ ਜਾਇਦਾਦ ਦੀ ਕੁਰਕੀ ਕਰਨ ਦੀ ਕਾਰਵਾਈ ਵੀ ਕੁਝ ਦਿਨਾਂ ’ਚ ਸ਼ੁਰੂ ਹੋ ਕਰ ਦਿੱਤੀ ਜਾਵੇਗੀ। ਅਦਾਲਤ ਦੇ ਹੁਕਮਾਂ ’ਤੇ ਥਾਣਾ ਡਿਵੀਜ਼ਨ ਨੰਬਰ-6 ’ਚ ਪੀੜਤ ਮਹਿਲਾ ਨੇ ਪਟੀਸ਼ਨ ਦਾਇਰ ਕਰਕੇ ਅਦਾਲਤ ਤੋਂ ਪੁਲਿਸ ਨੂੰ ਵਿਧਾਇਕ ਖ਼ਿਲਾਫ਼ ਐੱਫ਼.ਆਈ.ਆਰ. ਦਰਜ ਕਰਨ ਦੀ ਮੰਗ ਕੀਤੀ ਸੀ। ਜਿਸ ਤੋਂ ਬਾਅਦ ਬੈਂਸ ਅਤੇ ਉਸ ਦੇ ਸਾਥੀਆਂ ’ਤੇ ਮਾਮਲਾ ਦਰਜ ਕੀਤਾ ਗਿਆ ਹੈ। ਓਧਰ ਜਬਰ-ਜ਼ਿਨਾਹ ਪੀੜਤਾ ਪਿਛਲੇ ਡੇਢ ਸਾਲ ਤੋਂ ਰੋਜ਼ਾਨਾ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਸੀ.ਪੀ. ਦਫ਼ਤਰ ਦੇ ਬਾਹਰ ਇਨਸਾਫ਼ ਲਈ ਬੈਠੀ ਹੋਈ ਹੈ।