ਰਜਨੀਸ਼ ਕੌਰ ਦੀ ਰਿਪੋਰਟ 


Stubble Burning in Punjab : ਪੰਜਾਬ ਵਿੱਚ ਮੰਗਲਵਾਰ ਨੂੰ ਪਰਾਲੀ ਸਾੜਨ ਦੀਆਂ ਰਿਕਾਰਡ 1,842 ਘਟਨਾਵਾਂ ਸਾਹਮਣੇ ਆਈਆਂ ਹਨ। ਵਿਰੋਧੀ ਧਿਰ ਕਾਂਗਰਸ ਤੇ ਭਾਰਤੀ ਜਨਤਾ ਪਾਰਟੀ (BJP) ਨੇ 'ਆਮ ਆਦਮੀ ਪਾਰਟੀ' (AAP) ਸਰਕਾਰ 'ਤੇ ਨਿਸ਼ਾਨਾ ਸਾਧਿਆ। ਪਰਾਲੀ ਸਾੜਨ ਦੀਆਂ ਵਧਦੀਆਂ ਘਟਨਾਵਾਂ 'ਤੇ ਭਾਜਪਾ ਨੇ 'ਆਪ' ਸਰਕਾਰ ਨੂੰ ਘੇਰਦਿਆਂ ਕਿਹਾ ਕਿ 'ਇਸ ਨੂੰ ਆਪਣੀ 'ਗੂੜ੍ਹੀ ਨੀਂਦ' ਤੋਂ ਜਾਗਣਾ ਚਾਹੀਦਾ ਹੈ।'



ਸੂਬੇ 'ਚ ਪਰਾਲੀ ਸਾੜਨ ਦੀਆਂ ਘਟਨਾਵਾਂ 1800 ਤੋਂ ਵੱਧ



ਦੱਸ ਦੇਈਏ ਕਿ ਮੰਗਲਵਾਰ ਨੂੰ ਸੂਬੇ 'ਚ ਪਰਾਲੀ ਸਾੜਨ ਦੀਆਂ 1842 ਘਟਨਾਵਾਂ ਦਰਜ ਕੀਤੀਆਂ ਗਈਆਂ, ਜਿਨ੍ਹਾਂ 'ਚ ਸਭ ਤੋਂ ਵੱਧ 345 ਮਾਮਲੇ ਸੰਗਰੂਰ ਜ਼ਿਲ੍ਹੇ ਦੇ ਹਨ, ਜਦਕਿ ਫਿਰੋਜ਼ਪੁਰ 'ਚ 229, ਪਟਿਆਲਾ 'ਚ 196, ਬਠਿੰਡਾ 'ਚ 160, ਤਰਨ ਤਾਰਨ 'ਚ 123, ਬਰਨਾਲਾ 'ਚ 97 ਮਾਮਲੇ ਤੇ ਮੁਕਤਸਰ ਦੀਆਂ 91 ਘਟਨਾਵਾਂ ਸਾਹਮਣੇ ਆਈਆਂ ਹਨ। 


ਸੁਭਾਸ਼ ਸ਼ਰਮਾ ਨੇ ਕੇਜਰੀਵਾਲ ਨੂੰ ਕੀਤਾ ਸਵਾਲ



ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 'ਤੇ ਨਿਸ਼ਾਨਾ ਸਾਧਦੇ ਹੋਏ ਪਾਰਟੀ ਨੇ ਰੇਖਾਂਕਿਤ ਕੀਤਾ ਕਿ ਪਹਿਲਾਂ ਉਹ ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਰੋਕਣ 'ਚ ਨਾਕਾਮ ਰਹਿਣ ਲਈ ਪਿਛਲੀ ਪੰਜਾਬ ਸਰਕਾਰ 'ਤੇ ਨਿਸ਼ਾਨਾ ਸਾਧਦੇ ਸਨ ਅਤੇ ਦਿੱਲੀ ਦੇ ਪ੍ਰਦੂਸ਼ਣ ਲਈ ਇਸ ਨੂੰ ਜ਼ਿੰਮੇਵਾਰ ਠਹਿਰਾਉਂਦੇ ਸੀ। ਭਾਜਪਾ ਦੀ ਪੰਜਾਬ ਇਕਾਈ ਦੇ ਜਨਰਲ ਸਕੱਤਰ ਸੁਭਾਸ਼ ਸ਼ਰਮਾ ਨੇ ਸਵਾਲ ਕੀਤਾ ਕਿ ਦਿੱਲੀ ਦੇ ਮੁੱਖ ਮੰਤਰੀ ਹੁਣ ਚੁੱਪ ਕਿਉਂ ਹਨ?


