Delhi Election: ਦਿੱਲੀ ਵਿਧਾਨ ਸਭਾ ਚੋਣਾਂ 2025 ਤੋਂ ਪਹਿਲਾਂ ਆਮ ਆਦਮੀ ਪਾਰਟੀ(AAP) ਦੇ ਕਨਵੀਨਰ ਅਰਵਿੰਦ ਕੇਜਰੀਵਾਲ (Arvind Kejriwal) ਨੇ ਵੱਡਾ ਐਲਾਨ ਕੀਤਾ ਹੈ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਚੋਣਾਂ ਤੋਂ ਬਾਅਦ ਔਰਤਾਂ ਨੂੰ 1000 ਰੁਪਏ ਦੀ ਬਜਾਏ 2100 ਰੁਪਏ ਦਿੱਤੇ ਜਾਣਗੇ। ਔਰਤਾਂ ਭਲਕੇ (13 ਦਸੰਬਰ) ਤੋਂ ਇਸ ਸਕੀਮ ਲਈ ਰਜਿਸਟਰ ਕਰ ਸਕਦੀਆਂ ਹਨ। ਇਸ ਨੂੰ ਲੈ ਕੇ ਸੁਖਪਾਲ ਖਹਿਰਾ ਨੇ ਨਿਸ਼ਾਨਾ ਸਾਧਿਆ ਹੈ।


ਸੁਖਪਾਲ ਖਹਿਰਾ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ਮੈਂ ਦਿੱਲੀ ਦੇ ਵੋਟਰਾਂ ਖਾਸ ਕਰਕੇ ਔਰਤਾਂ ਨੂੰ ਅਰਵਿੰਦ ਕੇਜਰੀਵਾਲ ਦੇ 1000 ਰੁਪਏ ਪ੍ਰਤੀ ਮਹੀਨਾ ਦੇਣ ਵਾਲੇ ਦਾਅਵੇ ਉੱਤੇ ਗੁਮਰਾਹ ਨਾ ਹੋਣ ਦੀ ਅਪੀਲ ਕਰਦਾ ਹਾਂ। ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੇ ਮਾਰਚ 2022 ਤੋਂ ਔਰਤਾਂ ਨੂੰ ਇੱਕ ਪੈਸਾ ਵੀ ਨਹੀਂ ਦਿੱਤਾ, ਇੱਥੇ ਵੀ ਇਹੋ ਜਿਹਾ ਵਾਅਦਾ ਕੀਤਾ ਸੀ।






ਜ਼ਿਕਰ ਕਰ ਦਈਏ ਕਿ ਕੇਜਰੀਵਾਲ ਨੇ ਕਿਹਾ, ਅੱਜ ਮੈਂ ਦੋ ਵੱਡੇ ਐਲਾਨ ਕਰਨ ਜਾ ਰਿਹਾ ਹਾਂ ਤੇ ਉਹ ਦੋਵੇਂ ਦਿੱਲੀ ਦੀਆਂ ਮਾਵਾਂ-ਭੈਣਾਂ ਲਈ ਹਨ। ਅਸੀਂ ਵਾਅਦਾ ਕੀਤਾ ਸੀ ਕਿ ਅਸੀਂ ਹਰ ਮਹੀਨੇ ਔਰਤਾਂ ਦੇ ਖਾਤਿਆਂ 'ਚ 1000 ਰੁਪਏ ਜਮ੍ਹਾਂ ਕਰਵਾਵਾਂਗੇ, ਕੈਬਨਿਟ ਨੇ ਇਸ ਨੂੰ ਪਾਸ ਕਰ ਦਿੱਤਾ ਹੈ, ਇਸ ਲਈ ਔਰਤਾਂ ਨੂੰ ਰਜਿਸਟ੍ਰੇਸ਼ਨ ਕਰਵਾਉਣੀ ਪਵੇਗੀ, ਇੱਕ ਵਾਰ ਰਜਿਸਟਰ ਹੋਣ ਤੋਂ ਬਾਅਦ ਹਰ ਮਹੀਨੇ ਹਜ਼ਾਰ ਰੁਪਏ ਉਨ੍ਹਾਂ ਦੇ ਖਾਤੇ ਵਿੱਚ ਆਉਣੇ ਸ਼ੁਰੂ ਹੋ ਜਾਣਗੇ।



ਕੇਜਰੀਵਾਲ ਨੇ ਅੱਗੇ ਕਿਹਾ, "ਅਸੀਂ ਪਿਛਲੇ ਅਪ੍ਰੈਲ ਵਿੱਚ ਇਸਦੀ ਸ਼ੁਰੂਆਤ ਕਰਨ ਜਾ ਰਹੇ ਸੀ, ਪਰ ਬਦਕਿਸਮਤੀ ਨਾਲ ਇਨ੍ਹਾਂ ਲੋਕਾਂ ਨੇ ਮੈਨੂੰ ਗ਼ਲਤ ਕੇਸ ਵਿੱਚ ਜੇਲ੍ਹ ਭੇਜ ਦਿੱਤਾ। ਮੈਂ 6-7 ਮਹੀਨੇ ਜੇਲ੍ਹ ਵਿੱਚ ਰਿਹਾ ਤੇ ਬਾਹਰ ਆਉਣ ਤੋਂ ਬਾਅਦ ਆਤਿਸ਼ੀ ਨੇ ਇਸ ਯੋਜਨਾ ਨੂੰ ਲਾਗੂ ਕਰਨ ਵਿੱਚ ਬਹੁਤ ਮਦਦ ਕੀਤੀ। ਇਹ ਅੱਜ ਲਾਗੂ ਹੋ ਗਿਆ ਹੈ।



ਜ਼ਿਕਰ ਕਰ ਦਈਏ ਕਿ  ਇਸ ਤੋਂ ਪਹਿਲਾਂ ਮੱਧ ਪ੍ਰਦੇਸ਼, ਮਹਾਰਾਸ਼ਟਰ ਅਤੇ ਝਾਰਖੰਡ ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੱਤਾਧਾਰੀ ਪਾਰਟੀਆਂ ਨੇ ਅਜਿਹੀ ਸਕੀਮ ਲਿਆ ਕੇ ਔਰਤਾਂ ਦੇ ਵੋਟ ਬੈਂਕ ਨੂੰ ਆਪਣੇ ਹੱਕ ਵਿੱਚ ਕਰ ਲਿਆ ਹੈ। ਅਜਿਹੇ 'ਚ ਹੁਣ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਵੀ ਉਮੀਦ ਹੈ ਕਿ ਉਨ੍ਹਾਂ ਦੀ ਪਾਰਟੀ ਨੂੰ ਦਿੱਲੀ ਵਿਧਾਨ ਸਭਾ ਚੋਣਾਂ 'ਚ 'ਮਹਿਲਾ ਸਨਮਾਨ ਯੋਜਨਾ' ਦਾ ਫਾਇਦਾ ਹੋ ਸਕਦਾ ਹੈ।