ਫਰੀਦਕੋਟ: ਫਰੀਦਕੋਟ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਵਿੱਚੋਂ ਪਵਾਨ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਮਾਮਲੇ ਨੂੰ ਅੱਜ ਪੂਰੇ ਛੇ ਸਾਲ ਬੀਤ ਜਾਣ ਦੇ ਬਾਵਜੂਦ ਜਾਂਚ ਕਿਸੇ ਨਤੀਜੇ ਤੇ ਨਹੀਂ ਪਹੁੰਚੀ। ਛੇ ਸਾਲ ਬੀਤ ਜਾਣ ਬਾਅਦ ਵੀ ਪੁਲਿਸ ਦੇ ਹੱਥ ਖਾਲੀ ਹਨ ਤੇ ਅਜੇ ਤੱਕ ਪੁੱਛ ਪੜਤਾਲ ਹੀ ਜਾਰੀ ਹੈ।
ਪੁਲਿਸ ਅਜੇ ਤੱਕ ਅਸਲ ਦੋਸ਼ੀਆਂ ਤੱਕ ਪਹੁੰਚਣ ਵਿੱਚ ਅਸਫ਼ਲ ਰਹੀ ਹੈ। ਅੱਜ ਛੇ ਸਾਲ ਪੂਰੇ ਹੋਣ ਤੇ ਸਿੱਖ ਜਥੇਬੰਦੀਆਂ ਵੱਲੋਂ ਰੋਸ ਪ੍ਰੋਗਰਾਮ ਰੱਖੇ ਗਏ। ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ ਨੇਤਾ ਹਰਪਾਲ ਸਿੰਘ ਚੀਮਾ ਸਮੇਤ ਆਪ ਪਾਰਟੀ ਦੇ ਕੁਲਤਾਰ ਸੰਧਵਾ, ਬਲਜਿੰਦਰ ਕੌਰ,ਪ੍ਰੋ ਸਾਧੂ ਸਿੰਘ,ਮਾਸਟਰ ਬਲਦੇਵ ਸਿੰਘ ਅਤੇ ਜਗਤਾਰ ਸਿੰਘ ਬੁਰਜ ਜਵਾਹਰ ਸਿੰਘ ਵਾਲਾ ਪਹੁੰਚੇ ਜਿੱਥੇ ਉਨ੍ਹਾਂ ਸਰਬਤ ਦੇ ਭਲੇ ਲਈ ਅਰਦਾਸ ਕੀਤੀ।
ਉਨ੍ਹਾਂ ਇਸ ਦੌਰਾਨ ਸਰਕਾਰ ਦੀ ਨਾਕਾਮੀ ਤੇ ਸਵਾਲ ਚੁੱਕੇ ਨਾਲ ਹੀ ਉਨ੍ਹਾਂ ਵੱਲੋਂ ਬਹਿਬਲ ਕਲਾਂ ਗੋਲੀਕਾਂਡ ਦੌਰਾਨ ਮਰਨ ਵਾਲੇ ਦੋ ਸਿੱਖਾਂ ਕ੍ਰਿਸ਼ਨ ਭਗਵਾਨ ਅਤੇ ਗੁਰਜੀਤ ਸਿੰਘ ਦੇ ਪਰਿਵਾਰਾਂ ਨੂੰ ਮਿਲੇ।
ਹਰਪਾਲ ਚੀਮਾ ਨੇ ਕਿਹਾ "ਹੁਣ ਤਕ ਨਾ ਤਾਂ ਅਕਾਲੀ ਸਰਕਾਰ ਨੇ ਤੇ ਨਾ ਹੀ ਕਾਂਗਰਸ ਸਰਕਾਰ ਨੇ ਸਰੂਪ ਚੋਰੀ ਮਾਮਲੇ ਤੇ ਬੇਆਦਬੀ ਮਾਮਲੇ 'ਚ ਸੰਜੀਦਗੀ ਦਿਖਾਈ....ਹੁਣ ਤੱਕ ਇਨਸਾਫ ਨਹੀਂ ਮਿਲ ਸਕਿਆ।" ਉਨ੍ਹਾਂ ਕਿਹਾ ਕਿ "ਜਾਂਚ ਪੂਰੀ ਹੋ ਗਈ, ਪਰ ਨਤੀਜਾ ਕੀ ਹੋਇਆ ਕਿ ਪੰਜਾਬ ਸਰਕਾਰ ਦੇ ਵਕੀਲ ਵੱਲੋਂ ਆਪਣਾ ਪੱਖ ਸਹੀ ਤਰੀਕੇ ਨਾਲ ਨਾ ਰੱਖੇ ਜਾਣ ਕਾਰਨ ਹਾਈਕੋਰਟ ਵੱਲੋਂ ਜਾਂਚ ਨੂੰ ਰੱਦ ਕਰ ਦਿੱਤਾ ਗਿਆ।"
ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਲੀਡਰ ਸੁਖਦੇਵ ਸਿੰਘ ਢਿੰਡਸਾ ਅਤੇ ਰਣਜੀਤ ਸਿੰਘ ਬ੍ਰਹਮਪੁਰਾ ਵੀ ਪਹੁੰਚੇ।ਉਨਾਂ ਨਾਲ ਬਲਦੇਵ ਸਿੰਘ ਰਾਮੁਵਾਲੀਆ ਵੀ ਮੌਜੂਦ ਸੀ।ਉਹ ਅਰਦਾਸ 'ਚ ਸ਼ਾਮਲ ਹੋਏ। ਸੁਖਦੇਵ ਸਿੰਘ ਢਿੰਡਸਾ ਨੇ ਕਿਹਾ ਕਿ "ਅਸੀਂ ਅੱਜ ਇਥੇ ਸਿਰਫ ਅਰਦਾਸ ਕਰਨ ਆਏ ਹਾਂ ਵੋਟਾਂ ਲੈਣ ਨਹੀਂ ਆਏ।"
ਕਰਨੈਲ ਸਿੰਘ ਪੀਰ ਮੁਹਮੰਦ ਨੇ ਕਿਹਾ ਕਿ "1 ਜੂਨ 2015 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਚੋਰੀ ਕਰਕੇ ਅਤੇ ਉਨ੍ਹਾਂ ਦੇ ਅੰਗ ਖਿਲਾਰ ਕੇ ਬੇਅਦਬੀ ਕੀਤੀ ਗਈ।ਸਿੱਖ ਸੰਗਤਾ ਇਨਸਾਫ ਲਈ ਸੰਘਰਸ਼ ਕਰ ਰਹੀਆਂ ਹਨ।" ਇਸ ਦੌਰਾਨ ਸੁਖਦੇਵ ਸਿੰਘ ਢਿੰਡਸਾ ਨੇ ਕਿਹਾ ਕਿ "ਮੈਂ ਤੇ ਰਣਜੀਤ ਸਿੰਘ ਬ੍ਰਹਮਪੁਰਾ ਨੇ ਹੁਣ ਚੋਣ ਨਹੀਂ ਲੜਨੀ।"
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