Punjab News: ਭਾਜਪਾ ਦੇ ਕੌਮੀ ਬੁਲਾਰੇ ਜੈਵੀਰ ਸ਼ੇਰਗਿੱਲ ਦੀ ਅਗਵਾਈ ਵਿੱਚ ਕਿਲਾ ਰਾਏਪੁਰ ਸਪੋਰਟਸ ਸੁਸਾਇਟੀ ਦੇ ਇੱਕ ਵਫ਼ਦ ਨੇ ਅੱਜ ਇੱਥੇ ਕੇਂਦਰੀ ਖੇਡਾਂ, ਯੁਵਾ ਮਾਮਲੇ ਅਤੇ ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨਾਲ ਮੁਲਾਕਾਤ ਕੀਤੀ।  


ਕੇਂਦਰੀ ਮੰਤਰੀ ਨਾਲ ਮੁਲਾਕਾਤ ਦੌਰਾਨ ਵਫ਼ਦ ਦੇ ਮੈਂਬਰਾਂ ਨੇ ਠਾਕੁਰ ਨੂੰ ਅਪੀਲ ਕੀਤੀ ਕਿ ਉਹ 'ਪਸ਼ੂਆਂ ਪ੍ਰਤੀ ਬੇਰਹਿਮੀ ਦੀ ਰੋਕਥਾਮ (ਪੰਜਾਬ ਸੋਧ) ਬਿੱਲ 2019' ਨੂੰ ਰਾਸ਼ਟਰਪਤੀ ਤੋਂ ਮਨਜ਼ੂਰੀ ਦਿਵਾਉਣ।  ਸ਼ੇਰਗਿੱਲ ਨੇ ਠਾਕੁਰ ਨੂੰ ਦੱਸਿਆ ਕਿ ਬਿੱਲ ਨੂੰ ਰਾਸ਼ਟਰਪਤੀ ਦੀ ਮਨਜ਼ੂਰੀ ਨਾਲ ਸਾਲਾਨਾ ਕਿਲਾ ਰਾਏਪੁਰ ਰੂਰਲ ਓਲੰਪਿਕ ਵਿੱਚ ਬੈਲ ਗੱਡੀਆਂ ਦੀ ਦੌੜ ਮੁੜ ਸ਼ੁਰੂ ਕਰਨ ਦਾ ਰਾਹ ਪੱਧਰਾ ਹੋ ਜਾਵੇਗਾ।






ਸ਼ੇਰਗਿੱਲ ਨੇ ਠਾਕੁਰ ਦਾ ਧਿਆਨ ਪਿਛਲੇ ਕਈ ਦਹਾਕਿਆਂ ਤੋਂ ਪੰਜਾਬ ਅਤੇ ਪੰਜਾਬੀਅਤ ਨਾਲ ਜੁੜੇ ਸੱਭਿਆਚਾਰ ਅਤੇ ਵਿਰਸੇ ਦੇ ਗੰਭੀਰ ਮੁੱਦੇ ਵੱਲ ਦਿਵਾਉਂਦਿਆਂ ਕਿਹਾ ਕਿ ਉਪਰੋਕਤ ਪੇਂਡੂ ਖੇਡਾਂ 1933 ਤੋਂ ਲਗਾਤਾਰ ਪਿੰਡ ਕਿਲਾ ਰਾਏਪੁਰ, ਜ਼ਿਲ੍ਹਾ ਲੁਧਿਆਣਾ ਵਿਖੇ ਕਰਵਾਈਆਂ ਜਾ ਰਹੀਆਂ ਹਨ।  ਸਮਾਂ ਬਦਲਣ ਨਾਲ ਇਨ੍ਹਾਂ ਪੇਂਡੂ ਖੇਡਾਂ ਦੀ ਲੋਕਪ੍ਰਿਅਤਾ ਵਿਚ ਕਾਫੀ ਵਾਧਾ ਹੋਇਆ ਹੈ ਅਤੇ ਇਨ੍ਹਾਂ ਨੂੰ ਪੂਰੀ ਦੁਨੀਆ ਵਿਚ ਮਿੰਨੀ ਓਲੰਪਿਕ ਵਜੋਂ ਜਾਣਿਆ ਜਾਂਦਾ ਹੈ।  ਇਹਨਾਂ ਖੇਡਾਂ ਵਿੱਚੋਂ ਸਭ ਤੋਂ ਵੱਧ ਪ੍ਰਸਿੱਧ ਬੈਲਗੱਡੀਆਂ ਦੀ ਦੌੜ ਹੈ, ਜਿਸ ਨੂੰ ਪੀ.ਈ.ਟੀ.ਏ (ਪੀਪਲ ਫਾਰ ਦ ਐਥੀਕਲ ਟ੍ਰੀਟਮੈਂਟ ਆਫ਼ ਐਨੀਮਲਜ਼) ਦੁਆਰਾ ਇੱਕ ਪਟੀਸ਼ਨ ਦੇ ਬਾਅਦ ਮਾਨਯੋਗ ਸੁਪਰੀਮ ਕੋਰਟ ਦੇ ਹੁਕਮਾਂ ਦੁਆਰਾ ਸਾਲ 2014 ਵਿੱਚ ਪਾਬੰਦੀ ਲਗਾਈ ਗਈ ਸੀ।



