ਗੁਰਦਾਸਪੁਰ: ਕੁਝ ਦਿਨ ਪਹਿਲਾਂ ਗੁਰਦਾਸਪੁਰ ਵਿੱਚ ਸੈਨਿਕ ਦੀਪਕ ਦੀ ਭੇਤਭਰੀ ਹਲਾਤ ਵਿੱਚ ਮੌਤ ਹੋ ਗਈ ਸੀ। ਗੁਰਦਾਸਪੁਰ ਦੇ ਤਿਬੜੀ ਰੋਡ 'ਤੇ ਸਥਿਤ ਇੱਕ ਗੁਰਦੁਆਰਾ ਸਾਹਿਬ ਨੇੜੇ ਜ਼ਖਮੀ ਹਾਲਤ ਵਿੱਚ ਪੁਲਿਸ ਨੂੰ ਇਹ ਸੈਨਿਕ ਮਿਲਿਆ ਸੀ। ਨੌਜਵਾਨ ਦੀ ਇਲਾਜ ਦੌਰਾਨ ਸਿਵਲ ਹਸਪਤਾਲ ਵਿੱਚ ਮੌਤ ਹੋ ਗਈ ਸੀ।



ਇਸ ਮਾਮਲੇ ਨੇ ਉਸ ਵੇਲੇ ਤੂਲ ਫੜ ਲਈ ਜਦੋਂ ਮ੍ਰਿਤਕ ਨੌਜਵਾਨ ਜੋ ਗ੍ਰਿਫ਼ ਵਿੱਚ ਨੌਕਰੀ ਕਰਦਾ ਸੀ, ਉਤੇ ਗੁਰਦੁਆਰਾ ਸਾਹਿਬ ਅੰਦਰ ਦੇਰ ਰਾਤ ਬੇਅਦਬੀ ਕਰਨ ਦੇ ਇਲਜ਼ਾਮ ਲੱਗ ਗਏ। ਮ੍ਰਿਤਕ ਨੌਜਵਾਨ ਦੀ ਬੇਟੀ ਵੱਲੋਂ ਸੋਸਲ ਮੀਡੀਆ ਉੱਤੇ ਵੀਡੀਓ ਜ਼ਰੀਏ ਇਨਸਾਫ ਦੀ ਅਪੀਲ ਕੀਤੀ ਜਾ ਰਹੀ ਹੈ। ਗੁਰਦਾਸਪੁਰ ਦੇ ਲੋਕਾਂ ਵੱਲੋਂ ਵੀ ਮ੍ਰਿਤਕ ਨੌਜਵਾਨ ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਵਾਸਤੇ ਅਵਾਜ਼ ਉਠਾਣੀ ਸ਼ੁਰੂ ਕਰ ਦਿੱਤੀ ਹੈ। ਸ਼ਿਵ ਸੈਨਿਕਾਂ ਨੇ ਐਸਐਸਪੀ ਗੁਰਦਾਸਪੁਰ ਦੇ ਦਫਤਰ ਸਾਹਮਣੇ ਪੀੜਤ ਪਰਿਵਾਰ ਨਾਲ ਰੋਸ ਪ੍ਰਦਰਸ਼ਨ ਕੀਤਾ ਤੇ ਪੁਲਿਸ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਕੀਤੀ।

ਇਸ ਮੌਕੇ ਮ੍ਰਿਤਕ ਦੀਪਕ ਦੇ ਪਿਤਾ ਓਂਕਾਰ ਸਿੰਘ ਨੇ ਕਿਹਾ ਕਿ "ਮੇਰਾ ਇੱਕੋ ਇੱਕ ਪੁੱਤਰ ਸੀ, ਦੋ ਬੇਟੀਆਂ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨਾਲ ਧੱਕਾ ਹੋ ਰਿਹਾ ਹੈ। ਉਹ ਪਠਾਨਕੋਟ ਰਹਿੰਦੇ ਹਨ ਤੇ ਉਨ੍ਹਾਂ ਦਾ ਬੇਟਾ ਦੀਪਕ ਠਾਕੁਰ ਗ੍ਰਿਫ਼ ਵਿੱਚ ਨੌਕਰੀ ਕਰਦਾ ਸੀ ਤੇ ਬੀਤੇ ਸ਼ੁਕਰਵਾਰ ਨੂੰ ਛੁੱਟੀ ਤੇ ਘਰ ਆ ਰਿਹਾ ਸੀ। ਦੇਰ ਰਾਤ ਬੱਸ ਉਸ ਨੂੰ ਗਲਤੀ ਨਾਲ ਗੁਰਦਾਸਪੁਰ ਉਤਾਰ ਗਈ ਤੇ ਦੀਪਕ ਨੇ ਰਾਤ ਗੁਜਾਰਨ ਵਾਸਤੇ ਗੁਰਦੁਆਰਾ ਸਾਹਿਬ ਦਾ ਸਹਾਰਾ ਲਿਆ ਪਰ ਸਵੇਰੇ ਸਾਨੂੰ ਫੋਨ ਆਇਆ ਕੇ ਤੁਸੀਂ ਗੁਰਦਾਸਪੁਰ ਦੇ ਥਾਣਾ ਸਿਟੀ ਆਓ।"

