ਅਸ਼ਰਫ ਢੁੱਡੀ



ਮੁਹਾਲੀ: ਅਕਾਲੀ ਦਲ ਨੇ ਸਿਹਤ ਮੰਤਰੀ ਬਲਬੀਰ ਸਿੱਧੂ ਨੂੰ ਇੱਕ ਵਾਰ ਫੇਰ ਘੇਰਿਆ ਹੈ।ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਬਲਬੀਰ ਸਿੱਧੂ ਤੇ ਗੰਭੀਰ ਇਲਜ਼ਾਮ ਲਾਏ ਹਨ।ਉਨ੍ਹਾਂ ਆਰੋਪ ਲਾਉਂਦੇ ਹੋਏ ਕਿਹਾ ਕਿ ਮੁਹਾਲੀ ਤੋਂ ਵਿਧਾਇਕ ਬਲਬੀਰ ਸਿੱਧੂ ਨੇ ਕਰੋੜਾਂ ਦੇ ਘੁਟਾਲੇ ਕੀਤੇ ਹਨ।


ਸੁਖਬੀਰ ਬਾਦਲ ਨੇ ਕਿਹਾ, "ਬਲਬੀਰ ਸਿੱਧੂ ਕੋਈ ਵੀ ਕਲੋਨੀ ਕੱਟਣ ਦਾ ਪ੍ਰਤੀ ਕਿਲੇ ਦਾ 5 ਲੱਖ ਰੁਪਏ ਲੋਕਾਂ ਤੋਂ ਲੁੱਟ ਰਹੇ ਹਨ।ਜੇਕਰ ਸਾਡੀ ਸਰਕਾਰ ਆਈ ਤਾਂ ਉਨ੍ਹਾਂ ਸਾਰੇ ਲੋਕਾਂ ਦੇ ਪੈਸੇ ਵਾਪਿਸ ਕੀਤੇ ਜਾਣਗੇ।"


ਸੁਖਬੀਰ ਬਾਦਲ ਅੱਜ ਜ਼ਿਲ੍ਹਾ ਮੁਹਾਲੀ ਦੇ ਵਿਧਾਨ ਸਭਾ ਹਲਕਾ ਖਰੜ ਵਿੱਚ ਪਹੁੰਚੇ ਸੀ।ਅਕਾਲੀ ਦਲ ਦੇ ਪ੍ਰਧਾਨ ਇਥੇ ਖਰੜ ਮਿਉਂਸਪਲ ਕਮੇਟੀ ਦੀ ਪ੍ਰਧਾਨ ਜਸਪ੍ਰੀਤ ਕੌਰ ਲੌਂਗੀਆ ਦੇ ਤਾਜਪੋਸ਼ੀ ਸਮਾਗਮ ਵਿਚ ਸ਼ਾਮਲ ਹੋਣ ਆਏ ਸਨ।ਜਿੱਥੇ ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਘੁਟਾਲਿਆਂ ਦੀ ਸਰਕਾਰ ਦੱਸਿਆ।ਉਨ੍ਹਾਂ ਕਿਹਾ ਕਿ ਪਿਛਲੇ ਸਾਢੇ ਚਾਰੇ ਸਾਲਾਂ ਤੋਂ ਪੰਜਾਬ ਵਿੱਚ ਲੁਟ ਮਚਾਈ ਹੋਈ ਹੈ।ਕਾਂਗਰਸ ਦੇ ਹੀ ਲੀਡਰ ਇਹ ਗੱਲ ਕਹਿ ਰਹੇ ਹਨ।ਰੇਤ ਮਾਫੀਆ, ਲੈਂਡ ਮਾਫੀਆ ਦਾ ਬੋਲ ਬਾਲਾ ਹੈ।


ਇਸ ਤੋਂ ਇਲਾਵਾ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਵੱਡੇ ਬਿਜਲੀ ਕੱਟ ਲਗਾਉਣ ਤੇ ਲੋੜੀਂਦਾ ਨਹਿਰੀ ਪਾਣੀ ਨਾ ਦੇਣ ਕਾਰਨ ਖੇਤੀਬਾੜੀ ਅਰਥਚਾਰਾ ਖਤਰੇ ਵਿਚ ਪੈ ਗਿਆ ਹੈ ਜਿਸ ਕਾਰਨ ਸੂਬੇ ਵਿਚ ਝੋਨੇ ਦੀ ਫਸਲ ਤਬਾਹ ਹੋਣ ਦਾ ਖ਼ਤਰਾ ਬਣ ਗਿਆ ਹੈ।


ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸੀ ਲੀਡਰਸ਼ਿਪ ਅੰਦਰੂਨੀ ਲੜਾਈ ਵਿਚ ਉਲਝੀ ਹੈ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੁਰਸੀ ਖਤਰੇ ਵਿਚ ਹੈ ਪਰ ਕਿਸਾਨਾਂ ਨੂੰ ਉਹਨਾਂ ਦੇ ਹਾਲ ’ਤੇ ਛੱਡ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਕਿਸਾਨਾਂ ਨੁੰ ਮੁਸ਼ਕਿਲ ਨਾਲ ਚਾਰ ਤੋਂ ਪੰਜ ਘੰਟੇ ਲਈ ਬਿਜਲੀ ਸਪਲਾਈ ਮਿਲ ਰਹੀ ਹੈ ਤੇ ਉਹ ਵੀ ਵਾਰ ਵਾਰ ਕੱਟ ਲਗਾ ਕੇ ਦਿੱਤੀ ਜਾ ਰਹੀ ਹੈ ਹਾਲਾਂਕਿ ਵਾਅਦਾ 8ਘੰਟੇ ਦੀ ਨਿਰੰਤਰ ਬਿਜਲੀ ਸਪਲਾਈ ਦਾ ਕੀਤਾ ਗਿਆ ਸੀ। 


ਸੁਖਬੀਰ ਬਾਦਲ ਨੇ ਕਿਹਾ ਕਿ, "ਪੰਜਾਬ ਦਾ ਮੁਖ ਮੰਤਰੀ ਘਰੋਂ ਬਾਹਰ ਨਹੀਂ ਨਿਕਲਦਾ। ਕੋਰੋਨਾ ਵਾਇਰਸ ਦੀ ਵੈਕਸੀਨ ਵਿੱਚ ਪੰਜਾਬ ਬਾਕੀ ਸੂਬਿਆਂ ਨਾਲੋਂ ਬਹੁਤ ਪਿੱਛੇ ਹੈ। ਕਿਉਂਕਿ ਮੁਖ ਮੰਤਰੀ ਆਪਣੀ ਕੁਰਸੀ ਬਚਾਉਣ ਵਿੱਚ ਲਗਿਆ ਹੋਇਆ ਹੈ।ਮੁਖ ਮਤੰਰੀ ਨੂੰ ਤਾਂ ਹਾਈਕਮਾਨ ਨੇ ਕੰਮ ਪੂਰੇ ਕਰਨ ਲਈ ਲਿਸਟ ਦੇ ਦਿੱਤੀ ਹੈ।" ਸੁਖਬੀਰ ਬਾਦਲ ਨੇ ਦਾਅਵਾ ਕੀਤਾ ਹੈ ਕਿ ਕਾਂਗਰਸ ਸਰਕਾਰ ਦੇ ਹਰ ਘੁਟਾਲੇ ਦੀ ਜਾਂਚ ਅਕਾਲੀ ਦਲ ਦੀ ਸਰਕਾਰ ਆਉਣ ਤੇ ਕੀਤੀ ਜਾਏਗੀ। 


ਸੁਖਬੀਰ ਨੇ ਦਾਅਵਾ ਕੀਤਾ ਕਿ 6 ਮਹੀਨੇ ਅੰਦਰ ਸਰਕਾਰ ਬਣਨ ਤੋਂ ਬਾਅਦ ਮੁਹਾਲੀ ਅਤੇ ਖਰੜ ਨੂੰ ਚੰਡੀਗੜ ਦੀ ਤਰਜ ਤੇ ਬੇਹਤਰ ਬਣਾਇਆ ਜਾਏਗਾ। ਖਰੜ ਵਿੱਚ ਸਿਵਲ ਹਸਪਤਾਲ, ਨਵਾਂ ਬਸ ਸਟੈਂਡ ਅਤੇ ਸਟੇਡੀਅਮ ਬਣਾਉਣ ਦੀ ਮੰਗ ਲੰਬੇ ਸਮੇਂ ਤੋਂ ਚਲੀ ਆ ਰਹੀ ਹੈ। ਉਸ ਨੂੰ ਪਹਿਲ ਦੇ ਆਧਾਰ ਤੇ ਪੂਰਾ ਕੀਤਾ ਜਾਏਗਾ। 


ਐਸ ਆਈ ਟੀ ਅਗੇ ਪੇਸ਼ੀ ਨੂੰ ਲੈ ਕੇ ਸੁਖਬੀਰ ਬਾਦਲ ਨੇ ਕਿਹਾ ਕਿ, "ਮੈਂ ਕੱਲ੍ਹ ਐਸ ਆਈ ਟੀ ਸਾਹਮਣੇ ਪੇਸ਼ ਹੋਵਾਂਗਾ।ਇਸ ਐਸਆਈਟੀ ਦੀ ਮੈਂ ਪਰਵਾਹ ਨਹੀਂ ਕਰਦਾ, ਹਾਈਕੋਰਟ ਨੇ ਸ਼ੀਸ਼ੇ ਵਾਂਗ ਦਿਖਾ ਦਿੱਤਾ ਹੈ ਕਿ ਕਿਵੇਂ ਪੁਰਾਣੀ ਐਸਆਈਟੀ ਨੇ ਗੁੰਮਰਾਹ ਕੀਤਾ।"


 



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


 


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