ਚੰਡੀਗੜ੍ਹ: ਮਹਾਨ ਹਾਕੀ ਖਿਡਾਰੀ ਬਲਬੀਰ ਸਿੰਘ ਸੀਨੀਅਰ ਦੀ ਬਰਸੀ ਮੌਕੇ ਪੰਜਾਬ ਦੇ ਖੇਡ ਤੇ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਉਨ੍ਹਾਂ ਦੇ ਘਰ ਪੁੱਜੇ ਤੇ ਮਹਾਨ ਖਿਡਾਰੀ ਨੂੰ ਸ਼ਰਧਾਂਜਲੀ ਭੇਂਟ ਕੀਤੀ। ਬਲਬੀਰ ਸਿੰਘ ਜੀ ਨੇ ਆਪਣੀ ਖੇਡ ਨਾਲ ਪੰਜਾਬ ਦਾ ਨਾਮ ਪੂਰੇ ਦੇਸ਼ ਵਿੱਚ ਚਮਕਾਇਆ ਹੈ।
ਮੀਤ ਹੇਅਰ ਨੇ ਕਿਹਾ, "ਹਾਕੀ ਖੇਡ ਨੂੰ ਉਨ੍ਹਾਂ ਦੀ ਦੇਣ ਭੁਲਾਈ ਨਹੀਂ ਜਾ ਸਕਦੀ। ਉਨ੍ਹਾਂ ਦੀ ਬੇਟੀ ਸੁਸ਼ਬੀਰ ਕੌਰ ਤੇ ਦੋਹਤੇ ਕਬੀਰ ਸਿੰਘ ਨੇ ਬਲਬੀਰ ਸਿੰਘ ਸੀਨੀਅਰ ਜੀ ਨਾਲ ਜੁੜੀਆਂ ਅਨਮੋਲ ਯਾਦਾਂ ਸਾਂਝੀਆਂ ਕੀਤੀਆਂ। ਪਰਿਵਾਰ ਵੱਲੋਂ ਉਨ੍ਹਾਂ ਦੀ ਜੀਵਨੀ “ਗੋਲਡਨ ਗੋਲ” ਦਿੱਤੀ ਗਈ। ਸੱਚਮੁੱਚ ਉਹ ਜਿੰਨੇ ਵੱਡੇ ਖਿਡਾਰੀ ਉਨੇ ਹੀ ਮਹਾਨ ਇਨਸਾਨ ਸਨ।"
ਉਨ੍ਹਾਂ ਕਿਹਾ, "ਇਸ ਮੌਕੇ ਮੈਂ ਦੱਸਣਾ ਚਾਹਾਂਗਾ ਕਿ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਜੀ ਵੱਲੋਂ ਮੁਹਾਲੀ ਸਥਿਤ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਕੌਮਾਂਤਰੀ ਹਾਕੀ ਸਟੇਡੀਅਮ ਵਿਖੇ ਉਨ੍ਹਾਂ ਦਾ ਬੁੱਤ ਸਥਾਪਤ ਕਰਨ ਦਾ ਫੈਸਲਾ ਕੀਤਾ ਜਾਵੇਗਾ। ਸਿੱਖਿਆ ਵਿਭਾਗ ਵੱਲੋਂ ਉਨ੍ਹਾਂ ਦੀ ਜੀਵਨੀ ਨੂੰ ਸਕੂਲੀ ਬੱਚਿਆਂ ਦੇ ਸਿਲੇਬਸ ਵਿੱਚ ਸ਼ਾਮਲ ਕੀਤਾ ਜਾਵੇਗਾ। ਇਸ ਮੌਕੇ ਮੈਂ ਭਾਰਤ ਸਰਕਾਰ ਨੂੰ ਗੁਜ਼ਾਰਿਸ਼ ਕਰਦਾ ਹਾਂ ਕਿ ਇਸ ਮਹਾਨ ਖਿਡਾਰੀ ਨੂੰ ਦੇਸ਼ ਦੇ ਸਰਵੋਤਮ ਨਾਗਰਿਕ ਸਨਮਾਨ ‘ਭਾਰਤ ਰਤਨ’ ਨਾਲ ਸਨਮਾਨਿਆ ਜਾਵੇ।"
