Sukhbir Badal: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦੇਣ ਨਾਲ ਪੰਜਾਬ ਦੇ ਸਿਆਸੀ ਗਲਿਆਰਿਆਂ ਵਿੱਚ ਹਲਚਲ ਮੱਚ ਗਈ ਹੈ। ਬਹੁਤ ਸਾਰੇ ਸਿਆਸੀ ਮਾਹਿਰ ਇਸ ਨੂੰ ਸੁਖਬੀਰ ਬਾਦਲ ਦਾ ਮਾਸਟਰ ਸਟ੍ਰੋਕ ਮੰਨ ਰਹੇ ਹਨ। ਦੂਜੇ ਪਾਸੇ ਇਹ ਵੀ ਚਰਚਾ ਹੈ ਕਿ ਇਸ ਨਾਲ ਬਾਦਲ ਪਰਿਵਾਰ ਦਾ ਤਿੰਨ ਦਹਾਕਿਆਂ ਤੋਂ ਵੱਧ ਅਕਾਲੀ ਸਿਆਸਤ ਵਿੱਚ ਦਬਦਬਾ ਖ਼ਤਮ ਹੋ ਗਿਆ ਹੈ। ਪਾਰਟੀ ਨੂੰ ਹੁਣ ਨਵੀਂ ਲੀਡਰਸ਼ਿਪ ਦੀ ਤਲਾਸ਼ ਹੈ। ਇਸ ਲਈ ਬਾਦਲ ਪਰਿਵਾਰ ਹੁਣ ਹਾਸ਼ੀਏ ਉਪਰ ਚਲਿਆ ਜਾਏਗਾ।
ਦਰਅਸਲ ਸੁਖਬੀਰ ਬਾਦਲ ਦਾ ਅਸਤੀਫਾ ਉਸ ਵੇਲੇ ਆਇਆ ਹੈ ਜਦੋਂ ਪਾਰਟੀ ਕਈ ਚੁਣੌਤੀਆਂ ਵਿਚਕਾਰ ਘਿਰੀ ਹੋਈ ਹੈ। ਕਈ ਚੋਣਾਂ ਵਿੱਚ ਲਗਾਤਾਰ ਹਾਰ, ਪਾਰਟੀ ਦੀ ਅੰਦਰੂਨੀ ਬਗਾਵਤ ਤੇ ਪੰਥਕ ਵੋਟ ਦੀ ਨਿਰਾਸ਼ਾ ਨੇ ਅਕਾਲੀ ਦਲ ਨੂੰ ਬੁਰੀ ਤਰ੍ਹਾਂ ਝੰਜੋੜ ਸੁੱਟਿਆ ਹੈ। ਇਸ ਦੇ ਨਾਲ ਹੀ 30 ਸਾਲਾਂ ਤੋਂ ਵੱਧ ਸਮੇਂ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਜਦੋਂ ਬਾਦਲ ਪਰਿਵਾਰ ਦਾ ਕੋਈ ਵੀ ਮੈਂਬਰ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਨਹੀਂ ਕਰੇਗਾ।
ਦੱਸ ਦਈਏ ਕਿ ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਵਿੱਚ ਬਗਾਵਤ ਦੇ ਵਧਣ ਤੇ ਸੁਧਰ ਲਹਿਰ ਨਾਮ ਦੇ ਵੱਖਰੇ ਧੜੇ ਦੇ ਗਠਨ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਖ਼ਤ ਰਵੱਈਏ ਨੂੰ ਦੇਖਦਿਆਂ ਸੁਖਬੀਰ ਬਾਦਲ ਨੇ ਸਭ ਤੋਂ ਪਹਿਲਾਂ ਆਪਣੇ ਕਰੀਬੀ ਸਾਥੀ ਬਲਵਿੰਦਰ ਸਿੰਘ ਭੂੰਦੜ ਨੂੰ ਪਾਰਟੀ ਦਾ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਸੀ। ਇਸ ਦੇ ਬਾਵਜੂਦ ਅਕਾਲੀ ਦਲ ਦਾ ਕਲੇਸ਼ ਵਧਦਾ ਗਿਆ ਤੇ ਆਖਰ ਸੁਖਬੀਰ ਬਾਦਲ ਨੂੰ ਪ੍ਰਧਾਨਗੀ ਛੱਡਣੀ ਹੀ ਪਈ। ਹੁਣ ਧਾਰਨਾ ਇਹ ਬਣੀ ਹੈ ਕਿ ਪੰਥਕ ਵੋਟ ਅਕਾਲੀ ਦਲ ਤੋਂ ਨਹੀਂ ਸਗੋਂ ਬਾਦਲ ਪਰਿਵਾਰ ਤੋਂ ਖਫਾ ਹੈ। ਇਸ ਲਈ ਬਾਦਲ ਪਰਿਵਾਰ ਦਾ ਅਕਾਲੀ ਦਲ ਤੋਂ ਲਾਂਭੇ ਹੋਣਾ ਤੈਅ ਹੀ ਹੈ।
ਦੂਜੇ ਪਾਸੇ ਬਹੁਤ ਸਾਰੇ ਸਿਆਸੀ ਮਾਹਿਰ ਇਸ ਨੂੰ ਸੁਖਬੀਰ ਬਾਦਲ ਦਾ ਮਾਸਟਰ ਸਟ੍ਰੋਕ ਮੰਨ ਰਹੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਸੁਖਬੀਰ ਬਾਦਲ ਨੇ ਤਨਖਾਹੀਆ ਐਲਾਨੇ ਜਾਣ ਤੋਂ ਬਾਅਦ ਪੰਥਕ ਸਿਆਸਤ ਵਿੱਚ ਆਪਣੀ ਸਰਦਾਰੀ ਕਾਇਮ ਰੱਖਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੀਆਂ ਚੋਣਾਂ ਵਿੱਚ ਆਪਣੇ ਭਰੋਸੇਯੋਗ ਹਰਜਿੰਦਰ ਸਿੰਘ ਧਾਮੀ ਦਾ ਨਾਂ ਅੱਗੇ ਰੱਖਿਆ। ਉਨ੍ਹਾਂ ਦੇ ਐਸਜੀਪੀਸੀ ਪ੍ਰਧਾਨ ਬਣਦਿਆਂ ਹੀ ਸੁਖਬੀਰ ਬਾਦਲ ਨੇ ਆਪਣਾ ਦੂਜਾ ਦਾਅ ਖੇਡਿਆ ਹੈ। ਇਸ ਤਹਿਤ ਹੁਣ ਆਪਣੇ ਅਸਤੀਫ਼ੇ ਰਾਹੀਂ ਸੁਖਬੀਰ ਬਾਦਲ ਨੇ ਆਪਣਾ ਮਾਸਟਰ ਸਟਰੋਕ ਖੇਡਦੇ ਹੋਏ ਅਕਾਲੀ ਦਲ ਨੂੰ ਭੰਬਲਭੂਸੇ 'ਚੋਂ ਕੱਢਣ ਤੋਂ ਇਲਾਵਾ ਪੰਥਕ ਸਿਆਸਤ ਤੇ ਪੰਥਕ ਏਕਤਾ ਦੇ ਸਹਾਰੇ ਆਪਣਾ ਗੁਆਚਿਆ ਸਿਆਸੀ ਆਧਾਰ ਮੁੜ ਹਾਸਲ ਕਰਨ ਲਈ ਅਹਿਮ ਕਦਮ ਚੁੱਕਿਆ ਹੈ।
