Punjab News: ਪਰਕਾਸ਼ ਸਿੰਘ ਬਾਦਲ ਦਾ ਜਨਮ 8 ਦਸੰਬਰ 1927 ਨੂੰ ਹੋਇਆ ਸੀ ਤੇ ਉਨ੍ਹਾਂ ਨੇ  25 ਅਪ੍ਰੈਲ 2023 ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਆਖ਼ਰੀ ਸਾਹ ਲਏ ਸੀ। ਉਸ ਵੇਲੇ ਉਹ 95 ਸਾਲ ਦੇ ਸਨ। ਪਰਕਾਸ਼ ਸਿੰਘ ਬਾਦਲ ਦੇ ਜਨਮ ਦਿਨ ਮੌਕੇ ਅਕਾਲੀ ਦਲ ਵੱਲੋਂ ਉਨ੍ਹਾਂ ਨੂੰ ਯਾਦ ਕੀਤਾ ਜਾ ਰਿਹਾ ਹੈ।


ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਿਤਾ ਪਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਕਿਹਾ, ਮੇਰੇ ਲਈ ਇਹ ਅਕਹਿ ਤਕਲੀਫ਼ ਦੇ ਪਲ ਹਨ ਕਿਉਂਕਿ ਮੇਰੀ ਜਿੰਦਗੀ ਵਿੱਚ ਪਹਿਲੀ ਵਾਰੀ ਹੈ ਕਿ ਸਰਦਾਰ ਪਰਕਾਸ਼ ਸਿੰਘ ਜੀ ਬਾਦਲ ਸਾਬ੍ਹ ਦੇ ਜਨਮ ਦਿਨ ਸਮੇਂ ਉਹ ਆਪ ਸਾਡੇ ਦਰਮਿਆਨ ਮੌਜੂਦ ਨਹੀਂ ਹਨ। ਬੇਟੇ ਵਜੋਂ ਮੇਰਾ ਮਨ ਭਰਿਆ ਹੋਇਆ ਹੈ। ਉਹਨਾਂ ਨੇ ਹਮੇਸ਼ਾਂ ਮੈਨੂੰ ਪੰਥ ਤੇ ਪੰਜਾਬ ਦੀ ਚੜ੍ਹਦੀ ਕਲਾ ਲਈ ਕੰਮ ਕਰਨ ਦੀ ਪ੍ਰੇਰਨਾ ਦਿੱਤੀ। ਮੈਂ ਬਾਦਲ ਸਾਬ੍ਹ ਵੱਲੋਂ ਦਰਸਾਏ ਮਾਰਗ 'ਤੇ ਦ੍ਰਿੜ੍ਹ ਇਰਾਦੇ ਨਾਲ ਅੱਗੇ ਵਧਣ ਦਾ ਅਹਿਦ ਕਰਦਾ ਹਾਂ।






ਇਸ ਦੌਰਾਨ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਅੱਜ ਅਸੀਂ ਤੁਹਾਨੂੰ ਬਹੁਤ ਯਾਦ ਕਰ ਰਹੇ ਹਾਂ....ਅੱਜ ਸਰਦਾਰ ਪਰਕਾਸ਼ ਸਿੰਘ ਜੀ ਬਾਦਲ ਸਾਬ੍ਹ ਦਾ ਜਨਮ ਦਿਨ ਹੈ, ਅੱਜ ਮਨ ਉਦਾਸ ਹੈ ਕਿਉਂਕਿ ਇਹ ਪਹਿਲੀ ਵਾਰ ਹੈ ਜਦ ਬਾਦਲ ਸਾਬ੍ਹ ਦੇ ਜਨਮ ਦਿਨ 'ਤੇ ਉਹ ਸਾਡੇ ਕੋਲ ਨਹੀਂ ਹਨ ਪਰ ਉਹਨਾਂ ਦੇ ਆਦਰਸ਼ ਅਤੇ ਯਾਦਾਂ ਦਾ ਸਰਮਾਇਆ ਹਮੇਸ਼ਾਂ ਸਾਨੂੰ ਮਾਣ ਮਹਿਸੂਸ ਕਰਵਾਉਂਦਾ ਰਹੇਗਾ ਕਿ ਅਸੀਂ ਉਸ ਬੋਹੜ ਦੀ ਛਾਂ ਦਾ ਨਿੱਘ ਮਾਣਿਆ ਜਿਸਨੇ ਆਪਣੀ ਸਾਰੀ ਜ਼ਿੰਦਗੀ ਪੰਥ, ਪੰਜਾਬ ਅਤੇ ਪੰਜਾਬੀਅਤ ਲਈ ਕੰਮ ਕਰਦੇ ਹੋਏ ਕਿਸਾਨ-ਮਜਦੂਰ, ਹਰ ਧਰਮ ਤੇ ਹਰ ਵਰਗ ਦਾ ਭਲਾ ਹੀ ਸੋਚਿਆ।  ਮੈਂ ਹਮੇਸ਼ਾਂ ਬਾਦਲ ਸਾਬ੍ਹ ਨੂੰ ਆਪਣੇ ਮਾਰਗਦਰਸ਼ਕ ਵਜੋਂ ਦੇਖਿਆ ਤੇ ਉਹਨਾਂ ਦੇ ਦਿਖਾਏ ਰਸਤੇ ' ਤੇ ਚੱਲਣ ਯਤਨ ਵੀ ਕਰਦੀ ਹਾਂ।