ਉਨ੍ਹਾਂ ਕਿਹਾ, "ਜਦੋ ਮੈਂ ਥਾਣਾ ਸਿਟੀ ਆਇਆ, ਤਾਂ ਮੈਨੂੰ ਬੇਟੇ ਦੀ ਮੌਤ ਦੀ ਸੂਚਨਾ ਮਿਲੀ। ਉਨ੍ਹਾਂ ਨੇ ਕਿਹਾ ਕਿ ਸਾਨੂੰ ਇਨਸਾਫ ਚਾਹੀਦਾ ਹੈ, ਸਾਰੇ ਮੁਲਜ਼ਮਾਂ ਨੂੰ ਪੁਲਿਸ ਜਲਦੀ ਗ੍ਰਿਫ਼ਤਾਰ ਕਰੇ।"

ਇਸ ਬਾਰੇ ਗੁਰਦਾਸਪੁਰ ਦੇ ਐਸਐਸਪੀ ਡਾ. ਨਾਨਕ ਸਿੰਘ ਨੇ ਕਿਹਾ ਕਿ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਦੀਪਕ ਗ੍ਰਿਫ਼ ਵਿੱਚ ਨੌਕਰੀ ਕਰਦਾ ਸੀ ਤੇ ਉਹ ਛੁੱਟੀ ਆਇਆ ਸੀ। ਦੀਪਕ ਰਾਤ ਨੂੰ ਗਲਤੀ ਨਾਲ ਕਾਹਨੂੰਵਾਨ ਚੌਕ ਵਿੱਚ ਉੱਤਰ ਗਿਆ। ਦੀਪਕ ਰਾਤ ਗੁਜਾਰਨ ਲਈ ਗੁਰਦੁਆਰਾ ਸਾਹਿਬ ਵਿੱਚ ਚਲਾ ਗਿਆ। ਸਵੇਰੇ ਪੁਲਿਸ ਨੂੰ ਫੋਨ ਆਇਆ ਸੀ ਕਿ ਕੋਈ ਲਾਸ਼ ਪਈ ਹੋਈ ਹੈ। ਪੁਲਿਸ ਨੇ ਦੀਪਕ ਨੂੰ ਹਸਪਤਾਲ ਪਹੁੰਚਾਇਆ ਪਰ ਡਾਕਟਰ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।"

ਐਸਐਸਪੀ ਨੇ ਅੱਗੇ ਕਿਹਾ ਕਿ, "ਪੁਲਿਸ ਨੇ ਜਾਂਚ ਕਰਦੇ ਹੋਏ ਇਸ ਮਾਮਲੇ ਵਿੱਚ 2 ਬਾਈ ਨੇਮ ਤੇ 2 ਅਣਪਛਾਤੇ ਲੋਕਾਂ ਦੇ ਖਿਲ਼ਾਫ ਮਾਮਲੇ ਦਰਜ ਕੀਤਾ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਐਸਆਈਟੀ ਬਣਾਈ ਹੈ, ਜੋ ਇਸ ਮਾਮਲੇ ਵਿੱਚ ਕੰਮ ਕਰ ਰਹੀ ਹੈ, ਪੁਲਿਸ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦੇ ਲਈ ਛਾਪੇਮਾਰੀ ਕਰ ਰਹੀ ਹੈ।"

ਉਨ੍ਹਾਂ ਨੇ ਦੱਸਿਆ ਕਿ "ਇਸ ਮਾਮਲੇ ਵਿੱਚ ਬੇਅਦਬੀ ਨਹੀਂ ਹੋਈ ਹੈ, ਮੌਕਾ ਤੇ ਗੁਰਦੁਆਰਾ ਦੇ ਮੈਨੇਜਰ ਤੇ ਹੋਰ ਲੋਕ ਵੀ ਆਏ ਸਨ।" ਐਸਐਸਪੀ ਨੇ ਕਿਹਾ ਕਿ ਲੋਕਾਂ ਨੂੰ ਸ਼ਾਇਦ ਲੱਗਾ ਸੀ ਕਿ ਬੇਅਦਬੀ ਕਰਨ ਆਇਆ ਹੈ। ਪਰਿਵਾਰ ਨੂੰ ਪੂਰਾ ਇਨਸਾਫ ਦਿੱਤਾ ਜਾਏਗਾ ਤੇ ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।"