Punjab News: ਪੰਜਾਬ ਦੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਸ਼ੁੱਕਰਵਾਰ ਨੂੰ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੂੰ ਸੂਬੇ ਦੇ ਆਜ਼ਾਦ ਪੱਤਰਕਾਰਾਂ ਅਤੇ ਮੀਡੀਆ ਸੰਗਠਨਾਂ, ਨੂੰ ਡਰਾਉਣ ਦਾ ਇਲਜ਼ਾਮ ਲਾ ਕੇ ਤੰਜ ਕਸਿਆ।


ਇੱਕ ਬਿਆਨ ਵਿੱਚ, ਵਿਰੋਧੀ ਧਿਰ ਦੇ ਆਗੂ ਨੇ ਬਠਿੰਡਾ ਦੇ ਇੱਕ ਆਜ਼ਾਦ ਪੱਤਰਕਾਰ ਸੁਖਨੈਬ ਸਿੱਧੂ ਦੀ ਗ੍ਰਿਫ਼ਤਾਰੀ ਦੀ ਸਖ਼ਤ ਨਿੰਦਾ ਕੀਤੀ। ਹਾਲਾਂਕਿ, ਬਾਅਦ ਵਿੱਚ ਉਸ ਨੂੰ ਰਿਹਾਅ ਕਰ ਦਿੱਤਾ ਗਿਆ ਸੀ।


“ਇਹ ਇੱਕੋ ਇੱਕ ਘਟਨਾ ਨਹੀਂ ਹੈ, ਜਿੱਥੇ ‘ਆਪ’ ਸਰਕਾਰ ਨੇ ਸੂਬੇ ਵਿੱਚ ਪ੍ਰੈੱਸ ਦੀ ਆਜ਼ਾਦੀ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਸੀ। ਬਾਜਵਾ ਨੇ ਅੱਗੇ ਕਿਹਾ ਕਿ ਪਿਛਲੇ ਕੁੱਝ ਹਫ਼ਤਿਆਂ ਵਿੱਚ, ਪੁਲਿਸ ਸੁਤੰਤਰ ਪੱਤਰਕਾਰਾਂ, ਨਿਊਜ਼ ਪੋਰਟਲਾਂ ਅਤੇ ਯੂ-ਟਿਊਬਰਾਂ ‘ਤੇ ਬਹੁਤ ਸਖ਼ਤ ਰਹੀ ਹੈ।


ਸੀਨੀਅਰ ਕਾਂਗਰਸੀ ਆਗੂ ਬਾਜਵਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਮੀਡੀਆ ਅਤੇ ਪੱਤਰਕਾਰਾਂ ਨੂੰ ਡਰਾਉਣਾ ਸਿਹਤਮੰਦ ਲੋਕਤੰਤਰ ਦੀ ਨਿਸ਼ਾਨੀ ਨਹੀਂ ਹੈ। ਬੀਬੀਸੀ ਨਿਊਜ਼ ਪੰਜਾਬੀ ਸਮੇਤ ਪ੍ਰਮੁੱਖ ਮੀਡੀਆ ਸੰਗਠਨਾਂ ਅਤੇ ਇੰਡੀਅਨ ਐਕਸਪ੍ਰੈਸ ਦੇ ਪੱਤਰਕਾਰ ਕਮਲਦੀਪ ਸਿੰਘ ਬਰਾੜ ਅਤੇ ਫ੍ਰੀਲਾਂਸ ਪੱਤਰਕਾਰ ਗਗਨਦੀਪ ਸਿੰਘ ਅਤੇ ਸੰਦੀਪ ਸਿੰਘ ਸਮੇਤ ਪੱਤਰਕਾਰਾਂ ਦੇ ਟਵਿੱਟਰ ਹੈਂਡਲਾਂ ਨੂੰ ਹਾਲ ਹੀ ਵਿੱਚ ਰੋਕ ਦਿੱਤਾ ਗਿਆ ਸੀ। ਹਾਲਾਂਕਿ, ਬਾਅਦ ਵਿੱਚ ਉਨ੍ਹਾਂ ਨੂੰ ਬਹਾਲ ਕਰ ਦਿੱਤਾ ਗਿਆ ਸੀ। ਕੀ ਇਹ ਮੀਡੀਆ ਦੀ ਆਜ਼ਾਦੀ ਨੂੰ ਦਬਾਉਣ ਦੀਆਂ ਇਹ ਕੋਸ਼ਿਸ਼ਾਂ ਨਹੀਂ ਹਨ?



“ਇਸ ਤੋਂ ਪਹਿਲਾਂ ਮਾਨ ਸਰਕਾਰ ਨੇ ਇਸ ਖੇਤਰ ਦੇ ਇੱਕ ਮਸ਼ਹੂਰ ਪੰਜਾਬੀ ਅਖ਼ਬਾਰ ਨੂੰ ਸਰਕਾਰੀ ਇਸ਼ਤਿਹਾਰ ਜਾਰੀ ਕਰਨਾ ਬੰਦ ਕਰ ਦਿੱਤਾ ਸੀ। ਉਹ ਸਰਕਾਰ ਬਣਾਉਣ ਤੋਂ ਬਾਅਦ ਸਵਾਲਾਂ ਅਤੇ ਆਲੋਚਨਾਵਾਂ ਤੋਂ ਕਿਉਂ ਭੱਜ ਰਿਹਾ ਹੈ? ਸਰਕਾਰ ਬਣਨ ਤੋਂ ਪਹਿਲਾਂ ਮਾਨ ਲੋਕਾਂ ਨੂੰ ਸਿਆਸਤਦਾਨਾਂ ਤੋਂ ਸਵਾਲ ਪੁੱਛਣ ਅਤੇ ਆਲੋਚਨਾ ਕਰਨ ਲਈ ਉਤਸ਼ਾਹਿਤ ਕਰਦੇ ਸਨ। ਕੀ ਇਹ ਮੁੱਖ ਮੰਤਰੀ ਮਾਨ ਦਾ ਪਾਖੰਡ ਨਹੀਂ ਹੈ? ਬਾਜਵਾ ਨੇ ਅੱਗੇ ਕਿਹਾ।


ਵਿਰੋਧੀ ਧਿਰ ਦੇ ਨੇਤਾ ਨੇ ਕਿਹਾ ਕਿ ‘ਆਪ’ ਸਰਕਾਰ ਨੂੰ ਇਸ ਤਰਾਂ ਪ੍ਰੈੱਸ ਨੂੰ ਗ਼ੁਲਾਮ ਬਣਾਉਣ ਦੀ ਬਜਾਏ ਲੋਕਤੰਤਰੀ ਢਾਂਚੇ ਵਿੱਚ ਆਲੋਚਨਾ ਦਾ ਸਾਹਮਣਾ ਕਰਨ ਦੀ ਹਿੰਮਤ ਹੋਣੀ ਚਾਹੀਦੀ ਹੈ l


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