Sunil Jakhar: ਭਾਜਪਾ ਨੇ ਕਈ ਸੂਬਾ ਪ੍ਰਧਾਨ ਬਦਲੇ ਹਨ। ਪੰਜਾਬ ਵਿੱਚ ਸੁਨੀਲ ਜਾਖੜ, ਤੇਲੰਗਾਨਾ ਵਿੱਚ ਕਿਸ਼ਨ ਰੈੱਡੀ, ਆਂਧਰਾ ਪ੍ਰਦੇਸ਼ ਵਿੱਚ ਡੀ ਪੁਰੰਡੇਸ਼ਵਰੀ ਤੇ ਝਾਰਖੰਡ ਵਿੱਚ ਬਾਬੂਲਾਲ ਮਰਾਂਡੀ ਨੂੰ ਕਮਾਂਡ ਸੌਂਪੀ ਗਈ ਹੈ। ਚਰਚਾਵਾਂ ਸਨ ਕਿ ਭਾਜਪਾ 2024 ਦੀਆਂ ਲੋਕ ਸਭਾ ਚੋਣਾਂ ਨੂੰ ਦੇਖਦਿਆਂ ਇੱਕ ਵੱਡਾ ਦਾਅ ਖੇਡਣ ਦੀ ਤਿਆਰੀ 'ਚ ਹੈ ਕਿਉਂਕਿ ਪੰਜਾਬ 'ਚ ਸੁਨੀਲ ਜਾਖੜ ਹਿੰਦੂ ਤੇ ਜੱਟ ਭਾਈਚਾਰੇ ਦਾ ਇੱਕ ਸਾਂਝਾ ਚਿਹਰਾ ਹਨ। 






ਆਂਧਰਾ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਿਰਨ ਕੁਮਾਰ ਰੈੱਡੀ ਨੂੰ ਭਾਜਪਾ ਦੀ ਰਾਸ਼ਟਰੀ ਕਾਰਜਕਾਰਨੀ ਦਾ ਮੈਂਬਰ ਬਣਾਇਆ ਗਿਆ ਹੈ। ਉਹ ਅਪ੍ਰੈਲ 'ਚ ਭਾਜਪਾ 'ਚ ਸ਼ਾਮਲ ਹੋਏ ਸੀ। ਇਸ ਤੋਂ ਇਲਾਵਾ ਈਟੇਲਾ ਰਾਜੇਂਦਰ ਨੂੰ ਤੇਲੰਗਾਨਾ ਵਿੱਚ ਭਾਜਪਾ ਦੀ ਚੋਣ ਪ੍ਰਬੰਧਨ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ।


ਜ਼ਿਕਰ ਕਰ ਦਈਏ ਕਿ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਇਕਾਈ ਵਿੱਚ ਫੇਰਬਦਲ ਦੀ ਕਨਸੋਆਂ ਸਨ ਇਸ ਦੌਰਾਨ ਇਹ ਵੀ ਸਾਹਮਣੇ ਆਇਆ ਸੀ ਕਿ ਭਾਜਪਾ ਦੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਪ੍ਰਧਾਨਗੀ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ ਪਰ ਇਸ ਦੌਰਾਨ ਅਸ਼ਵਨੀ ਸ਼ਰਮਾ ਨੇ ਟਵੀਟ ਕਰਦਿਆਂ ਕਿਹਾ ਸੀ ਕਿ , ਮੀਡੀਆ ਵਿੱਚ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ ਕਿ ਮੈਂ ਭਾਜਪਾ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ, ਮੈਂ ਅਜਿਹੀਆਂ ਅਫਵਾਹਾਂ ਦਾ ਖੰਡਨ ਕਰਦਾ ਹਾਂ। ਆਪ ਸਭ ਦੀ ਜਾਣਕਾਰੀ ਲਈ ਮੈਂ ਦੱਸਣਾ ਚਾਹੁੰਦਾ ਹਾਂ ਕਿ ਭਾਜਪਾ ਵਿੱਚ ਅਸਤੀਫੇ ਦੀ ਕੋਈ ਪਰੰਪਰਾ ਨਹੀਂ ਹੈ।






 


ਸੁਨੀਲ ਜਾਖੜ ਦਾ ਸਿਆਸੀ ਸਫ਼ਰ 


ਸੁਨੀਲ ਜਾਖੜ ਪੰਜਾਬ ਕਾਂਗਰਸ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ। ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਏ ਜਾਣ ਕਾਰਨ ਜਾਖੜ ਨੇ ਕਾਂਗਰਸ ਨੂੰ ਛੱਡ ਦਿੱਤਾ ਸੀ। ਜਾਖੜ ਕਾਂਗਰਸ 'ਚ ਰਹਿੰਦੇ ਹੋਏ ਦੋ ਵਾਰ ਵਿਧਾਇਕ, ਇਕ ਵਾਰ ਲੋਕ ਸਭਾ ਦੇ ਮੈਂਬਰ ਤੇ ਪ੍ਰਧਾਨ ਦੀ ਕਮਾਨ ਸੰਭਾਲ ਚੁੱਕੇ ਹਨ। ਜਾਖੜ ਪਰਿਵਾਰ ਦੋ ਸਿਆਸੀ ਪਾਰਟੀਆਂ ਨਾਲ ਜੁੜਿਆ ਹੋਇਆ ਹੈ। ਸੁਨੀਲ ਜਾਖੜ ਬੀਜੇਪੀ ਵਿੱਚ ਹਨ ਤਾਂ ਉਹਨਾ ਦਾ ਭਤੀਜਾ ਸੰਦੀਪ ਜਾਖੜ ਕਾਂਗਰਸ ਦਾ ਅਬੋਹਰ ਤੋਂ ਵਿਧਾਇਕ ਹੈ।