ਜਲਾਲਾਬਾਦ : ਸੁਖਬੀਰ ਸਿੰਘ ਬਾਦਲ ਵੱਲੋਂ ਅੱਜ ਜਲਾਲਾਬਾਦ ਦਾ ਚੁਣਾਵੀ ਦੌਰਾ ਕੀਤਾ ਗਿਆ ਹੈ।  ਇਸ ਦੌਰਾਨ ਉਨ੍ਹਾਂ ਵੱਲੋਂ ਇਲਾਕੇ ਦੇ ਵਿਚ ਵਪਾਰੀ, ਕਮਿਸ਼ਨ ਏਜੰਟ, ਰਾਈਸ ਮਿੱਲਰ ਅਤੇ ਵਰਕਰਾਂ ਦੇ ਨਾਲ ਵਿਸ਼ੇਸ਼ ਪ੍ਰੋਗਰਾਮ ਰੱਖੇ ਗਏ ,ਜਿਸ ਦੌਰਾਨ ਉਨ੍ਹਾਂ ਦੇ ਨਾਲ ਬੈਠਕਾਂ ਕੀਤੀਆਂ ਜਾ ਰਹੀਆਂ ਹਨ। 


 

ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਸੀਐਮ ਚਿਹਰਾ ਭਗਵੰਤ ਮਾਨ ਸ਼ਰਾਬ ਨਾਲ ਡੱਕਿਆ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਨੂੰ ਕਈ ਵਾਰ ਧਾਰਮਿਕ ਥਾਵਾਂ ਤੋਂ ਸੰਗਤ ਵੱਲੋਂ ਬਾਹਰ ਕੱਢਿਆ ਜਾ ਚੁੱਕਿਆ ਹੈ।  ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਵਾਸਤੇ ਲੜਨ ਵਾਲੀ ਇੱਕੋ ਇੱਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੀ ਹੈ। 

 

ਸੁਖਬੀਰ ਬਾਦਲ ਨੇ ਚਰਨਜੀਤ ਸਿੰਘ ਚੰਨੀ ਦੇ ਖਿਲਾਫ ਵੱਡਾ ਬਿਆਨ ਦਿੱਤਾ ਕਿ ਚੰਨੀ ਨੇ ਆਪਣੇ ਸਰਕਾਰੀ ਘਰ ਦੇ ਵਿੱਚ ਪੈਸਾ ਰੱਖਿਆ ਹੋਇਆ ਹੈ। ਉੱਥੇ ਹੀ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਜ਼ਿਆਦਾਤਰ ਉਮੀਦਵਾਰਾਂ ਦੇ ਖ਼ਿਲਾਫ਼ ਕ੍ਰਿਮੀਨਲ ਪਰਚੇ ਦਰਜ ਨੇ, ਉਨ੍ਹਾਂ ਆਮ ਆਦਮੀ ਪਾਰਟੀ ਤੇ ਪੈਸੇ ਲੈ ਕੇ ਟਿਕਟਾਂ ਵੇਚਣ ਦੇ ਆਰੋਪ ਲਾਏ।  

 


ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਚੰਨੀ ਸਰਕਾਰ 'ਤੇ ਤੰਜ ਕਸਦਿਆਂ ਕਿਹਾ ਸੀ ਕਿ ਕਾਂਗਰਸ ਸੂਬੇ ਵਿਚ ਰੇਤ ਮਾਫੀਆ ਚਲਾ ਰਹੀ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਤੀਜੇ ਦੇ ਘਰ ਈਡੀ ਦੀ ਛਾਪੇਮਾਰੀ ਦੌਰਾਨ ਬਰਾਮਦ ਹੋਈ ਕਰੋੜਾਂ ਦੀ ਨਕਦੀ ਨੇ ਸਾਬਤ ਕਰ ਦਿੱਤਾ ਹੈ ਕਿ ਕਾਂਗਰਸੀ ਆਗੂਆਂ ਨੇ ਤਿੰਨ ਮਹੀਨਿਆਂ ਵਿਚ ਪੈਸਾ ਇਕੱਠਾ ਕਰ ਲਿਆ ਹੈ। ਈਡੀ ਦੀ ਇਹ ਕਾਰਵਾਈ ਜਾਇਜ਼ ਹੈ। ਜੇਕਰ ਈਡੀ ਚੰਨੀ ਦੇ ਮੋਰਿੰਡਾ ਤੇ ਚੰਡੀਗੜ੍ਹ ਸਥਿਤ ਦੋਵਾਂ ਘਰਾਂ 'ਤੇ ਵੀ ਛਾਪੇਮਾਰੀ ਕਰੇ ਤਾਂ ਉਥੋਂ ਹੋਰ ਵੀ ਨਕਦੀ ਬਰਾਮਦ ਹੋ ਸਕਦੀ ਹੈ।