 ਤਰੁਣ ਚੁੱਘ ਕਿਹਾ ਸਰਕਾਰ ਪੂਰੀ ਤਰ੍ਹਾਂ ਅਸਫ਼ਲ



ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਸੂਬੇ ਵਿੱਚ ਪਰਾਲੀ ਸਾੜਨ ਨੂੰ ਰੋਕਣ ਵਿੱਚ ‘ਪੂਰੀ ਤਰ੍ਹਾਂ ਨਾਲ ਅਸਫਲ’ ਰਹਿਣ ਵਾਲੀ ‘ਆਪ’ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ। ਉਹਨਾਂ ਕਿਹਾ, “ਪੰਜਾਬ ਵਿੱਚ ਪਰਾਲੀ ਸਾੜਨ ਦੀਆਂ 16,000 ਤੋਂ ਵੱਧ ਘਟਨਾਵਾਂ ਵਾਪਰ ਚੁੱਕੀਆਂ ਹਨ ਜੋ ਇਸ ਸਮੱਸਿਆ ਨਾਲ ਨਜਿੱਠਣ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਦੀ “ਅਸਫ਼ਲਤਾ ਅਤੇ ਅਸੰਵੇਦਨਸ਼ੀਲਤਾ” ਨੂੰ ਦਰਸਾਉਂਦੀਆਂ ਹਨ।


ਰਾਜਾ ਵੜਿੰਗ ਨੇ ਵੀ 'ਆਪ' ਲਿਆ ਆੜ੍ਹੇ ਹੱਥੀ



ਪੰਜਾਬ ਕਾਂਗਰਸ ਇਕਾਈ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਇਸ ਮੁੱਦੇ 'ਤੇ 'ਆਪ' ਸਰਕਾਰ ਦੀ ਆੜ੍ਹੇ ਹੱਥੀ ਲੈਂਦੇ ਹੋਏ ਕਿਹਾ ਕਿ ਪੰਜਾਬ 'ਚ ਪਰਾਲੀ ਸਾੜਨ ਨਾਲ ਪ੍ਰਦੂਸ਼ਣ ਖ਼ਤਰੇ ਦੇ ਪੱਧਰ 'ਤੇ ਪਹੁੰਚ ਚੁੱਕਾ ਹੈ। ਉਹਨਾਂ ਅੱਗੇ ਕਿਹਾ, "ਜਦੋਂ 'ਰੋਮ ਜਲ ਰਿਹਾ ਸੀ ਉਦੋਂ ਨੀਰੋ ਬੰਸਰੀ ਵਜਾ ਰਿਹਾ ਸੀ' ਦਾ ਸਹੀ ਉਦਾਹਰਣ ਹੈ।"


ਵੜਿੰਗ ਨੇ ਕਿਹਾ, ''ਆਪ ਦੇ ਆਗੂ ਗੁਜਰਾਤ 'ਚ ਹਾਰੀ ਹੋਈ ਲੜਾਈ ਲੜਨ 'ਚ ਰੁੱਝੇ ਹੋਏ ਹਨ ਜਦਕਿ ਪੰਜਾਬੀਆਂ ਨੂੰ ਉਨ੍ਹਾਂ ਨੇ ਪਰਾਲੀ ਸਾੜਨ ਕਾਰਨ ਦਮ ਘੋਟ ਮਾਹੌਲ 'ਚ ਛੱਡ ਦਿੱਤਾ ਹੈ। ਜਿਸ ਲਈ ਇੱਥੋਂ ਦੇ ਲੋਕਾਂ ਨੇ ਭਰੋਸੇ ਕਰ ਕੇ ਉਸ ਦੇ ਹੱਕ ਵਿੱਚ ਵੋਟਾਂ ਪਾਈਆਂ ਹਨ।