ਚੰਡੀਗੜ੍ਹ:  ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸਾਬਕਾ ਡੀ.ਜੀ.ਪੀ ਸੁਮੇਧ ਸੈਣੀ ਮਾਮਲੇ ਉਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਅਸਤੀਫਾ ਅਤੇ ਮੁੱਖ ਸਕੱਤਰ ਪੰਜਾਬ ਵਿੰਨੀ ਮਹਾਜਨ, ਵਿਜੀਲੈਂਸ ਚੀਫ ਡਾਇਰੈਕਟਰ ਬੀ.ਕੇ. ਉਪੱਲ ਅਤੇ ਐਡਵੋਕੇਟ ਜਨਰਲ ਪੰਜਾਬ ਅਤੁਲ ਨੰਦਾ ਨੂੰ ਤੁਰੰਤ ਅਹੁਦਿਆਂ ਤੋਂ ਹਟਾਉਣ ਦੀ ਮੰਗ ਕੀਤੀ ਹੈ।


ਸੁੱਕਰਵਾਰ ਨੂੰ ਪਾਰਟੀ ਦਫਤਰ ਤੋਂ ਜਾਰੀ ਬਿਆਨ ਰਾਹੀਂ ਪਾਰਟੀ ਦੀ ਸੀਨੀਅਰ ਆਗੂ ਅਤੇ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਨੇ ਕਿਹਾ, "ਸੱਤਾਧਾਰੀ ਕਾਂਗਰਸ ਅਤੇ ਸਮੁੱਚੀ ਸਰਕਾਰੀ ਮਸ਼ੀਨਰੀ ਸੁਮੇਧ ਸੈਣੀ ਨੂੰ ਹਰ ਹੀਲੇ ਬਚਾਉਣ 'ਤੇ ਲੱਗੀ ਹੋਈ ਹੈ। ਹਰੇਕ ਕੰਮ 'ਚ ਅਣਗਿਣਤ ਚੋਰ- ਮੋਰੀਆਂ ਰੱਖ ਕੇ ਸੁਮੇਧ ਸੈਣੀ ਨੂੰ ਬਚ ਨਿਕਲਣ ਲਈ 'ਸੁਰੱਖਿਅਤ ਲਾਂਘਾ' ਦੇ ਦਿੱਤਾ ਜਾਂਦਾ ਹੈ। ਲੋਕਾਂ ਦੀਆਂ ਅੱਖਾਂ 'ਚ ਘੱਟਾ ਪਾਉਣ ਲਈ ਖੇਡੀ ਜਾ ਰਹੀ ਖੇਡ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਜੋ ਵਿਜੀਲੈਂਸ ਅਤੇ ਗ੍ਰਹਿ ਵਿਭਾਗ ਦੇ ਮੁਖੀ ਹਨ, ਸਮੇਤ ਮੁੱਖ ਸਕੱਤਰ ਪੰਜਾਬ, ਵਿਜੀਲੈਂਸ ਚੀਫ, ਗ੍ਰਹਿ ਸਕੱਤਰ ਅਤੇ ਐਡਵੋਕੇਟ ਜਨਰਲ ਪੰਜਾਬ ਸਾਮਲ ਹਨ, ਜਿੰਨ੍ਹਾਂ ਨੂੰ ਆਪਣੇ ਅਹੁਦਿਆਂ 'ਤੇ ਬਣੇ ਰਹਿਣ ਦਾ ਕੋਈ ਹੱਕ ਨਹੀਂ।"


ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ "ਬਾਦਲਾਂ ਦੇ ਕਦਮ ਚਿੰਨ੍ਹਾਂ 'ਤੇ ਚਲਦਿਆਂ ਕੈਪਟਨ ਸਰਕਾਰ ਨੇ ਵੀ ਸੁਮੇਧ ਸੈਣੀ ਖਿਲਾਫ ਹਮੇਸ਼ਾਂ ਨਰਮੀ ਦਿਖਾਈ ਹੈ। ਬਰਗਾੜੀ ਅਤੇ ਬਹਿਬਲ ਕਲਾਂ ਕੇਸਾਂ ਸਮੇਤ ਸੁਮੇਧ ਸੈਣੀ ਖਿਲਾਫ ਕਦੇ ਵੀ ਠੋਸ ਤਰੀਕੇ ਨਾਲ ਕੇਸ ਨਹੀਂ ਬਣਾਇਆ ਗਿਆ, ਲੋਕਾਂ ਅਤੇ ਕਾਨੂੰਨ ਨੂੰ ਗੁੰਮਰਾਹ ਕਰਦਿਆਂ ਸਿਰਫ ਖਾਨਾਪੂਰਤੀ ਹੀ ਕੀਤੀ ਜਾਂਦੀ ਰਹੀ ਹੈ।


ਪ੍ਰੋ. ਬਲਜਿੰਦਰ ਕੌਰ ਨੇ ਕਿਹਾ, ''ਬੇਅਦਬੀ ਅਤੇ ਬਹਿਬਲ ਕਲਾਂ ਸਮੇਤ ਸੁਮੇਧ ਸੈਣੀ ਖਿਲਾਫ ਜਿੰਨੇ ਵੀ ਨਵੇਂ- ਪੁਰਾਣੇ ਕੇਸ ਹਨ, ਜੇਕਰ ਸਰਕਾਰ ਨਿਰਪੱਖਤਾ ਅਤੇ ਠੋਸ ਇਰਾਦੇ ਨਾਲ ਕਾਰਵਾਈ ਕਰਦੀ ਤਾਂ ਸੁਮੇਧ ਸੈਣੀ ਕਦੋਂ ਦੇ ਸਲਾਖਾਂ ਪਿੱਛੇ ਹੁੰਦੇ। ਪਰ ਕੈਪਟਨ ਸਰਕਾਰ ਅਜਿਹਾ ਚਾਹੁੰਦੀ ਹੀ ਨਹੀਂ। ਸਾਡੇ ਇਹਨਾਂ ਦੋਸ਼ਾਂ ਦੀ ਪੁਸਟੀ ਸੱਤਾਧਾਰੀ ਕਾਂਗਰਸ ਦੇ ਸੀਨੀਅਰ ਆਗੂ ਅਤੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਸੁੱਖੀ ਰੰਧਾਵਾ ਨੇ ਤਾਜ਼ਾ ਟਵੀਟ ਰਾਹੀਂ ਕਰ ਦਿੱਤੀ ਹੈ।''