Punjab News : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪੰਜਾਬ ਵਿਚ ਬਣੇ ਜੰਗਲ ਰਾਜ ਦੇ ਹਾਲਾਤਾਂ ਅਤੇ ਪ੍ਰਸ਼ਾਸਨ ਤੇ ਕਾਨੂੰਨ ਵਿਵਸਥਾ ਮੁਕੰਮਲ ਤੌਰ ’ਤੇ ਢਹਿ ਢੇਰੀ ਹੋਣ ਨਾਲ ਬਣੇ ਖੌਫ ਦੇ ਮਾਹੌਲ ਨੂੰ ਵੇਖਦਿਆਂ ਸਾਰੇ ਜ਼ਿਲ੍ਹਿਆਂ 'ਚ "ਪੰਜਾਬ ਬਚਾਓ ਦੌਰਾ" ਕਰਨਗੇ ਤਾਂ ਜੋ ਲੋਕਾਂ ਵਿਚ ਵਿਸ਼ਵਾਸ ਮਜ਼ਬੂਤ ਕੀਤਾ ਜਾ ਸਕੇ। ਇਸ ਬਾਰੇ ਫ਼ੈਸਲਾ ਪਾਰਟੀ ਦੇ ਮੁੱਖ ਦਫਤਰ ਵਿਚ ਹੋਈ ਕੋਰ ਕਮੇਟੀ ਦੀ ਮੀਟਿੰਗ ਵਿਚ ਲਿਆ ਗਿਆ ਹੈ।
ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸੂਬੇ ਵਿੱਚ ਡਰ ਦਾ ਮਾਹੌਲ ਹੈ। ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ ਰਹੀ ਕਿਉਂਕਿ ਪੰਜਾਬ ਸਿਰਦਰਦੀ ਵਾਲਾ ਸੂਬਾ ਬਣ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਯਕੀਨੀ ਬਣਾਉਣ ਲਈ ਆਪਣੀ ਨੈਤਿਕ ਅਤੇ ਸੰਵਿਧਾਨਕ ਜ਼ਿੰਮੇਵਾਰੀ ਤੋਂ ਪੱਲਾ ਝਾੜ ਲਿਆ ਹੈ। ਸੂਬੇ ਦੀ ਵਾਗੋਡਰ ਗੈਂਗਸਟਰਾਂ ਦੇ ਹੱਥ ਦੇ ਦਿੱਤੀ ਗਈ ਹੈ ਤੇ ਮੰਤਰੀ ਸਿਰਫ ਜਨਤਕ ਸਮਾਗਮਾਂ ਦੀਆਂ ਰਸਮਾਂ ਨਿਭਾਉਣ ਜੋਗੇ ਹੀ ਨਜ਼ਰ ਆ ਰਹੇ ਹਨ।
ਉਨ੍ਹਾਂ ਕਿਹਾ ਕਿ ਪੁਲਿਸ ਤੇ ਅਫਸਰਸ਼ਾਹੀ ਵੱਖਰੇ ਹੀ ਵਹਿਣ ਵਿਚ ਹਨ। ਉਨ੍ਹਾਂ ਕਿਹਾ ਕਿ ਸਾਰੇ ਪੰਜਾਬੀ ਆਪਣੀ ਜਾਨ ਮਾਲ ਦੀ ਰਾਖੀ ਲਈ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ ਤੇ ਸ਼ਹਿਰੀ ਲੋਕ ਤਾਂ ਅੱਧੀ ਰਾਤ ਨੂੰ ਫਿਰੌਤੀਆਂ ਤੇ ਵਸੂਲੀਆਂ ਲਈ ਬੂਹੇ ਖੜਕਾਉਣ ਜਾਣ ਦੇ ਡਰੋਂ ਦਹਿਸ਼ਤ ਵਿਚ ਹਨ। ਉਨ੍ਹਾਂ ਕਿਹਾ ਕਿ ਇਹ ਉਹ ਪੰਜਾਬ ਨਹੀਂ ਰਿਹਾ ,ਜਿਸ ਵਿਚ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ ਦਲ ਦੀ ਸਰਕਾਰ ਵੇਲੇ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਸਰਕਾਰ ਦੀ ਸਭ ਤੋਂ ਵੱਡੀ ਤਰਜੀਹ ਹੁੰਦੀ ਸੀ।
ਉਹਨਾਂ ਦੱਸਿਆ ਕਿ ਜਲੰਧਰ ਵਿੱਚ ਮਾਸੂਸ ਪਰਿਵਾਰਾਂ ਦੇ ਘਰਾਂ ਦੇ ਉਜਾੜੇ ਪਿੱਛੇ ਸਰਕਾਰ ਤੇ ਜ਼ਮੀਨ ਹੜੱਪ ਕਰਨ ਵਾਲੀਆਂ ਵੱਡੀਆਂ ਮੱਛੀਆਂ ਵਿੱਚ ਗੰਢਤੁੱਪ ਜ਼ਿੰਮੇਵਾਰ ਹੈ। ਜਿਹੜੇ ਘਰ ਲੋਕਾਂ ਨੇ ਬਹੁਤ ਮਿਹਨਤ ਨਾਲ ਦਹਾਕਿਆਂ ਤੋਂ ਬਣਾਏ ਸੀ, ਉਹਨਾਂ ਤੋਂ ਉਹ ਹੀ ਖੋਹ ਲਏ ਗਏ ਹਨ। ਉਹਨਾਂ ਕਿਹਾ ਕਿ ਜੇਕਰ ਕੋਈ ਕਾਨੂੰਨੀ ਮਾਮਲਾ ਬਣਦਾ ਵੀ ਸੀ ਤਾਂ ਵੀ ਸਰਕਾਰ ਨੇ ਬਹੁਤ ਜ਼ਿਆਦਾ ਅਸੰਵੇਦਨਸ਼ੀਲਤਾ ਵਿਖਾਈ ਤੇ ਬੱਚਿਆਂ, ਔਰਤਾਂ ਤੇ ਬਜ਼ੁਰਗਾਂ ਨੂੰ ਘਰਾਂ ਵਿਚੋਂ ਕੱਢ ਦਿੱਤਾ ਜੋ ਠੰਢ ਵਿੱਚ ਰਾਤਾਂ ਸੜਕਾਂ ’ਤੇ ਕੱਟ ਰਹੇ ਹਨ। ਉਹਨਾਂ ਕਿਹਾ ਕਿ ਸਰਕਾਰ ਇਹ ਘਰ ਇਹਨਾਂ ਵਿੱਚ ਰਹਿਣ ਵਾਲਿਆਂ ਨੂੰ ਸਸਤੀਆਂ ਦਰਾਂ ’ਤੇ ਅਲਾਟ ਕਰ ਸਕਦੀ ਸੀ ਜਾਂ ਫਿਰ ਇਹਨਾਂ ਤੋਂ ਘਰ ਖਾਲੀ ਕਰਵਾਉਣ ਤੋਂ ਪਹਿਲਾਂ ਇਹਨਾਂ ਨੂੰ ਬਦਲਵੇਂ ਮਕਾਨ ਦਿੱਤੇ ਜਾ ਸਕਦੇ ਸਨ।