Punjab News: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਅਤੇ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਵਿਭਾਗ ਵੱਲੋਂ ਸੂਬੇ ਵਿੱਚ ਮਾਤਾ-ਪਿਤਾ ਅਤੇ ਬਜ਼ੁਰਗ ਨਾਗਰਿਕਾਂ ਦੀ ਦੇਖਭਾਲ ਅਤੇ ਭਲਾਈ ਐਕਟ 2007 ਦੀ ਜਾਗਰੂਕਤਾ ਲਈ ਵਿਸ਼ੇਸ਼ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਗਈ ਹੈ, ਜੋ 16 ਸਤੰਬਰ ਤੱਕ ਚੱਲੇਗੀ।

Continues below advertisement



ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਮਾਤਾ-ਪਿਤਾ ਅਤੇ ਬਜ਼ੁਰਗ ਨਾਗਰਿਕਾਂ ਦੀ ਦੇਖਭਾਲ ਅਤੇ ਭਲਾਈ ਐਕਟ 2007 ਅਤੇ ਬਜ਼ੁਰਗ ਵਿਅਕਤੀਆਂ ਦੀ ਭਲਾਈ ਸਬੰਧੀ ਵਿਭਾਗ ਵੱਲੋਂ ਚਲਾਈਆਂ ਜਾ ਰਹੀਆ ਹੋਰ ਸਕੀਮਾਂ ਬਾਰੇ ਸੂਬੇ ਦੇ ਲੋਕਾਂ ਨੂੰ ਜਾਗਰੂਕ ਕਰਨ ਲਈ ਗੈਰ ਸਰਕਾਰੀ ਸੰਸਥਾ ਹੈਲਪੇਜ ਇੰਡੀਆ ਨਾਲ ਮਿਲਕੇ ਵਿਸ਼ੇਸ ਮੁਹਿੰਮ ਚਲਾਈ ਜਾ ਰਹੀ ਹੈ।


ਡਾ. ਬਲਜੀਤ ਕੌਰ ਨੇ ਦੱਸਿਆ ਕਿ ਬਜ਼ੁਰਗ ਵਿਅਕਤੀਆਂ ਦੇ ਜਾਇਦਾਦ ਅਤੇ ਜਾਨ ਮਾਲ ਦੀ ਰੱਖਿਆ ਯਕੀਨੀ ਬਣਾਉਣ ਲਈ ਐਕਟ ਵਿੱਚ ਉਪਬੰਧ ਕੀਤਾ ਗਿਆ ਹੈ। ਵਿਭਾਗ ਵੱਲੋਂ ਸੀਨੀਅਰ ਸਿਟੀਜ਼ਨ ਲਈ ਚਲਾਈਆਂ ਜਾ ਰਹੀਆਂ ਸਕੀਮਾਂ, ਐਕਟ ਅਤੇ ਉਹਨਾਂ ਦੇ ਹੱਕਾਂ ਬਾਰੇ ਜਾਣਕਾਰੀ ਸਮਾਜਿਕ ਸੁਰੱਖਿਆ ਵਿਭਾਗ ਦੇ ਖੇਤਰੀ ਅਧਿਕਾਰੀਆਂ / ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰਾਂ ਵੱਲੋਂ ਦਿੱਤੀ ਜਾਵੇਗੀ।


ਮੰਤਰੀ ਨੇ ਦੱਸਿਆ ਕਿ ਇਸ ਮੁਹਿੰਮ  ਦੌਰਾਨ ਬਜ਼ੁਰਗ ਵਿਅਕਤੀਆਂ ਨੂੰ ਮਾਤਾ-ਪਿਤਾ ਅਤੇ ਬਜ਼ੁਰਗ ਨਾਗਰਿਕਾਂ ਦੀ ਦੇਖਭਾਲ ਅਤੇ ਭਲਾਈ ਐਕਟ 2007, ਬੁਢਾਪਾ ਪੈਨਸ਼ਨ, ਸੀਨੀਅਰ ਸਿਟੀਜ਼ਨ ਹੋਮਜ਼ ਅਤੇ ਹੈਲਪ ਲਾਈਨ ਪੰਜਾਬ-14567 ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਬਜੁਰਗਾਂ ਨੂੰ ਉਨ੍ਹਾਂ ਦੇ ਹੱਕਾਂ ਤੋਂ ਜਾਣੂ ਕਰਵਾਉਣ ਦੇ ਮਕਸਦ ਨਾਲ ਸੀਨੀਅਰ ਸਿਟੀਜ਼ਨ ਐਕਟ-2007 ਸਬੰਧੀ ਵਿਭਾਗ ਵੱਲੋਂ ਬਣਾਈ ਗਈ ਲਘੂ ਫਿਲ਼ਮ ‘ਸਾਡੇ ਬਜੁਰਗ ਸਾਡਾ ਮਾਣ ਇਹਨਾਂ ਦਾ ਕਰੋ ਦਿਲੋਂ ਸਨਮਾਨ’ ਵੀ ਵਿਸ਼ੇਸ਼ ਤੌਰ ‘ਤੇ ਵਿਖਾਈ ਜਾਵੇਗੀ।


 ਬਜ਼ੁਰਗ ਵਿਅਕਤੀਆਂ ਦੀ ਜਾਨ ਅਤੇ ਮਾਲ ਦੀ ਰਾਖੀ ਕਰਨ ਲਈ ਐਕਟ  ਤਹਿਤ ਸਬੰਧਤ ਐਸ.ਡੀ.ਐਮ. ਮੇਨਟੀਨੈਂਸ ਟ੍ਰਿਬਿਉਨਲ ਦੇ ਪ੍ਰੀਜ਼ਾਈਡਿੰਗ ਅਫ਼ਸਰ ਅਤੇ ਸਬੰਧਤ ਜ਼ਿਲ੍ਹੇ ਦੇ  ਡਿਪਟੀ ਕਮਿਸ਼ਨਰ ਐਪੀਲੈਟ ਅਥਾਰਟੀ ਹਨ ਅਤੇ ਸਬੰਧਤ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਨੂੰ ਮੇਨਟੀਨੈਂਸ ਅਫਸਰ ਨਾਮਜ਼ਦ ਕੀਤਾ ਹੋਇਆ ਹੈ। ਬਜ਼ੁਰਗ ਵਿਅਕਤੀ ਆਪਣੀ ਸਮੱਸਿਆ ਬਾਬਤ ਟ੍ਰਿਬਿਉਨਲ ਵਿੱਚ ਉਪ ਮੰਡਲ ਮੈਜਿਸਟ੍ਰੇਟ ਕੋਲ ਅਪਣੀ ਸ਼ਿਕਾਇਤ ਦਾਇਰ ਕਰਵਾ ਦਰਜ ਕਰਵਾ ਸਕਦੇ ਹਨ।


ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਗੈਰ ਸਰਕਾਰੀ ਸੰਸਥਾ ਹੈਲਪਏਜ ਇੰਡੀਆ ਵੱਲੋ ਹੈਲਪ ਲਾਈਨ 14567 ਚਲਾਈ ਜਾ ਰਹੀ ਹੈ। ਇਹ ਹੈਲਪ ਲਾਈਨ ਬਜ਼ੁਰਗ ਵਿਅਕਤੀਆਂ ਦੀਆਂ ਸਮੱਸਿਆਵਾਂ  /ਸ਼ਿਕਾਇਤਾਂ ਨੂੰ ਹੱਲ ਕਰਨ ਲਈ ਸਮਰਪਿਤ ਹੈ। ਹੈਲਪਲਾਈਨ ਰਾਹੀ ਬਜ਼ੁਰਗ ਵਿਅਕਤੀਆਂ ਨੂੰ ਜਾਣਕਾਰੀ ਦੇ ਕੇ ਕਾਨੂੰਨੀ ਸਹਾਇਤਾ ਪ੍ਰਾਪਤ ਕਰਨ ਲਈ ਮਦਦ ਕੀਤੀ ਜਾਂਦੀ ਹੈ।ਮੰਤਰੀ ਨੇ ਬਜੁਰਗ ਨਾਗਰਿਕਾਂ ਨੂੰ ਇਸ ਜਾਗਰੂਕਤਾ ਮੁਹਿੰਮ ਵਿੱਚ ਸ਼ਾਮਿਲ ਹੋਣ ਲਈ ਅਪੀਲ ਕੀਤੀ ਤਾਂ ਜੋ ਉਹ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋ ਸਕਣ।


ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੀ ਡਾਇਰੈਕਟਰ ਸ੍ਰੀਮਤੀ ਮਾਧਵੀ ਕਟਾਰੀਆ ਨੇ ਦੱਸਿਆ ਇਸ ਜਾਗਰੂਕਤਾ ਮੁਹਿੰਮ ਦੌਰਾਨ ਸੂਬੇ ਵਿੱਚ ਵੱਖ-ਵੱਖ ਸਥਾਨਾਂ ‘ਤੇ, 4 ਸਤੰਬਰ ਨੂੰ ਸੀਨੀਅਰ ਸਿਟੀਜ਼ਨਜ਼ ਐਸੋਸੀਏਸ਼ਨ, ਗਾਂਧੀ ਪਬਲਿਕ ਸਕੂਲ, ਬੇਲਾ ਚੌਂਕ, ਰੂਪਨਗਰ ਵਿਖੇ ਦੁਪਹਿਰ 3.30 ਵਜੇ, ਸੀਨੀਅਰ ਸਿਟੀਜ਼ਨਜ਼ ਹੋਮ, ਪਿੰਡ ਜੀਵਨਵਾਲ ਬਾਬਰੀ (ਨੇੜੇ ਸਿਵਲ ਹਸਪਤਾਲ) ਗੁਰਦਾਸਪੁਰ ਵਿਖੇ ਸਵੇਰੇ 11.00 ਵਜੇ,   ਗੁਰਦੁਆਰਾ ਸਾਹਿਬ ਪਿੰਡ ਖਵਾਸਪੁਰਾ ਰੂਪਨਗਰ ਵਿਖੇ ਸਵੇਰੇ 10.00 ਵਜੇ ਜਾਗਰੂਕ ਕੀਤਾ ਜਾਵੇਗਾ।


ਇਸੇ ਤਰ੍ਹਾਂ ਹੀ ਸੀਨੀਅਰ ਸਿਟੀਜ਼ਨ ਹੋਮ, ਪਿੰਡ ਰੋਂਗਲਾ, ਪਟਿਆਲਾ ਵਿਖੇ 11.00 ਵਜੇ, 5 ਸਤੰਬਰ ਨੂੰ ਸੀਨੀਅਰ ਸਿਟੀਜ਼ਨਜ਼ ਐਸੋਸ਼ੀਏਸ਼ਨ, ਮੁਹਾਲੀ, ਕਮਿਊ਼ਨਿਟੀ ਸੈਂਟਰ, ਫੇਸ-7, ਐਸ.ਏ.ਐਸ ਨਗਰ ਵਿਖੇ ਦੁਪਹਿਰ 4.30 ਵਜੇ, ਸੀਨੀਅਰ ਸਿਟੀਜ਼ਨਜ਼ ਸੈਂਟਰ ਆਈ.ਟੀ.ਆਈ ਚੌਂਕ ਰਾਜਪੁਰਾ ਵਿਖੇ ਦੁਪਹਿਰ 12.00 ਵਜੇ, 6 ਸਤੰਬਰ ਨੂੰ ਓਲਡ ਏਜ ਹੋਮ ਆਨੰਦ ਨਗਰ ਰਾਜਪੁਰਾ ਵਿਖੇ ਦੁਪਹਿਰ 12.00 ਵਜੇ, 8 ਸਤੰਬਰ ਨੂੰ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਜੱਟਾਂ ਗੁਰਦਾਸਪੁਰ ਵਿਖੇ ਦੁਪਹਿਰ 3.00 ਵਜੇ ਅਤੇ ਗੁਰਦੁਆਰਾ ਸਾਹਿਬ ਪਿੰਡ ਘਨੌਲਾ ਰੂਪਨਗਰ ਵਿਖੇ ਸਵੇਰੇ 10.30 ਵਜੇ, 9 ਸਤੰਬਰ ਗੁਰਦੁਆਰਾ ਸਾਹਿਬ ਹੀਰਾ ਬਾਗ ਨੇੜੇ ਨਵਾਂ ਬੱਸ ਸਟੈਡ ਪਟਿਆਲਾ ਸਵੇਰੇ ਵਿਖੇ 11.00 ਵਜੇ, ਸੀਨੀਅਰ ਸਿਟੀਜ਼ਨ ਐਸੋਸ਼ੀਏਸ਼ਨ, ਮੱਛੀ ਪਾਰਕ ਗੁਰਦਾਸਪੁਰ ਵਿਖੇ 11.00 ਵਜੇ , 11 ਸਤੰਬਰ ਨੂੰ ਗੁਰਦੁਆਰਾ ਸਾਹਿਬ ਪਿੰਡ ਸਹੌੜ ਗੁਰਦਾਸਪੁਰ ਵਿਖੇ 11.30 ਵਜੇ, 16 ਸਤੰਬਰ ਨੂੰ ਸੀਨੀਅਰ ਸਿਟੀਜ਼ਨ ਫੌਰਮ ਗੁਰਦੁਆਰਾ ਸਾਹਿਬ, ਬਿਸ਼ਨਪੁਰਾ, ਜ਼ੀਰਕਪੁਰ ਵਿਖੇ ਦੁਪਹਿਰ 3.30 ਵਜੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ।