ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਸਾਂਸਦ ਭਗਵੰਤ ਮਾਨ ਨੂੰ ਮੁੜ ਪਾਰਟੀ ਦਾ ਸੂਬਾ ਪ੍ਰਧਾਨ ਥਾਪੇ ਜਾਣ ਬਾਰੇ ਸੁਖਪਾਲ ਖਹਿਰਾ ਨੇ ਕਿਹਾ ਕਿ ਇਸ ਨੂੰ ‘ਥੁੱਕ ਕੇ ਚੱਟਣਾ’ ਆਖਦੇ ਹਨ। ਉਨ੍ਹਾਂ ਕਿਹਾ ਕਿ ਸਾਲ ਪਹਿਲਾਂ ਮਾਨ ਨੇ ਕਿਹਾ ਸੀ ਕਿ ਕੇਜਰੀਵਾਲ ਨੇ ਮਜੀਠੀਆ ਤੋਂ ਮੁਆਫ਼ੀ ਮੰਗ ਕੇ ਗ਼ਲਤ ਕੀਤਾ ਹੈ। ਲੋਕਾਂ ਨੂੰ ਮੂਰਖ ਬਣਾ ਕੇ ਮਾਨ ਫਿਰ ਪ੍ਰਧਾਨ ਬਣ ਗਏ ਹਨ। ਉਨ੍ਹਾਂ ਕਿਹਾ ਕਿ ਮਾਨ ਨੂੰ ਸਿਰਫ ਪ੍ਰਧਾਨਗੀ ਦੀ ਕੁਰਸੀ ਚਾਹੀਦੀ ਹੈ, ਹੋਰ ਕੁਝ ਨਹੀਂ।


ਭਗਵੰਤ ਮਾਨ ਤੇ ਮਨੀਸ਼ ਸਿਸੋਦੀਆ ਵੱਲੋਂ ਖਹਿਰਾ ਨੂੰ ਸੁਆਰਥੀ ਦੱਸਣ ਬਾਰੇ ਖਹਿਰਾ ਨੇ ਕਿਹਾ ਕਿ ਇਸ ਦਾ ਫੈਸਲਾ ਸਥਾਨਕ ਲੋਕ ਕਰਨਗੇ। ਉਨ੍ਹਾਂ ਕਿਹਾ ਕਿ ਇਹ ਲੋਕ ਦੱਸਣਗੇ ਕਿ ਕੀ ਉਨ੍ਹਾਂ ਕਦੀ ਪਾਰਟੀ ਵਿਰੋਧੀ ਕੰਮ ਕੀਤਾ? ਉਨ੍ਹਾਂ ਕਿਹਾ ਕਿ ਲੋਕ ਗਵਾਹੀ ਦਿੰਦੇ ਹਨ ਕਿ ਭਗਵੰਤ ਮਾਨ ਵਰਗੇ ਲੋਕ ਸਿਰਫ ਪ੍ਰਧਾਨਗੀ ਦੇ ਅਹੁਦੇ ਦੇ ਲਾਲਚੀ ਹਨ।

ਇਸ ਦੇ ਨਾਲ ਹੀ ਅਕਾਲੀ ਦਲ ਦੇ 31 ਹਜ਼ਾਰ ਕਰੋੜ ਦੇ ਘਪਲੇ ਸਬੰਧੀ ਉਨ੍ਹਾਂ ਸਵਾਲ ਚੁੱਕੇ ਕਿ ਜਦੋਂ ਇਸ ਮਾਮਲੇ ਸਬੰਧੀ ਪੂਰਾ ਕ੍ਰਿਮੀਨਲ ਜਸਟਿਸ ਮੌਜੂਦ ਹੈ, ਪੁਲਿਸ ਹੈ ਤਾਂ ਮਾਮਲੇ ਵਿੱਚ ਸਿਟ ਦਾ ਗਠਨ ਕਿਉਂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਸਭ ਮਸਲੇ ਨੂੰ ਠੰਢੇ ਬਸਤੇ ਪਾਉਣ ਲਈ ਕੀਤਾ ਜਾ ਰਿਹਾ ਹੈ।

ਬਹਿਬਲ ਕਲਾਂ ਮਾਮਲੇ ਬਾਰੇ ਖਹਿਰਾ ਨੇ ਕਿਹਾ ਕਿ ਗੋਲ਼ੀ ਚੱਲਣ ਪਿੱਛੇ ਸੁਖਬੀਰ ਬਾਦਲ, ਤਤਕਾਲੀ ਮੁੱਖ ਮੰਤਰੀ ਤੇ ਡੀਜੀਪੀ ਦਾ ਹੱਥ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੇ ਅਸਲ ਦੋਸ਼ੀਆਂ ਖਿਲਾਫ ਕਾਰਵਾਈ ਨਹੀਂ ਹੋ ਰਹੀ। ਉਨ੍ਹਾਂ ਜਲਦ ਤੋਂ ਜਲਦ ਅਸਲ ਦੋਸ਼ੀਆਂ ਨੂੰ ਫੜਨ ਦੀ ਮੰਗ ਕੀਤੀ।

ਧਰਮਵੀਰ ਗਾਂਧੀ ਦੇ ਚੋਣ ਲੜਨ ਦੇ ਮਾਮਲੇ ਸਬੰਧੀ ਸੁਖਪਾਲ ਖਹਿਰਾ ਨੇ ਕਿਹਾ ਕਿ ਉਨ੍ਹਾਂ ਪਟਿਆਲਾ ਤੋਂ ਚੋਣ ਲੜਨ ਦੀ ਗੱਲ ਕਹੀ ਹੈ ਨਾ ਕਿ ਕਿਸੇ ਵਿਸ਼ੇਸ਼ ਪਾਰਟੀ ਨਾਲ। ਉਨ੍ਹਾਂ ਕਿਹਾ ਕਿ ਜਲਦ ਹੀ ਇਸ ਮਸਲੇ ਸਬੰਧੀ ਹੋਈ ਗਲਤੀ ਨੂੰ ਦੂਰ ਕਰ ਲਿਆ ਜਾਏਗਾ।