ਭਾਰਤੀ ਹਾਕੀ ਟੀਮ ਦੇ ਮਹਾਨ ਖਿਡਾਰੀ ਬਲਬੀਰ ਸਿੰਘ ਸੀਨੀਅਰ ਦਾ 25 ਮਈ 2022 ਨੂੰ ਦੇਹਾਂਤ ਹੋ ਗਿਆ ਸੀ। ਬਲਬੀਰ ਸਿੰਘ ਸੀਨੀਅਰ ਹਾਕੀ ਦੇ ਜਾਦੂਗਰ ਧਿਆਨ ਚੰਦ ਤੋਂ ਬਾਅਦ ਹਾਕੀ ਦੇ ਸੁਨਹਿਰੀ ਇਤਿਹਾਸ ਦਾ ਕੀਮਤੀ ਪੰਨਾ ਹੈ। 10 ਅਕਤੂਬਰ, 1924 ਨੂੰ ਪਿੰਡ ਹਰੀਪੁਰ ਖ਼ਾਲਸਾ ਤੋਂ ਜ਼ਿੰਦਗੀ ਦਾ ਸਫ਼ਰ ਸ਼ੁਰੂ ਕਰਨ ਵਾਲੇ ਵਾਲੇ ਬਲਬੀਰ ਸਿੰਘ ਸੀਨੀਅਰ ਨੇ 1948 ਲੰਡਨ ਓਲੰਪਿਕ ਤੋਂ ਆਪਣੇ ਅੰਤਰਰਾਸ਼ਟਰੀ ਹਾਕੀ ਕਰੀਅਰ ਦਾ ਆਗਾਜ਼ ਕੀਤਾ।
ਦੱਸ ਦਈਏ ਕਿ ਭਾਰਤ ਨੇ ਆਪਣੇ ਮੁਢਲੇ ਮੈਚ ਵਿੱਚ ਅਰਜਨਟੀਨਾ ਨੂੰ 9-1 ਗੋਲਾਂ ਨਾਲ ਹਰਾਇਆ ਜਿਸ ਵਿੱਚ ਬਲਵੀਰ ਸਿੰਘ ਨੇ 6 ਗੋਲ ਕੀਤੇ, ਫਾਈਨਲ ਮੁਕਾਬਲੇ ਵਿੱਚ ਇੰਗਲੈਂਡ ਵਿਰੁੱਧ ਦੋ ਗੋਲ ਕਰਕੇ ਆਜ਼ਾਦ ਭਾਰਤ ਨੂੰ ਓਲੰਪਿਕ ਖੇਡਾਂ ਦਾ ਪਹਿਲਾ ਸੋਨ ਤਗਮਾ ਜਿਤਾਉਣ ਵਿੱਚ ਅਹਿਮ ਭੂਮਿਕਾ ਨਿਭਾਈ। ਸਾਲ 1952 ਹੈਲਸਿੰਕੀ ਓਲੰਪਿਕ ਵਿੱਚ ਬਲਵੀਰ ਸਿੰਘ ਦਾ ਹਾਕੀ ਸਿਤਾਰਾ ਪੂਰੀ ਤਰ੍ਹਾਂ ਸਿਖਰ 'ਤੇ ਸੀ। ਕਪਤਾਨ ਕੇਡੀ ਸਿੰਘ ਬਾਬੂ ਦੀ ਅਗਵਾਈ ਹੇਠ ਬਲਵੀਰ ਸਿੰਘ ਸੀਨੀਅਰ ਟੀਮ ਦੇ ਉੱਪ ਕਪਤਾਨ ਬਣੇ ਸਨ। ਪੂਰੇ ਟੂਰਨਾਮੈਂਟ ਦੌਰਾਨ ਭਾਰਤ ਨੇ ਵਿਰੋਧੀ ਟੀਮਾਂ ਸਿਰ 13 ਗੋਲ ਕੀਤੇ ਜਿਨ੍ਹਾਂ ਵਿੱਚੋਂ 9 ਗੋਲ ਇਕੱਲੇ ਬਲਬੀਰ ਸਿੰਘ ਨੇ ਕੀਤੇ ਸਨ।
1956 ਓਲੰਪਿਕ ਖੇਡਾਂ ਦੀ ਯਾਦ ਵਿੱਚ ਭਾਰਤ ਸਰਕਾਰ ਨੇ ਉਨ੍ਹਾਂ ਦੇ ਨਾਂਅ ਤੇ ਡਾਕ ਟਿਕਟ ਜਾਰੀ ਕੀਤੀ। 1957 ਵਿੱਚ ਭਾਰਤ ਸਰਕਾਰ ਨੇ ਉਨ੍ਹਾਂ ਨੂੰ ਪਦਮ ਸ੍ਰੀ ਅਵਾਰਡ ਨਾਲ ਨਿਵਾਜਿਆ। ਸਾਲ 2006 ਵਿੱਚ ਉਨ੍ਹਾਂ ਨੂੰ ਸਰਵੋਤਮ ਸਿੱਖ ਖਿਡਾਰੀ ਦਾ ਖਿਤਾਬ, 2015 ਵਿੱਚ ਮੇਜਰ ਧਿਆਨ ਚੰਦ ਲਾਈਫ ਟਾਈਮ ਅਚੀਵਮੈਂਟ ਐਵਾਰਡ ਮਿਲਿਆ ਪਰ ਜਿਸ ਐਵਾਰਡ ਦੇ ਉਹ ਅਸਲ ਹੱਕਦਾਰ ਸਨ ਭਾਰਤ ਰਤਨ ਐਵਾਰਡ, ਉਸ ਬਾਰੇ ਭਾਰਤ ਸਰਕਾਰ ਨੇ ਉਨ੍ਹਾਂ ਨੂੰ ਅਣਗੌਲਿਆ ਹੀ ਰੱਖਿਆ। ਬਲਬੀਰ ਸਿੰਘ ਸੀਨੀਅਰ ਨੇ ਕੁੱਲ 36 ਰਾਸ਼ਟਰੀ ਤੇ ਅੰਤਰਰਾਸ਼ਟਰੀ ਤਗਮੇ ਜਿੱਤੇ।