Arvind Kejriwal sends Bhagwant Mann a box of liquor every week:- Sukhbir Singh Badal
ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਲਗਾਤਾਰ ਵਿਰੋਧੀ ਧਿਰਾਂ ਦੇ ਨਿਸ਼ਾਨੇ 'ਤੇ ਹਨ। ਪੰਜਾਬ 'ਚ ਭਗਵੰਤ ਮਾਨ ਨੇ ਬੇਸ਼ੱਕ ਜ਼ਬਰਦਸਤ ਢੰਗ ਨਾਲ ਸਰਕਾਰ ਬਣਾਈ ਹੋਵੇ ਪਰ ਹਾਲ ਦੀ ਘੜੀ ਉਹ ਕਸੂਤੇ ਘਿਰੇ ਹੋਏ ਹਨ। ਪੰਜਾਬ 'ਚ ਗਾਇਕ ਤੇ ਕਾਂਗਰਸੀ ਆਗੂ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਸਿਆਸਤ 'ਚ ਹੰਗਾਮਾ ਮਚਿਆ ਹੋਇਆ ਹੈ। ਇੱਕ ਪਾਸੇ ਕਾਂਗਰਸ ਸਰਕਾਰ ਸੂਬੇ ਦੀ 'ਆਪ' ਸਰਕਾਰ 'ਤੇ ਲਗਾਤਾਰ ਨਿਸ਼ਾਨਾ ਸਾਧ ਰਹੀ ਹੈ। ਦੂਜੇ ਪਾਸੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਸੀਐਮ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ।
ਸੁਖਬੀਰ ਬਾਦਲ ਨੇ ਦੋਸ਼ ਲਾਇਆ ਹੈ ਕਿ ਅਰਵਿੰਦ ਕੇਜਰੀਵਾਲ ਹਰ ਹਫ਼ਤੇ ਭਗਵੰਤ ਮਾਨ ਨੂੰ ਦਿੱਲੀ ਤੋਂ ਸ਼ਰਾਬ ਦੀ ਪੇਟੀ ਭੇਜਦੇ ਹਨ। ਸੰਗਰੂਰ ਜ਼ਿਮਨੀ ਚੋਣ 'ਚ ਪ੍ਰਚਾਰ ਦੌਰਾਨ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਸੂਬੇ ਦੀ 'ਆਪ' ਸਰਕਾਰ 'ਤੇ ਦੋਸ਼ ਲਾਉਂਦਿਆਂ ਕਿਹਾ ਹੈ ਕਿ ਪੰਜਾਬ 'ਚ ਅਰਵਿੰਦ ਕੇਜਰੀਵਾਲ ਸਰਕਾਰ ਚਲਾ ਰਿਹਾ ਹੈ ਜੋ ਭਗਵੰਤ ਮਾਨ ਨੂੰ ਹਫ਼ਤੇ ਬਾਅਦ ਸ਼ਰਾਬ ਦੀ ਪੇਟੀ ਭੇਜਦਾ ਹੈ।
ਸੁਖਬੀਰ ਬਾਦਲ ਨੇ ਵੱਡਾ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਕੇਜਰੀਵਾਲ ਹਫਤੇ ਦੇ ਹਰ ਸੋਮਵਾਰ ਭਗਵੰਤ ਨੂੰ ਸ਼ਰਾਬ ਦੀ ਪੇਟੀ ਭੇਜਦਾ ਹੈ ਤੇ ਕਹਿੰਦਾ ਹੈ ਕਿ ਤੁਸੀਂ ਆਪਣੇ ਸਰਕਾਰੀ ਕਮਰੇ ਵਿੱਚ ਬੈਠ ਕੇ ਕੰਮ ਕਰੋ, ਸਰਕਾਰ ਮੈਂ ਆਪ ਚਲਾਵਾਂਗਾ।
ਉਨ੍ਹਾਂ ਅੱਗੇ ਕਿਹਾ ਕਿ ਕੇਜਰੀਵਾਲ ਨੇ ਭਗਵੰਤ ਮਾਨ ਨੂੰ ਨੌਕਰੀ 'ਤੇ ਰੱਖਿਆ ਹੋਇਆ ਹੈ। ਇਸ ਤੋਂ ਇਲਾਵਾ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸੀਐਮ ਭਗਵੰਤ ਮਾਨ ਦੀ ਸਰਕਾਰ ਕਾਰਨ ਸਿੱਧੂ ਮੂਸੇਵਾਲਾ ਦੀ ਮੌਤ ਹੋਈ ਹੈ। ਇਸ ਸਰਕਾਰ ਨੇ ਸੁਰੱਖਿਆ ਵਾਪਸ ਲੈਣ ਦਾ ਰੌਲਾ ਪਾਇਆ ਤੇ ਦੁਸ਼ਮਣ ਚੌਕਸ ਹੋ ਗਏ, ਜਿਸ ਕਰਕੇ ਦੁਸ਼ਮਨਾਂ ਨੇ ਉਸ ਨੂੰ ਮਾਰ ਦਿੱਤਾ।
ਸੁਖਬੀਰ ਬਾਦਲ ਨੇ ਕਿਹਾ ਕਿ ਜੇਕਰ ਸੁਰੱਖਿਆ ਵਾਪਸ ਲੈਣੀ ਸੀ ਤਾਂ ਉਹ ਅਰਵਿੰਦ ਕੇਜਰੀਵਾਲ ਤੋਂ ਵਾਪਸ ਲੈ ਲੈਂਦੇ, ਰਾਘਵ ਚੱਢਾ ਤੋਂ ਵਾਪਸ ਲੈ ਲੈਂਦੇ, ਆਪਣੀ ਮਾਂ ਤੇ ਭੈਣ ਤੋਂ ਵਾਪਸ ਲੈਂਦੇ ਜਿਨ੍ਹਾਂ ਕੋਲ ਪੰਜਾਬ ਪੁਲਿਸ ਮੁਲਾਜ਼ਮ ਤਾਇਨਾਤ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਤਾਅਨਾ ਮਾਰਦੇ ਹੋਏ ਕਿਹਾ ਕਿ ਆਮ ਆਦਮੀ ਨੂੰ ਕੀ ਖ਼ਤਰਾ ਹੈ।
ਇਹ ਵੀ ਪੜ੍ਹੋ: Sidhu Moose Wala Murder: ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਖੁੱਲ੍ਹਣਗੇ ਰਾਜ਼? ਸਲਮਾਨ ਖ਼ਾਨ ਨੂੰ ਧਮਕੀ ਤੋਂ ਵੀ ਉੱਠ ਸਕਦਾ ਪਰਦਾ