Punjab News: ਮੋਹਾਲੀ ਜ਼ਿਲੇ ਨੂੰ ਸੋਹਣਾ ਹਸਪਤਾਲ ਵੱਲੋਂ ਤਿਆਰ ਕੀਤਾ ਗਿਆ ਸੋਹਾਣਾ ਕੈਂਸਰ ਰਿਸਰਚ ਇੰਸਟੀਚਿਊਟ ਆਮ ਲੋਕਾਂ ਲਈ ਖ਼ੋਲ ਦਿਤਾ ਗਿਆ। ਇਸ ਹਸਪਤਾਲ ਦੇ ਖੁੱਲਣ ਨਾਲ ਉੱਤਰੀ ਭਾਰਤ ਤੋਂ ਲੰਬੇ ਸਮੇਂ ਤੋਂ ਅਤਿ ਆਧੁਨਿਕ ਮਸ਼ੀਨਾਂ ਵਾਲੇ ਇਕ ਸੰਪੂਰਨ ਕੈਂਸਰ ਦੇ ਇਲਾਜ ਕਰਨ ਦੇ ਹਸਪਤਾਲ ਦੀ ਕਮੀ ਪੂਰੀ ਹੋ ਗਈ।


ਇਸ ਹਸਪਤਾਲ ਦਾ ਉਦਘਾਟਨ ਸਿੰਘ ਸਾਹਿਬਾਨਾਂ ਅਤੇ ਪੰਥ ਦੀਆਂ ਮਹਾਨ ਸ਼ਖ਼ਸੀਅਤਾਂ ਵੱਲੋਂ ਪੰਥ ਰਤਨ ਭਾਈ ਸਾਹਿਬ ਭਾਈ ਜਸਬੀਰ ਸਿੰਘ ਜੀ ਖ਼ਾਲਸਾ ਖੰਨੇ ਵਾਲਿਆਂ ਦੀ ਯਾਦ ‘ਚ ਕਰਵਾਏ ਸਾਲਾਨਾ ਗੁਰਮਤਿ ਸਮਾਗਮ ਦੌਰਾਨ ਕੀਤਾ ਗਿਆ।


ਜਦ ਕਿ ਐਡਵਾਂਸਡ ਪੈਟ ਸੀ ਸੀ ਸਕੈਨ ਦਾ ਉਦਘਾਟਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਵੱਲੋਂ ਕੀਤਾ ਗਿਆ। ਮੋਹਾਲੀ ਦੇ ਡਿਪਟੀ ਕਮਿਸ਼ਨਰ ਅਮਿਤ ਤਲਵਾੜ ਨੇ ਐਡਵਾਂਸ ਟਰੂਬੀਮ ਲਿਨੀਅਰ ਮਸ਼ੀਨ ਦਾ ਉਦਘਾਟਨ ਕੀਤਾ। ਭਾਈ ਸਾਹਿਬ ਭਾਈ ਦਵਿੰਦਰ ਸਿੰਘ ਖ਼ਾਲਸਾ ਖੰਨੇ ਵਾਲੇ ਨੇ ਸਭ ਆਈਆਂ ਮਹਾਨ ਸ਼ਖ਼ਸੀਅਤਾਂ ਨੂੰ ਜੀ ਆਇਆ ਕਿਹਾ।


ਜ਼ਿਕਰਯੋਗ ਹੈ ਕਿ ਭਾਈ ਜਸਬੀਰ ਸਿੰਘ ਜੀ ਖੰਨੇ ਵਾਲਿਆਂ ਵੱਲੋਂ ਮਨੁੱਖਤਾ ਦੀ ਸੇਵਾ ਲਈ ਸ਼ੁਰੂ ਕੀਤੇ ਗਏ ਅੱਖਾਂ ਦੇ ਹਸਪਤਾਲ ਤੋਂ ਕੈਂਸਰ ਰਿਸਰਚ ਇੰਸਟੀਚਿਊਟ ਤੱਕ ਦੇ ਸਫ਼ਰ ਦੌਰਾਨ ਲੱਖਾਂ ਮਰੀਜ਼ਾਂ ਨੇ ਸੋਹਾਣਾ ਹਸਪਤਾਲ ਤੋਂ ਬਿਹਤਰੀਨ ਸੁਵਿਧਾਵਾਂ ਰਾਹੀਂ ਆਪਣਾ ਇਲਾਜ ਕਰਵਾਇਆ।


