Stubble Burning In Punjab: ਪਰਾਲੀ ਸਾੜਨ ਦਾ ਮੁੱਦਾ ਗਰਮਾਇਆ ਹੋਇਆ ਹੈ। ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਪਰਾਲੀ ਸਾੜਨ ਦੀਆਂ ਰੋਜ਼ਾਨਾ ਰਿਪੋਰਟਾਂ ਆ ਰਹੀਆਂ ਹਨ। ਇਸੇ ਦੌਰਾਨ ਖੇਤੀਬਾੜੀ ਵਿਭਾਗ ਨੇ ਸਰਹੱਦੀ ਜ਼ਿਲ੍ਹਾ ਪਠਾਨਕੋਟ ਵਿੱਚ ਇਸ ਸਾਲ ਪਰਾਲੀ ਸਾੜਨ ਦਾ ਇੱਕ ਵੀ ਮਾਮਲਾ ਸਾਹਮਣੇ ਨਾ ਆਉਣ ਦਾ ਦਾਅਵਾ ਕੀਤਾ ਹੈ। ਇਹ ਦਾਅਵਾ ਪੰਜਾਬ ਖੇਤੀਬਾੜੀ ਵਿਭਾਗ ਦੇ ਜੁਆਇੰਟ ਡਾਇਰੈਕਟਰ ਜਗਦੀਸ਼ ਸਿੰਘ ਨੇ ਚੰਡੀਗੜ੍ਹ ਦੇ ਸੈਕਟਰ-17 ਸਥਿਤ ਪਰੇਡ ਗਰਾਊਂਡ ਵਿੱਚ ਲੱਗੇ ‘ਸੀਆਈਆਈ ਐਗਰੋਟੈੱਕ ਇੰਡੀਆ-2022’ ਮੇਲੇ ਵਿੱਚ ‘ਪਰਾਲੀ ਕਿਸਾਨਾਂ ਦੀ ਦੋਸਤ ਜਾਂ ਦੁਸ਼ਮਣ’ ਵਿਸ਼ੇ ’ਤੇ ਰੱਖੇ ਸੈਮੀਨਾਰ ਦੌਰਾਨ ਕਿਸਾਨਾਂ ਤੇ ਬੁੱਧੀਜੀਵੀਆਂ ਨੂੰ ਸੰਬੋਧਨ ਕਰਦਿਆਂ ਕੀਤਾ ਹੈ।
ਖੇਤੀਬਾੜੀ ਵਿਭਾਗ ਦੇ ਜੁਆਇੰਟ ਡਾਇਰੈਕਟਰ ਨੇ ਕਿਹਾ ਕਿ ਪਰਾਲੀ ਸਾੜਨ ਲਈ ਸਿਰਫ਼ ਕਿਸਾਨਾਂ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ। ਪਰਾਲੀ ਦੇ ਪ੍ਰਬੰਧਨ ਵਿੱਚ ਕਾਫੀ ਧਨ ਹੈ ਤੇ ਕਿਸਾਨਾਂ ਨੂੰ ਇਸ ਦੇ ਪ੍ਰਬੰਧਨ ਲਈ ਨਵੇਂ ਤਰੀਕੇ ਅਪਣਾਉਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ 31 ਲੱਖ ਹੈਟਕੇਅਰ ਰਕਬੇ ’ਚ ਝੋਨੇ ਦੀ ਪੈਦਾਵਾਰ ਹੁੰਦੀ ਹੈ, ਜਿੱਥੋਂ ਲੱਖਾਂ ਟਨ ਪਰਾਲੀ ਨਿਕਲਦੀ ਹੈ।
