ਚੰਡੀਗੜ੍ਹ: ਪੰਜਾਬ ਏਕਤਾ ਪਾਰਟੀ ਦੇ ਐਡਹਾਕ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਬਾਦਲਾਂ ਦੇ ਗੜ੍ਹ ਵਿੱਚ ਜਾ ਕੇ ਲੋਕ ਸਭਾ ਚੋਣਾਂ ਵਿੱਚ ਆਪਣੀ ਕਿਸਮਤ ਅਜ਼ਮਾਉਣਗੇ। ਪੰਜਾਬ ਡੈਮੋਕ੍ਰੈਟਿਕ ਅਲਾਇੰਸ ਵੱਲੋਂ ਡਾ. ਧਰਮਵੀਰ ਗਾਂਧੀ ਨੇ ਐਲਾਨ ਕੀਤਾ ਹੈ ਕਿ ਖਹਿਰਾ ਬਠਿੰਡਾ ਲੋਕ ਸਭਾ ਸੀਟ ਤੋਂ ਚੋਣ ਲੜਨਗੇ। ਬਠਿੰਡਾ ਤੋਂ ਅਕਾਲੀ ਦਲ ਦੀ ਉਮੀਦਵਾਰ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਮੌਜੂਦਾ ਸੰਸਦ ਮੈਂਬਰ ਹੈ। ਉਨ੍ਹਾਂ ਦਾ ਵੀ ਬਠਿੰਡਾ ਸੀਟ ਤੋਂ ਚੋਣ ਲੜਨਾ ਤੈਅ ਹੈ, ਪਰ ਚਰਚੇ ਹਨ ਕਿ ਇਸ ਵਾਰ ਹਰਸਿਮਰਤ ਦਾ ਹਲਕਾ ਬਦਲਿਆ ਜਾ ਸਕਦਾ ਹੈ।
ਬਠਿੰਡਾ ਲੋਕ ਸਭਾ ਹਲਕੇ ਤੋਂ ਪੀਡੀਏ ਨੇ ਹੀ ਸਭ ਤੋਂ ਪਹਿਲਾਂ ਉਮੀਦਵਾਰ ਦਾ ਐਲਾਨ ਕੀਤਾ ਹੈ। ਕਾਂਗਰਸ, ਆਮ ਆਦਮੀ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਸਮੇਤ ਸਾਰੇ ਵੱਡੇ-ਛੋਟੇ ਸਿਆਸੀ ਦਲਾਂ ਵੱਲੋਂ ਹਾਲੇ ਬਠਿੰਡਾ ਤੋਂ ਆਪਣੇ ਉਮੀਦਵਾਰ ਉਤਾਰਨੇ ਬਾਕੀ ਹਨ।
ਪੀਡੀਏ ਦੇ ਮੈਂਬਰ ਡਾ. ਧਰਮਵੀਰ ਗਾਂਧੀ ਅਤੇ ਪੰਜਾਬੀ ਏਕਤਾ ਪਾਰਟੀ ਦੇ ਅਹੁਦੇਦਾਰਾਂ ਨੇ ਸਾਂਝੀ ਪ੍ਰੈਸ ਕਾਨਫਰੰਸ ਕਰਦਿਆਂ ਅੱਜ ਲੋਕ ਸਭਾ ਚੋਣਾਂ ਦਾ ਬਿਗਲ ਵਜਾ ਦਿੱਤਾ ਹੈ। ਇਸ ਦੌਰਾਨ ਹਰਸਿਮਰਤ ਬਾਦਲ ਖ਼ਿਲਾਫ਼ ਚੋਣ ਮੈਦਾਨ 'ਚ ਨਿੱਤਰੇ ਸੁਖਪਾਲ ਖਹਿਰਾ ਨੇ ਐਲਾਨ ਕੀਤਾ ਕਿ ਜੇਕਰ ਹਰਸਿਮਰਤ ਦਾ ਹਲਕਾ ਬਦਲਿਆ ਜਾਂਦਾ ਹੈ ਤਾਂ ਪੀਡੀਏ ਦੇ ਭਾਈਵਾਲ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਬੈਂਸ ਉੱਥੋਂ ਚੋਣ ਲੜਨਗੇ।
ਸੁਖਪਾਲ ਖਹਿਰਾ ਨੇ ਪੀਡੀਏ ਤੋਂ ਵੱਖ ਹੋਏ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਨੂੰ ਖਡੂਰ ਸਾਹਿਬ ਤੋਂ ਆਪਣਾ ਉਮੀਦਵਾਰ ਹਟਾਉਣ ਦੀ ਅਪੀਲ ਕੀਤੀ। ਖਹਿਰਾ ਨੇ ਕਿਹਾ ਕਿ ਬ੍ਰਹਮਪੁਰਾ ਨੂੰ ਬੀਬੀ ਪਰਮਜੀਤ ਕੌਰ ਖਾਲੜਾ ਦੇ ਵਿਰੋਧ ਵਿੱਚ ਆਪਣਾ ਉਮੀਦਵਾਰ ਨਹੀਂ ਖੜ੍ਹਾ ਕਰਨਾ ਚਾਹੀਦਾ।
ਇਸ ਤੋਂ ਇਲਾਵਾ ਖਹਿਰਾ ਨੇ ਭਗਵੰਤ ਮਾਨ 'ਤੇ ਵੀ ਕਈ ਸ਼ਬਦੀ ਹਮਲੇ ਬੋਲੇ ਅਤੇ ਉਨ੍ਹਾਂ ਨੂੰ ਆਪਣੀ ਪਾਰਟੀ ਸੰਭਾਲਣ ਦੀ ਨਸੀਹਤ ਵੀ ਦਿੱਤੀ। ਖਹਿਰਾ ਦੀ ਪਾਰਟੀ ਦੇ 'ਥੰਮ੍ਹ' ਅਤੇ ਜੈਤੋ ਤੋਂ ਵਿਧਾਇਕ ਮਾਸਟਰ ਬਲਦੇਵ ਸਿੰਘ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਬਣੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੀ ਚੋਣ 'ਤੇ ਸਵਾਲ ਚੁੱਕੇ।