ਸੋਹਾਣਾ ਕੈਂਸਰ ਰਿਸਰਚ ਇੰਸਟੀਚਿਊਟ ਦੀ ਲੋਕ ਅਰਪਣ ਮੌਕੇ ਤੇ ਵੱਡੀ ਗਿਣਤੀ ਵਿਚ ਜਿੱਥੇ ਮਹਾਨ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ । ਉੱਥੇ ਹੀ ਪੰਥ ਰਤਨ ਭਾਈ ਸਾਹਿਬ ਭਾਈ ਜਸਬੀਰ ਸਿੰਘ ਜੀ ਖ਼ਾਲਸਾ ਖੰਨੇ ਵਾਲਿਆਂ ਦੀ ਯਾਦ ‘ਚ ਕਰਵਾਏ ਸਾਲਾਨਾ ਗੁਰਮਤਿ ਸਮਾਗਮ ਵਿਚ ਦੇਸ਼-ਵਿਦੇਸ਼ ਤੋਂ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਨੇ ਇਕੱਠੇ ਹੋ ਕੇ ਸਵੇਰੇ 10 ਵਜੇ ਤੋਂ ਰਾਤ 10.30 ਵਜੇ ਤੱਕ ਗੁਰਮਤਿ ਸਮਾਗਮ ਵਿਚ ਰਸਮਈ ਕੀਰਤਨ ਦਾ ਆਨੰਦ ਮਾਣਿਆ।


ਸੋਹਾਣਾ ਕੈਂਸਰ ਰਿਸਰਚ ਇੰਸਟੀਚਿਊਟ ਦੇ ਉਦਘਾਟਨ ਮੌਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ, ਪਟਿਆਲਾ ਦੇ ਐਮ ਐਲ ਏ ਅਜੀਤਪਾਲ ਸਿੰਘ ਕੋਹਲੀ, ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ, ਮੋਹਾਲੀ ਦੇ ਮੇਅਰ ਜੀਤੀ ਸਿੱਧੂ, ਇਨਕਮ ਟੈਕਸ ਕਮਿਸ਼ਨਰ ਜੀਵਨ ਦੀਪ ਸਿੰਘ ਕਾਹਲੋਂ, ਫ਼ਿਲਮ ਅਦਾਕਾਰ ਗੁਰਪ੍ਰੀਤ ਘੁੱਗੀ ਸਮੇਤ ਹੋਰ ਕਈ ਮਹਾਨ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ।


ਇਸ ਦੇ ਨਾਲ ਸਿੱਖ ਪੱਥ ਦੀ ਮਹਾਨ ਸ਼ਖ਼ਸੀਅਤਾਂ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ, ਸਿੰਗ ਸਾਹਿਬ ਗਿਆਨੀ ਰਘਬੀਰ ਸਿੰਘ ਜਥੇਦਾਰ ਸ੍ਰੀ ਕੇਸਗੜ ਸਾਹਿਬ, ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ, ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ, ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਬਗਲਾ ਸਾਹਿਬ, ਸਿੰਘ ਸਾਹਿਬ ਗਿਆਨੀ ਮਲਕੀਤ ਸਿੰਘ, ਭਾਈ ਗੁਰਸ਼ਰਨ ਸਿੰਘ, ਬਾਬਾ ਅਨਹਦ ਰਾਜ ਸਿੰਘ ਲੁਧਿਆਣਾ ਵਾਲੇ, ਮਾਤਾ ਵਿਪਿਨ ਪ੍ਰੀਤ ਕੌਰ, ਬਾਲਾ ਬਲਜਿੰਦਰ ਸਿੰਘ, ਮਹੰਤ ਕਰਮਜੀਤ ਸਿੰਘ ਯਮੁਨਾਨਗਰ ਵਾਲੇ ਸਮੇਤ ਹੋਰ ਕਈ ਹਸਤੀਆਂ ਨੇ ਇਸ ਸਮਾਰੋਹ ਵਿਚ ਪਹੁੰਚ ਕੇ ਪੰਥ ਰਤਨ ਭਾਈ ਸਾਹਿਬ ਭਾਈ ਜਸਬੀਰ ਸਿੰਘ ਜੀ ਖ਼ਾਲਸਾ ਖੰਨੇ ਵਾਲਿਆਂ ਵੱਲੋਂ ਸ਼ੁਰੂ ਕੀਤੇ ਮਾਨਵਤਾ ਦੇ ਭਲੇ ਦੇ ਕਾਰਜਾਂ ਦੀ ਸਲਾਹਣਾ ਕੀਤੀ।


