Stubble Burning: ਪਰਾਲੀ ਸਾੜਨ ਦਾ ਮਾਮਲਾ ਗਰਮਾਉਂਦਾ ਜਾ ਰਿਹਾ ਹੈ। ਵਿਰੋਧੀ ਧਿਰਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਨਿਸ਼ਾਨਾ ਬਣਾ ਰਹੀਆਂ ਹਨ। ਇਸ ਜੰਗ ਵਿੱਚ ਹੁਣ ਦਿੱਲੀ ਦੇ ਉੱਪ ਰਾਜਪਾਲ ਵਿਨੈ ਕੁਮਾਰ ਸਕਸੈਨਾ ਵੀ ਕੁੱਦ ਪਏ ਹਨ। ਉਨ੍ਹਾਂ ਨੇ ਇਸ ਬਾਰੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿੱਠੀ ਲਿਖੀ ਹੈ। 


ਦਿੱਲੀ ਦੇ ਉੱਪ ਰਾਜਪਾਲ ਵਿਨੈ ਕੁਮਾਰ ਸਕਸੈਨਾ ਦਾ ਕਹਿਣਾ ਹੈ ਕਿ ਉਹ ਪੰਜਾਬ 'ਚ ਪਰਾਲੀ ਸਾੜਨ 'ਤੇ ਕਾਬੂ ਪਾਉਣ ਲਈ ਤੁਹਾਨੂੰ ਤੁਰੰਤ ਠੋਸ ਉਪਾਅ ਕਰਨ ਦੀ ਬੇਨਤੀ ਕਰਦੇ ਹਨ। ਵਿਨੈ ਕੁਮਾਰ ਨੇ ਕਿਹਾ ਕਿ ਇਸ ਪਰਾਲੀ ਦੇ ਧੂੰਏ ਨਾਲ ਦਿੱਲੀ ਗੈਸ ਚੈਂਬਰ ਬਣ ਗਈ ਹੈ। ਦਿੱਲੀ 'ਚ 95 ਫ਼ੀਸਦੀ ਧੂੰਆ ਪੰਜਾਬ ਤੋਂ ਆ ਰਿਹਾ ਹੈ।


ਉਧਰ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦਿਆਂ ਕਿਹਾ ਕਿ ਐਲਜੀ ਸਾਹਿਬ ਤੁਸੀਂ ਦਿੱਲੀ ਦੀ ਚੁਣੀ ਹੋਈ ਸਰਕਾਰ ਦੇ ਕੰਮ ਰੋਕ ਰਹੇ ਹੋ। ‘ਰੈੱਡ ਲਾਈਟ ਆਨ, ਗੱਡੀ ਬੰਦ’ ਮੁਹਿੰਮ ਨੂੰ ਰੋਕ ਦਿੱਤਾ ਤੇ ਮੈਨੂੰ ਲਿਖ ਕੇ ਰਾਜਨੀਤੀ ਕਰ ਰਹੇ ਹੋ? ਅਜਿਹੇ ਗੰਭੀਰ ਵਿਸ਼ੇ ’ਤੇ ਰਾਜਨੀਤੀ ਕਰਨਾ ਠੀਕ ਨਹੀਂ ਹੈ।



ਆਬੋ-ਹਵਾ ਵਿਗੜਣ ਮਗਰੋਂ ਪ੍ਰਾਇਮਰੀ ਸਕੂਲ ਬੰਦ ਕਰਨ ਦਾ ਐਲਾਨ


ਦਿੱਲੀ ਦੇ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ ਨੇ ਐਲਾਨ ਕੀਤਾ ਹੈ ਕਿ ਜਿੰਨੀ ਦੇਰ ਤੱਕ ਪ੍ਰਦੂਸ਼ਨ ਦੀ ਸਥਿਤੀ ਸਹੀ ਨਹੀਂ ਹੁੰਦੀ ਓਨੀਂ ਦੇਰ ਤੱਕ ਦਿੱਲੀ ਦੇ ਪ੍ਰਾਇਮਰੀ ਸਕੂਲ ਬੰਦ ਰਹਿਣਗੇ। ਪਰਾਲੀ ਸਾੜਨ ਤੇ ਪ੍ਰਦੂਸ਼ਨ ਵਧਣ ਦੇ ਮੁੱਦਿਆਂ ਬਾਰੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ ਵੱਲੋਂ ਪ੍ਰੈੱਸ ਕਾਨਫ਼ਰੰਸ ਕੀਤੀ ਗਈ। 


ਇਸ ਦੌਰਾਨ ਉਨ੍ਹਾਂ ਨੇ ਵਿਰੋਧੀਆਂ ਨੂੰ ਘੇਰਦਿਆਂ ਪਰਾਲੀ ਸਾੜਨ ਤੇ ਪ੍ਰਦੂਸ਼ਨ ਵਧਣ ਦੇ ਮੁੱਦਿਆਂ ਉੱਪਰ ਆਪਣਾ ਸਪਸ਼ਟੀਕਰਨ ਵੀ ਰੱਖਿਆ। ਕੇਜਰੀਵਾਲ ਨੇ ਕਿਹਾ ਕਿ ਹਵਾ ਪ੍ਰਦੂਸ਼ਣ ਉੱਤਰੀ ਭਾਰਤ ਦੀ ਸਮੱਸਿਆ ਹੈ। 'ਆਪ', ਦਿੱਲੀ ਸਰਕਾਰ ਜਾਂ ਪੰਜਾਬ ਸਰਕਾਰ ਹੀ ਜ਼ਿੰਮੇਵਾਰ ਨਹੀਂ ਹਨ। ਉਨ੍ਹਾਂ ਕਿਹਾ ਕਿ ਇਕ-ਦੂਜੇ ਵੱਲ ਉਂਗਲ ਕਰਨ ਦੀ ਥਾਂ ਇਸ ਦਾ ਹੱਲ ਕੱਢਣਾ ਚਾਹੀਦਾ ਹੈ। 


ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਜਿੰਨੀ ਦੇਰ ਤੱਕ ਇਹ ਸਥਿਤੀ ਸਹੀ ਨਹੀਂ ਹੁੰਦੀ, ਓਨੀਂ ਦੇਰ ਤੱਕ ਦਿੱਲੀ ਦੇ ਪ੍ਰਾਇਮਰੀ ਸਕੂਲ ਬੰਦ ਰਹਿਣਗੇ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪਰਾਲੀ ਪ੍ਰਬੰਧਨ ਲਈ 1.20 ਮਸ਼ੀਨਾਂ ਦਿੱਤੀਆਂ ਗਈਆਂ ਹਨ। ਅਗਲੇ ਸਾਲ ਨਵੰਬਰ ਤੱਕ ਪਰਾਲੀ ਦਾ ਹੱਲ ਕੱਢਾਂਗੇ।