ਲੁਧਿਆਣਾ: ਨਵੇਂ ਸਾਲ ਦੀ ਪਾਰਟੀ ਤੋਂ ਆਏ ਇੱਕ ਏਐਸਆਈ ਦੇ ਮੁੰਡੇ ਨੇ ਲੁਧਿਆਣਾ ਬੱਸ ਸਟੈਂਡ ਦੇ ਬਾਹਰ ਨੌਜਵਾਨ ਦਾ ਕਤਲ ਕਰ ਦਿੱਤਾ। ਮੁਲਜ਼ਮ ਮਨਦੀਪ ਸਿੰਘ, ਜੋ ਪੰਜਾਬ ਪੁਲਿਸ ਦੇ ਏਐਸਆਈ ਦਾ ਮੁੰਡਾ ਹੈ, ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮਨਦੀਪ ਨੇ ਆਪਣੇ ਪੰਜ ਸਾਥੀਆਂ ਨਾਲ ਮਿਲ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਮ੍ਰਿਤਕ ਦੀ ਪਛਾਣ ਰਵਿੰਦਰ ਸਿੰਘ ਵਜੋਂ ਹੋਈ ਹੈ।
ਜਾਣਕਾਰੀ ਮੁਤਾਬਕ ਮਨਦੀਪ ਦੀ ਰਵਿੰਦਰ ਨਾਲ ਕਿਸੇ ਗੱਲ ਤੋਂ ਤੂੰ-ਤੂੰ, ਮੈਂ-ਮੈਂ ਹੋ ਗਈ। ਇਸ ਦੇ ਚੱਲਦਿਆਂ ਮਨਦੀਪ ਤੇ ਉਸ ਦੇ ਪੰਜ ਸਾਥੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਜ਼ਖ਼ਮੀ ਹੋਏ ਰਵਿੰਦਰ ਨੂੰ ਲੋਕਾਂ ਨੇ ਨੇੜਲੇ ਹਸਪਤਾਲ ਪਹੁੰਚਾਇਆ ਤੇ ਪੁਲਿਸ ਨੂੰ ਇਤਲਾਹ ਕੀਤੀ। ਡਾਕਟਰਾਂ ਨੇ ਰਵਿੰਦਰ ਹੀ ਹਾਲਤ ਨੂੰ ਗੰਭੀਰ ਦੱਸਦੇ ਹੋਏ ਪੀਜੀਆਈ ਜਾਣ ਨੂੰ ਕਿਹਾ ਪਰ ਰਵਿੰਦਰ ਦੀ ਰਸਤੇ ਵਿੱਚ ਹੀ ਮੌਤ ਹੋ ਗਈ।
ਐਸਪੀ ਮਨਿੰਦਰ ਬੇਦੀ ਨੇ ਕਿਹਾ ਕਿ ਇਸ ਕੇਸ ਦੀ ਨਿਰਪੱਖ ਜਾਂਚ ਹੋਵੇਗੀ। ਉਨ੍ਹਾਂ ਦਾਅਵਾ ਕੀਤਾ ਕਿ ਪੁਲਿਸ ਮੁਲਾਜ਼ਮ ਦੇ ਮੁੰਡੇ ਨਾਲ ਕਿਸੇ ਤਰ੍ਹਾਂ ਦੀ ਨਰਮੀ ਨਹੀਂ ਕੀਤੀ ਜਾਵੇਗੀ। ਬੇਦੀ ਨੇ ਕਿਹਾ ਕਿ ਜਲਦ ਹੀ ਮਨਦੀਪ ਦੇ ਬਾਕੀ ਪੰਜ ਸਾਥੀ ਵੀ ਗ੍ਰਿਫ਼ਤਾਰ ਕਰ ਲਏ ਜਾਣਗੇ।