Punjab News: ਪੰਜਾਬ ਬੀਜੇਪੀ ਦੀ ਕਮਾਨ ਸੰਭਾਲਣ ਮਗਰੋਂ ਸਨੀਲ ਜਾਖੜ ਐਕਸ਼ਨ ਮੋਡ 'ਚ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਅੱਜ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪਰੋਹਿਤ ਨਾਲ ਮੁਲਾਕਾਤ ਕੀਤਾ ਤੇ ਮੈਮੋਰੈਂਡਮ ਸੌਂਪਿਆ। ਉਂਝ ਭਾਜਪਾ ਦੇ ਜਿਨ੍ਹਾਂ ਆਗੂਆਂ ਨੇ ਅੱਜ ਮੁਲਾਕਾਤ ਕੀਤੀ, ਉਨ੍ਹਾਂ ਵਿੱਚ ਜ਼ਿਆਦਾਤਰ ਆਗੂ ਪੁਰਾਣੇ ਕਾਂਗਰਸੀ ਹੀ ਸਨ, ਭਾਜਪਾ ਆਗੂ ਨਜ਼ਰ ਨਹੀਂ ਆਏ।
ਮੁਲਾਕਾਤ ਮਗਰੋਂ ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਜੋ ਹੜ੍ਹਾਂ ਕਰਕੇ ਹਾਲਾਤ ਹਨ, ਉਹ ਨਹਿਰਾਂ ਦੀ ਸਫ਼ਾਈ ਨਾ ਹੋਣ ਕਾਰਨ ਬਣੇ ਹਨ। ਇਸ ਲਈ ਪੰਜਾਬ ਦੇ ਰਾਜਪਾਲ ਨੂੰ ਬੇਨਤੀ ਕੀਤੀ ਹੈ ਕਿ ਪੰਜਾਬ ਸਰਕਾਰ ਤੋਂ ਰਿਪੋਰਟ ਤਲਬ ਕਰਨ ਕਿ ਨਹਿਰਾਂ ਤੇ ਨਾਲਿਆਂ ਦੀ ਸਫ਼ਾਈ ਕਿਸ ਸਮੇਂ ਤੇ ਕਿਵੇਂ ਕੀਤੀ ਗਈ। ਜਾਖੜ ਨੇ ਕਿਹਾ ਹੈ ਕਿ ਸੀਐਮ ਭਗਵੰਤ ਮਾਨ ਕੇਂਦਰ ਨੂੰ ਪੱਤਰ ਲਿਖਣ। ਕੇਂਦਰ ਸਰਕਾਰ ਮਦਦ ਕਰਨ ਲਈ ਤਿਆਰ ਹੈ। ਭਗਵੰਤ ਮਾਨ ਅੱਜ ਹੀ ਕੇਂਦਰ ਦੇ ਗ੍ਰਹਿ ਮੰਤਰੀ ਨਾਲ ਮੁਲਾਕਾਤ ਕਰਨ। ਉਨ੍ਹਾਂ ਤੋਂ ਹੋਰ ਪੈਸੇ ਮੰਗਣ, ਅਸੀਂ ਉਨ੍ਹਾਂ ਦੇ ਨਾਲ ਹਾਂ। ਉਨ੍ਹਾਂ ਕਿਹਾ ਕਿ ਅੱਜ ਜੇਕਰ ਪੰਜਾਬ ਦੇ ਸਕੂਲ ਨੰਬਰ ਵਨ ਹਨ ਤਾਂ ਉਹ ਅਮਰਿੰਦਰ ਸਿੰਘ ਦੀ ਸਰਕਾਰ ਦੀ ਬਦੌਲਤ ਹਨ।
ਜਾਖੜ ਨੇ ਕਿਹਾ ਕਿ ਜਿਸ ਜਗ੍ਹਾ 'ਤੇ ਪਾਣੀ ਭਰਿਆ ਹੋਇਆ ਹੈ, ਉੱਥੇ ਬਿਮਾਰੀ ਨਾ ਫੈਲੇ, ਇਸ ਲਈ ਸਰਕਾਰ ਨੂੰ ਦਵਾਈ ਲਈ ਹਦਾਇਤਾਂ ਜਾਰੀ ਕਰਨੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਜਿਸ ਥਾਂ ਪਾਣੀ ਖੜ੍ਹਾ ਹੈ, ਉੱਥੇ ਕੋਈ ਫ਼ਸਲ ਨਹੀਂ ਹੋਵੇਗੀ। ਇਸ ਦੀ ਭਰਪਾਈ ਲਈ ਕੇਂਦਰ ਨੇ 218 ਕਰੋੜ ਰੁਪਏ ਦਿੱਤੇ ਹਨ। ਦੂਜੇ ਪਾਸੇ ਅੱਜ ਪੰਜਾਬ ਸਰਕਾਰ ਕਹਿ ਰਹੀ ਹੈ ਕਿ ਅਸੀਂ ਝੋਨੇ ਦੀ ਪਨੀਰੀ ਦੇ ਦਿੱਤੀ ਹੈ, ਪਰ ਇਹ ਕੋਰਾ ਝੂਠ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਦੀ ਫ਼ਸਲ, ਘਰ, ਪਸ਼ੂਆਂ ਦਾ ਨੁਕਸਾਨ ਹੋਇਆ ਹੈ, ਉਨ੍ਹਾਂ ਨੂੰ ਤੁਰੰਤ ਪੈਸੇ ਦਿੱਤੇ ਜਾਣ।
ਜਾਖੜ ਨੇ ਕਿਹਾ ਕਿ ਅੱਜ ਪੰਜਾਬ ਦੇ ਵਿਧਾਇਕ ਤੇ ਮੰਤਰੀ ਪੰਜਾਬ ਦੇ ਲੋਕਾਂ ਨੂੰ ਜ਼ਲੀਲ ਕਰ ਰਹੇ ਹਨ। ਅਸੀਂ ਇਸ ਮੁੱਦੇ ਨੂੰ ਉਠਾਇਆ ਤੇ ਹੁਣ ਵਿਧਾਇਕ ਨੇ ਇਸ ਮਾਮਲੇ 'ਤੇ ਮੁਆਫੀ ਮੰਗ ਲਈ ਹੈ ਤੇ ਲੋਕਾਂ ਦੀ ਜਿੱਤ ਹੋਈ ਹੈ। ਆਮ ਆਦਮੀ ਪਾਰਟੀ ਦੇ ਹੰਕਾਰੀ ਵਿਧਾਇਕ ਨੂੰ ਝੁਕਣਾ ਪਿਆ ਹੈ।