ਦੱਸ ਦਈਏ ਕਿ ਅਕਾਲੀ ਦਲ 'ਤੇ ਬਾਦਲ ਪਰਿਵਾਰ ਦਾ ਦਬਦਬਾ 1990 ਦੇ ਦਹਾਕੇ ਤੋਂ ਸ਼ੁਰੂ ਹੋਇਆ ਜਦੋਂ ਪ੍ਰਕਾਸ਼ ਸਿੰਘ ਬਾਦਲ ਨੇ ਪਾਰਟੀ 'ਤੇ ਆਪਣੀ ਪਕੜ ਮਜ਼ਬੂਤ ਕਰ ਲਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਇੱਥੋਂ ਤੱਕ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਉੱਤੇ ਵੀ ਇਨ੍ਹਾਂ ਦਾ ਹੀ ਕਬਜ਼ਾ ਮੰਨਿਆ ਜਾਂਦਾ ਰਿਹਾ ਹੈ। ਪ੍ਰਕਾਸ਼ ਸਿੰਘ ਬਾਦਲ ਦੇ ਪੁੱਤਰ ਸੁਖਬੀਰ ਸਿੰਘ ਬਾਦਲ 2008 ਵਿੱਚ ਅਕਾਲੀ ਦਲ ਦਾ ਪ੍ਰਧਾਨ ਬਣੇ। ਇਹ ਪਾਰਟੀ ਦੀ ਪੁਰਾਣੀ ਰਵਾਇਤ ਤੋਂ ਵੱਖਰੀ ਕਵਾਇਦ ਸੀ, ਜਿੱਥੇ ਯੋਗਤਾ ਦੇ ਆਧਾਰ 'ਤੇ ਲੀਡਰਸ਼ਿਪ ਦੀ ਚੋਣ ਕੀਤੀ ਜਾਂਦੀ ਸੀ।
ਇਸ ਦੇ ਨਾਲ ਹੀ ਅਕਾਲੀ ਦਲ ਉਪਰ ਸਵਾਲ ਵੀ ਖੜ੍ਹੇ ਹੋਣ ਲੱਗੇ। ਹੌਲੀ-ਹੌਲੀ ਬਾਦਲ ਪਰਿਵਾਰ ਦੀ ਅਕਾਲੀ ਦਲ ਨਾਲ ਸਾਂਝ ਇੰਨੀ ਡੂੰਘੀ ਹੋ ਗਈ ਕਿ ਪਾਰਟੀ ਦੀਆਂ ਨਾਕਾਮੀਆਂ ਵੀ ਬਾਦਲ ਪਰਿਵਾਰ ਨਾਲ ਜੁੜੀਆਂ ਨਜ਼ਰ ਆਉਣ ਲੱਗੀਆਂ ਸਨ। ਪੰਥਕ ਵੋਟ ਦਾ ਗੁੱਸਾ ਅਕਾਲੀ ਦਲ ਦੀ ਬਜਾਏ ਬਾਦਲ ਪਰਿਵਾਰ ਖਿਲਾਫ ਵਧਣ ਲੱਗਾ। ਸਾਲ 2015 ਵਿੱਚ ਬੇਅਦਬੀ ਦੀਆਂ ਘਟਨਾਵਾਂ ਤੇ ਉਸ ਤੋਂ ਬਾਅਦ ਦੀ ਪੁਲਿਸ ਕਾਰਵਾਈ ਨੇ ਪਾਰਟੀ ਦੇ ਰਵਾਇਤੀ ਸਿੱਖ ਵੋਟ ਬੈਂਕ ਨੂੰ ਨਾਰਾਜ਼ ਕਰ ਦਿੱਤਾ। ਅਕਾਲੀ ਦਲ ਨੂੰ ਬਾਦਲ ਪਰਿਵਾਰ ਤੋਂ ਬਚਾਉਣ ਦੀ ਆਵਾਜ਼ ਉੱਠਣ ਲੱਗੀ।