ਸ਼ੇਰਗਿੱਲ ਨੇ ਕੇਂਦਰੀ ਮੰਤਰੀ ਨੂੰ ਦੱਸਿਆ ਕਿ ਪੰਜਾਬ ਵਿੱਚ ਇਸ ਖੇਡ ਦੀ ਲੋਕਪ੍ਰਿਅਤਾ ਅਤੇ ਇਸਦੇ ਇਤਿਹਾਸਕ ਤੇ ਸੱਭਿਆਚਾਰਕ ਮਹੱਤਵ ਨੂੰ ਦੇਖਦਿਆਂ ਪੰਜਾਬ ਵਿਧਾਨ ਸਭਾ ਨੇ 'ਪਸ਼ੂਆਂ ਪ੍ਰਤੀ ਬੇਰਹਿਮੀ ਦੀ ਰੋਕਥਾਮ (ਪੰਜਾਬ ਸੋਧ) ਬਿੱਲ 2019' ਪਾਸ ਕਰਕੇ ਮਨਜ਼ੂਰੀ ਲਈ ਮਾਨਯੋਗ ਰਾਸ਼ਟਰਪਤੀ ਕੋਲ ਭੇਜਿਆ ਸੀ, ਪਰ ਭਾਰਤ ਸਰਕਾਰ ਨੇ ਅਜੇ ਤੱਕ ਬੈਲ ਗੱਡੀਆਂ ਦੀ ਦੌੜ ਮੁੜ ਸ਼ੁਰੂ ਕਰਨ ਨੂੰ ਮਨਜ਼ੂਰੀ ਨਹੀਂ ਦਿੱਤੀ ਹੈ।


ਸ਼ੇਰਗਿੱਲ ਨੇ ਠਾਕੁਰ ਨੂੰ ਨਿਮਰਤਾ ਸਹਿਤ ਅਪੀਲ ਕੀਤੀ ਕਿ ਉਹ ਕਿਲਾ ਰਾਏਪੁਰ ਸਪੋਰਟਸ ਸੋਸਾਇਟੀ ਦੀ ਮਦਦ ਕਰਨ ਤਾਂ ਜੋ ਆਉਣ ਵਾਲੀਆਂ ਖੇਡਾਂ ਵਿੱਚ ਬੈਲ ਗੱਡੀਆਂ ਦੀਆਂ ਦੌੜਾਂ ਵੀ ਸ਼ਾਮਲ ਕੀਤੀਆਂ ਜਾ ਸਕਣ।  ਇਸ ਤੋਂ ਇਲਾਵਾ, ਭਾਰਤੀ ਵਿਰਾਸਤੀ ਖੇਡਾਂ ਲਈ ਭਾਰਤ ਸਰਕਾਰ ਵੱਲੋਂ ਦਿੱਤੀ ਜਾਂਦੀ 2.5 ਲੱਖ ਰੁਪਏ ਦੀ ਸਾਲਾਨਾ ਗਰਾਂਟ ਵੀ ਪਿਛਲੇ 4 ਸਾਲਾਂ ਤੋਂ ਨਹੀਂ ਮਿਲੀ ਹੈ।  ਸ਼ੇਰਗਿੱਲ ਨੇ ਠਾਕੁਰ ਨੂੰ ਇਸ ਮਾਮਲੇ ਦੀ ਘੋਖ ਕਰਨ ਦੀ ਬੇਨਤੀ ਕੀਤੀ, ਤਾਂ ਜੋ ਗਰਾਂਟ ਦੇ ਬਕਾਏ ਜਲਦੀ ਜਾਰੀ ਕੀਤੇ ਜਾ ਸਕਣ।