ਟਰੱਸਟੀ ਗੁਰਮੀਤ ਸਿੰਘ ਨੇ ਹਾਜ਼ਰ ਆਏ ਸਭ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਦੱਸਿਆਂ ਕਿ ਸੋਹਾਣਾ ਕੈਂਸਰ ਰਿਸਰਚ ਇੰਸਟੀਚਿਊਟ ਵਿਚ ਕੈਂਸਰ ਦਾ ਇਲਾਜ ਲਈ ਸੰਪੂਰਨ ਹਸਪਤਾਲ ਹਸਪਤਾਲ ਹੋਵੇਗਾ ਜਿੱਥੇ ਰੇਡੀਏਸ਼ਨ ਤੋਂ ਇਲਾਵਾ ਸਰਜੀਕਲ ਅਤੇ ਮੈਡੀਕਲ ਆਨਕਾਲੋਜੀ ਦੀਆਂ ਸਹੂਲਤਾਂ ਵੀ ਉਪਲਬਧ ਹੋਣਗੀਆਂ। ਇਸ ਉਪਰਾਲੇ ਲਈ ਕੈਂਸਰ ਦੇ ਮਾਹਿਰ ਡਾਕਟਰਾਂ ਦੀ ਤਜਰਬੇਕਾਰ ਟੀਮ ਰੱਖੀ ਗਈ ਹੈ।


ਇਸ ਨਾਲ ਹੀ ੳ ਪੀ ਡੀ ਵਿਚ ਕੈਂਸਰ ਦੇ ਮੈਡੀਕਲ, ਸਰਜੀਕਲ, ਰੇਡੀਏਸ਼ਨ ਅਤੇ ਰੋਕਥਾਮ ਵਾਲੇ ਵੱਖ-ਵੱਖ ਵਿਭਾਗ ਆਪਸੀ ਤਾਲਮੇਲ ਰਾਹੀਂ ਕੰਮ ਕਰਨਗੇ। ਜਦ ਕਿ ਹਸਪਤਾਲ ਵਿਚ ਹਰ ਕਿਸਮ ਦੇ ਬਾਲਗ ਅਤੇ ਬਾਲ ਰੋਗਾਂ ਦੇ ਕੈਂਸਰ ਦਾ ਇਲਾਜ ਉਪਲਬਧ ਹੈ। ਗੁਰਮੀਤ ਸਿੰਘ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆਂ ਕਿ ਰੇਡੀਏਸ਼ੀਅਨ ਥੈਰੇਪੀ ਲਈ ਅਤਿ ਆਧੁਨਿਕ ਟਾਪ-ਆਫ ਦੀ ਲਾਈਨ ਲਿਨੀਅਰ ਐਕਸਲੇਟਰ ਮਸ਼ੀਨ ਲਗਾਈ ਗਈ ਹੈ।