ਸੁਖਬੀਰ ਬਾਦਲ ਨੇ ਹਾਲਾਤ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਪਰ ਹਰ ਫਰੰਟ ਉਪਰ ਨਾਕਾਮ ਰਹੇ। ਉਹ ਇਸ ਵੇਲੇ ਆਪਣੇ ਕਰੀਅਰ ਦੇ ਸਭ ਤੋਂ ਔਖੇ ਦੌਰ ਦਾ ਸਾਹਮਣਾ ਕਰ ਰਹੇ ਹਨ। 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ ਨੂੰ ਸਿਰਫ਼ ਤਿੰਨ ਸੀਟਾਂ ਮਿਲੀਆਂ। ਇਹ ਪਾਰਟੀ ਦਾ ਹੁਣ ਤੱਕ ਦਾ ਸਭ ਤੋਂ ਖ਼ਰਾਬ ਪ੍ਰਦਰਸ਼ਨ ਸੀ। ਸੁਖਬੀਰ ਬਾਦਲ ਦਾ ਅਸਤੀਫਾ ਅਜਿਹੇ ਸਮੇਂ ਆਇਆ ਹੈ ਜਦੋਂ ਅਕਾਲੀ ਆਪਣੀ ਪਛਾਣ ਤੇ ਪ੍ਰਸੰਗਿਕਤਾ ਦੇ ਸੰਕਟ ਦਾ ਸਾਹਮਣਾ ਕਰ ਰਹੇ ਹਨ। ਕਿਸੇ ਸਮੇਂ ਇਹ ਪਾਰਟੀ ਸਿੱਖਾਂ ਦੀ ਇੱਕੋ ਇੱਕ ਸਿਆਸੀ ਪ੍ਰਤੀਨਿਧ ਪਾਰਟੀ ਵਜੋਂ ਜਾਣੀ ਜਾਂਦੀ ਸੀ। ਇਹ ਸੰਕਟ ਪਾਰਟੀ ਲਈ ਆਪਣੇ ਸਮਰਥਨ ਆਧਾਰ ਨਾਲ ਮੁੜ ਜੁੜਨ, ਆਪਣੀ ਰਣਨੀਤੀ ਬਦਲਣ ਤੇ ਪਰਿਵਾਰਵਾਦ ਰਾਜਨੀਤੀ ਤੋਂ ਬਾਹਰ ਨਿਕਲਣ ਦਾ ਮੌਕਾ ਹੈ।
ਸੂਬੇ ਦੀ ਅਕਾਲੀ-ਭਾਜਪਾ ਸਰਕਾਰ ਦੌਰਾਨ ਜੂਨ 2015 ਵਿੱਚ ਬਰਗਾੜੀ ਬੇਅਦਬੀ ਕਾਂਡ ਤੇ ਕੋਟਕਪੂਰਾ ਤੇ ਬਹਿਬਲ ਕਲਾਂ ਗੋਲੀ ਕਾਂਡ ਨੇ ਪਾਰਟੀ ਨੂੰ ਪਤਨ ਵੱਲ ਧੱਕ ਦਿੱਤਾ ਸੀ। ਬੇਅਦਬੀ ਦੀਆਂ ਘਟਨਾਵਾਂ ਨੂੰ ਹੀ ਮੁੱਖ ਤੌਰ 'ਤੇ 2017 ਤੇ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਅਕਾਲੀ ਦਲ ਦਾ ਸਿਆਸੀ ਗ੍ਰਾਫ ਡਿੱਗਣ ਦਾ ਕਾਰਨ ਮੰਨਿਆ ਗਿਆ। ਇੱਥੋਂ ਤੱਕ ਕਿ ਵਿਰੋਧੀ ਪਾਰਟੀਆਂ ਨੇ ਵੀ ਬੇਅਦਬੀ ਦੀਆਂ ਘਟਨਾਵਾਂ ਨੂੰ ਪ੍ਰਮੁੱਖਤਾ ਨਾਲ ਉਠਾਇਆ। ਇਸ ਕਾਰਨ ਅਕਾਲੀ ਦਲ 'ਤੇ ਦਬਾਅ ਵਧ ਗਿਆ।