ਲੁਧਿਆਣਾ: ਲੁਧਿਆਣਾ ਪਹੁੰਚੇ ਸੁਖਬੀਰ ਬਾਦਲ ਨੇ ਪੰਜਾਬ ਸਰਕਾਰ 'ਤੇ ਵੱਡਾ ਹਮਲਾ ਕੀਤਾ ਹੈ। ਉਨ੍ਹਾਂ ਮਾਨ ਸਰਕਾਰ ਦੀ ਇਸ਼ਤਿਹਾਰਬਾਜ਼ੀ 'ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਆਪ ਸਰਕਾਰ ਬਾਕੀ ਰਾਜਾਂ 'ਚ ਇਸ਼ਤਿਹਾਰ ਜਾਰੀ ਕਰ ਪੰਜਾਬ ਦਾ ਪੈਸਾ ਬਰਬਾਦ ਕਰਨ ਤੋਂ ਬੰਦ ਕਰੇ। 


ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੁਖਬੀਰ ਬਾਦਲ ਨੇ ਕਿਹਾ ਕਿ ਉਮੀਦ ਸੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਨੁੰ ਦਰਪੇਸ਼ ਆ ਰਹੀਆਂ ਮੁਸ਼ਕਲਾਂ ਦਾ ਹੱਲ ਕੱਢੇਗੀ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀਆਂ ਫਸਲਾਂ ਖਰਾਬ ਹੋਈਆਂ ਉਨ੍ਹਾਂ ਦੇ ਨੁਕਸਾਨ ਹੋਏ ਪਰ ਕੋਈ ਮੁਆਵਜ਼ਾ ਨਹੀਂ ਮਿਲਿਆ। ਇਸ ਤੋਂ ਇਲਾਵਾ ਉਨ੍ਹਾਂ ਪਸ਼ੂਆਂ 'ਚ ਲੰਪੀ ਸਕਿਨ ਬਿਮਾਰੀ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਪਸ਼ੂ ਮਰਨ 'ਤੇ ਵੀ ਕਿਸਾਨਾਂ ਨੂੰ ਕੋਈ ਮੁਆਵਜ਼ਾ ਨਹੀਂ ਦਿੱਤਾ ਗਿਆ। 


ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਮੂੰਗੀ ਬੀਜਣ ਦੇ ਲਈ ਕਿਹਾ ਗਿਆ ਪਰ ਉਸ 'ਤੇ ਵੀ ਉਨ੍ਹਾਂ ਨੂੰ ਐਮਐਸਪੀ ਨਹੀਂ ਦਿੱਤੀ ਗਈ। ਜਿਸ 'ਤੇ ਇਹ ਸਰਕਾਰ ਫੇਲ੍ਹ ਸਾਬਤ ਹੋਈ। ਸੁਖਬੀਰ ਬਾਦਲ ਨੇ ਇਹ ਵੀ ਕਿਹਾ ਕਿ ਹਸਪਤਾਲਾਂ ਦੇ ਵਿੱਚ ਵੀ ਲੋਕ ਪ੍ਰੇਸ਼ਾਨ ਹੋ ਰਹੇ ਹਨ। ਉਨ੍ਹਾਂ ਨੂੰ ਨਾ ਤਾਂ ਦਵਾਈਆਂ ਮਿਲਦੀਆਂ ਨੇ ਅਤੇ ਨਾ ਹੀ ਡਾਕਟਰ।


ਇਸ ਤੋਂ ਇਲਾਵਾ ਉਨ੍ਹਾਂ ਨੇ ਪਠਾਨਕੋਟ ਵਿੱਚ ਮਹਿਲਾ ਦੀ ਡਿਲਵਰੀ ਨੂੰ ਲੈ ਕੇ ਵੀ ਮੌਜੂਦਾ ਆਮ ਆਦਮੀ ਪਾਰਟੀ ਸਰਕਾਰ 'ਤੇ ਸਵਾਲ ਚੁੱਕੇ। ਇਸ ਦੌਰਾਨ ਉਨ੍ਹਾਂ ਇਲਜ਼ਾਮ ਲਗਾਇਆ ਕਿ ਪੰਜਾਬ ਦਾ ਪੈਸਾ ਬਾਕੀ ਸੂਬਿਆਂ ਵਿੱਚ ਇਸ਼ਤਿਹਾਰ ਦੇ ਲਈ ਵਰਤਿਆ ਜਾ ਰਿਹਾ ਹੈ।


ਇਸ ਦੌਰਾਨ ਸੁਖਬੀਰ ਬਾਦਲ ਨੇ ਐਕਸਾਈਜ਼ ਪਾਲਿਸੀ ਨੂੰ ਲੈ ਕੇ ਵੀ ਘੁਟਾਲਿਆਂ ਦੇ ਵਿੱਚ ਲਿਪਤ ਹੋਣ ਦੀ ਗੱਲ ਕਹੀ ਅਤੇ ਵਿਦੇਸ਼ੀ ਕੰਪਨੀਆਂ ਵੱਲੋਂ ਇਨਵੈਸਟ ਪੰਜਾਬ ਤਹਿਤ ਝੂਠ ਬੋਲਣ 'ਤੇ ਵੀ ਉਨ੍ਹਾਂ ਆਮ ਆਦਮੀ ਪਾਰਟੀ ਸਰਕਾਰ 'ਤੇ ਨਿਸ਼ਾਨਾ ਸਾਧਿਆ ਅਤੇ ਮੁੱਖਮੰਤਰੀ ਭਗਵੰਤ ਮਾਨ ਨੂੰ ਲੰਮੇ ਹੱਥੀਂ ਲਿਆ।


ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ 'ਤੇ ਪੁੱਛੇ ਗਏ ਸਵਾਲ ਤੇ ਬੋਲਦੇ ਹੋਏ ਬਾਦਲ ਨੇ ਕਿਹਾ ਕਿ ਰਵਨੀਤ ਬਿੱਟੂ ਦਾ ਕੋਈ ਵਜੂਦ ਨਹੀਂ ਹੈ ਉਹ ਪ੍ਰਧਾਨ ਬਣਨ ਦੀ ਚਾਹ ਵਿੱਚ ਕੰਧਾਂ ਵਿੱਚ ਟੱਕਰਾਂ ਮਾਰਦਾ ਫਿਰਦਾ ਹੈ। ਰਾਜੋਆਣਾ ਦੀ ਰਿਹਾਈ ਨੂੰ ਲੈ ਕੇ ਵੀ ਸੁਖਬੀਰ ਬਾਦਲ ਨੇ ਕੇਂਦਰ ਸਰਕਾਰ ਨੂੰ ਮੰਗ ਕੀਤੀ ਕਿ ਸਜ਼ਾ ਪੂਰੀ ਹੋਣ ਦੇ ਬਾਵਜੂਦ ਬੰਦੀ ਸਿੰਘਾਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ। ਜਿਸ 'ਤੇ ਕੇਂਦਰ ਸਰਕਾਰ ਧਿਆਨ ਦੇਵੇ।