ਖੇਤੀਬਾੜੀ ਵਿਭਾਗ ਦੇ ਅਧਿਕਾਰੀ ਜਗਦੀਸ਼ ਸਿੰਘ ਨੇ ਕਿਹਾ ਕਿ ਅੱਜ ਵੱਡੀਆਂ-ਵੱਡੀਆਂ ਕੰਪਨੀਆਂ ਕਿਸਾਨਾਂ ਦੇ ਖੇਤਾਂ ਤੱਕ ਪਰਾਲੀ ਉਠਾਉਣ ਲਈ ਪਹੁੰਚ ਕਰ ਰਹੀਆਂ ਹਨ, ਇਸ ਲਈ ਕਿਸਾਨਾਂ ਨੂੰ ਪਰਾਲੀ ਸਾੜਨ ਦੀ ਥਾਂ ਉਸ ਨੂੰ ਸੰਭਾਲਣ ਦੀ ਲੋੜ ਹੈ। ਇਸ ਨਾਲ ਜ਼ਮੀਨ, ਖਾਦ, ਪਾਣੀ ਤੇ ਵਾਤਾਵਰਨ ਨੂੰ ਬਚਾਇਆ ਜਾ ਸਕਦਾ ਹੈ।
ਇਸ ਮੌਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਖੇਤੀ ਮਸ਼ੀਨਰੀ ਟਰੇਨਿੰਗ ਵਿਭਾਗ ਦੇ ਮੁਖੀ ਡਾ. ਮਹੇਸ਼ ਨਾਰੰਗ, ਹਿਸਾਰ ਖੇਤੀਬਾੜੀ ਕਾਲਜ ਦੇ ਪ੍ਰੋ. ਸਵਪਨੀਲ ਚੌਧਰੀ, ਹਰਿਆਣਾ ਖੇਤੀਬਾੜੀ ਵਿਭਾਗ ਦੇ ਜੁਆਇੰਟ ਡਾਇਰੈਕਟਰ ਜਗਮਿੰਦਰ ਸਿੰਘ ਨੈਣ, ਖੇੜੀ ਮਾਨੀ ਸੁਸਾਇਟੀ ਦੇ ਪ੍ਰਧਾਨ ਨਾਜ਼ਰ ਸਿੰਘ, ਹਰਿਆਣਾ ਦੇ ਫਤਿਹਾਬਾਦ ਤੋਂ ਕਿਸਾਨ ਰਾਮੇਸ਼ ਚੌਹਾਨ ਨੇ ਕਿਸਾਨਾਂ ਨੂੰ ਪਰਾਲੀ ਸਾੜਨ ਦੀ ਥਾਂ ਸੰਭਾਲਣ ’ਤੇ ਜ਼ੋਰ ਦਿੱਤਾ।
ਉਨ੍ਹਾਂ ਕਿਹਾ ਕਿ ਅੱਜ ਕਿਸਾਨ ਪਰਾਲੀ ਦੀ ਅਣਦੇਖੀ ਕਰ ਰਿਹਾ ਹੈ, ਪਰ ਆਉਣ ਵਾਲੇ ਦਿਨਾਂ ਵਿੱਚ ਪਰਾਲੀ ਆਮਦਨ ਦਾ ਵੱਡਾ ਸਾਧਨ ਬਣ ਜਾਵੇਗੀ। ਖੇਤੀਬਾੜੀ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਪਠਾਨਕੋਟ ਵਿੱਚ 28500 ਹੈੱਕਟੇਅਰ ਜ਼ਮੀਨ ਝੋਨੇ ਦੀ ਖੇਤੀ ਹੇਠ ਆਉਂਦੀ ਹੈ, ਜਿੱਥੇ ਹਰ ਸਾਲ ਕਿਸਾਨਾਂ ਵੱਲੋਂ ਪਰਾਲੀ ਸਾੜੀ ਜਾਂਦੀ ਸੀ। ਇਸ ਸਾਲ ਕਿਸਾਨ ਪਸ਼ੂ ਪਾਲਕਾਂ ਸਣੇ ਹੋਰਨਾਂ ਨੂੰ ਫਸਲਾਂ ਦੀ ਰਹਿੰਦ-ਖੂੰਹਦ 2500 ਤੋਂ ਤਿੰਨ ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਵੇਚ ਰਿਹਾ ਹੈ।