ਇਸ ਦੇ ਇਲਾਵਾ ਨਿਊਕਲੀਅਰ ਮੈਡੀਸਨ ਅਤੇ ਐਡਵਾਂਸਡ ਪੀ ਈ ਟੀ ਸੀ ਟੀ ਸਕੈਨ, ਪੈਥੋਲੋਜੀ ਅਤੇ ਮਾਈਕ੍ਰੋਬਾਇੳਲੋਜੀ, ਡੇ-ਕੇਅਰ ਕੀਮੋਥੈਰੇਪੀ ਜਿਹੀਆਂ ਸੁਵਿਧਾਵਾਂ ਵੀ ਉਪਲਬਧ ਕਰਾਈਆਂ ਗਈਆਂ ਹਨ।ਟਰੱਸਟੀ ਗੁਰਮੀਤ ਸਿੰਘ ਅਨੁਸਾਰ ਇਕ ਪਾਸੇ ਜਿੱਥੇ ਸੋਹਾਣਾ ਸੁਪਰ ਸਪੈਸ਼ਲਿਟੀ ਹਸਪਤਾਲ ਵਿਚ 400 ਬੈੱਡ ਦੀ ਸੁਵਿਧਾ ਉਪਲਬਧ ਹੈ। ਉੱਥੇ ਹੀ ਛੇਤੀ ਲਈ ਇਕ ਸੌ ਬੈੱਡ ਦਾ ਇਕ ਹੋਰ ਚੈਰਿਟੀ ਹਸਪਤਾਲ ਲਿਆਂਦਾ ਜਾਵੇਗਾ, ਜਿੱਥੇ ਮਰੀਜ਼ਾਂ ਲਈ ਕੋਈ ਪੇਮੈਂਟ ਕਾਊਂਟਰ ਹੀ ਨਹੀਂ ਹੋਵੇਗਾ।


ਡਾ. ਸੰਦੀਪ, ਕੈਂਸਰ ਮਾਹਿਰ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ ੳਨਕੋਲੋਜੀ ਜਾਂ ਕੈਂਸਰ ਲਈ ੳ ਪੀ ਡੀ ਦੀ ਸਹੂਲਤ ਵੀ ਮਰੀਜ਼ਾਂ ਨੂੰ ਮੁਫ਼ਤ ਵਾਂਗ ਹੀ ਉਪਲਬਧ ਹੋਵੇਗੀ। ਜਦਕਿ ਰੇਡੀਏਸ਼ਨ ਥੈਰੇਪੀ ਦਾ ਮੁੱਲ ਵੀ ਸਿਫ਼ਰ 75,000 ਰੱਖੀ ਗਈ ਹੈ। ਜਦ ਕਿ ਮਾਰਕੀਟ ਵਿਚ ਇਸ ਦੀ ਕੀਮਤ ਲੱਖਾਂ ਵਿਚ ਆਉਂਦੀ ਹੈ। ਇਸ ਦੇ ਨਾਲ ਹੀ ਐਡਵਾਂਸ ਪੀ ਈ ਟੀ ਸੀ ਟੀ ਦੀ ਸੁਵਿਧਾ ਵੀ ਸਿਰਫ਼ 10,000 ਰੱਖੀ ਗਈ ਹੈ, ਜੋ ਕਿ ਦੂਜੇ ਹਸਪਤਾਲਾਂ ਤੋਂ ਪੰਜ ਗੁਣਾ ਘੱਟ ਹੈ। ਇਸ ਦੇ ਹੀ ਲੋੜਵੰਦਾਂ ਲਈ ਵੀ ਕਈ ਸੁਵਿਧਾਵਾਂ ਉਪਲਬਧ ਕਰਵਾਈਆਂ ਜਾ ਰਹੀਆਂ ਹਨ।


ਮਾਨਵਤਾ ਦੀ ਸੇਵਾ ਲਈ ਜੋ ਕਾਰਜ ਭਾਈ ਜਸਵੀਰ ਸਿੰਘ ਖੰਨੇ ਵਾਲਿਆਂ ਨੇ ਅੱਖਾਂ ਦੇ ਹਸਪਤਾਲ ਨੂੰ ਆਰੰਭ ਕਰਕੇ ਸ਼ੁਰੂ ਕੀਤਾ ਸੀ। ਉਸ ਕਾਰਜ ਨੂੰ ਅੱਗੇ ਵਧਾਉਂਦੇ ਹੋਏ ਮਲਟੀ ਸਪੈਸ਼ਲਿਟੀ ਅਤੇ ਫਿਰ ਸੁਪਰ ਸਪੈਸ਼ਲਿਟੀ ਮੈਡੀਕਲ ਸੇਵਾਵਾਂ ਉਪਲਬਧ ਕਰਾਉਣ ਤੋਂ ਬਾਅਦ ਮਾਨਵ ਸੇਵਾ ਲਈ ਇਕ ਹੋਰ ਉਪਰਾਲਾ ਕੀਤਾ ਜਾ ਰਿਹਾ ਹੈ।