ਤਰਨਤਾਰਨ : ਵਿਧਾਨ ਸਭਾ ਹਲਕਾ ਪੱਟੀ ਅਧੀਨ ਪੈਂਦੇ ਪਿੰਡ ਤੂਤ ਤੋਂ ਇਕ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ ਜਿਸ ਵਿਚ ਕਲਯੁੱਗੀ ਪੁੱਤ ਨੇ ਆਪਣੇ ਮਾਂ ਪਿਓ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਦੱਸਿਆ ਜਾ ਰਿਹਾ ਹੈ ਕਿ ਪੁੱਤ ਨੇ ਪਹਿਲਾਂ ਆਪਣੇ ਪਿਤਾ ਦੀ ਦਾੜ੍ਹੀ ਪੁੱਟੀ ਅਤੇ ਬਾਅਦ ਵਿੱਚ ਬਜ਼ੁਰਗ ਮਾਂ ਦੇ ਗਲ ਵਿਚ ਪਾਇਆ ਸ੍ਰੀ ਸਾਹਿਬ ਉਤਾਰ ਕੇ ਉਸ ਦੀ ਬੇਰਹਿਮੀ ਨਾਲ ਸੋਟੀਆਂ ਨਾਲ ਕੁੱਟ ਮਾਰ ਕੀਤੀ।
ਇਸ ਸਬੰਧੀ ਜਾਣਕਾਰੀ ਦੇਂਦੇ ਹੋਏ ਬਜ਼ੁਰਗ ਪੀਡ਼ਤ ਵਿਅਕਤੀ ਜਗਤਾਰ ਸਿੰਘ ਨੇ ਦੱਸਿਆ ਕਿ ਉਸ ਦੇ ਦੋ ਲੜਕੇ ਹਨ ਅਤੇ ਦੋ ਹੀ ਲੜਕੀਆਂ ਹਨ ਅਤੇ ਲੜਕੀਆਂ ਦਾ ਵਿਆਹ ਹੋ ਚੁੱਕਿਆ ਹੈ ਅਤੇ ਦੋਵਾਂ ਲੜਕਿਆਂ ਦੀ ਵੰਡ ਵਿਚ ਆਉਂਦੀ ਜ਼ਮੀਨ ਇਨ੍ਹਾਂ ਦੋਨਾਂ ਨੂੰ ਵੰਡ ਕੇ ਦਿੱਤੀ ਹੋਈ ਹੈ ਅਤੇ ਵੰਡ ਤੋਂ ਪਹਿਲਾਂ ਇਨ੍ਹਾਂ ਦੋਵਾਂ ਲੜਕਿਆਂ ਨੇ ਸਾਨੂੰ ਕਿਹਾ ਸੀ ਕਿ ਉਹ ਜੋ ਵੀ ਕਰਜ਼ਾ ਬਣਦਾ ਹੈ ਉਹ ਉਤਾਰ ਦੇਣਗੇ ਪਰ ਉਸਦੇ ਛੋਟੇ ਲੜਕੇ ਵੱਲੋਂ ਤਾਂ ਕਰਜ਼ਾ ਉਤਾਰਿਆ ਜਾ ਰਿਹਾ ਹੈ ਪਰ ਉਸਦੇ ਵੱਡੇ ਲੜਕੇ ਵਿਸਾਖਾ ਸਿੰਘ ਵੱਲੋਂ ਕਰਜ਼ੇ ਦੀਆਂ ਕਿਸ਼ਤਾਂ ਨਹੀਂ ਦਿੱਤੀਆਂ ਜਾ ਰਹੀਆਂ ਜਿਸ ਨੂੰ ਲੈ ਕੇ ਉਸ ਨੇ ਵਿਸਾਖਾ ਸਿੰਘ ਨੂੰ ਕਰਜ਼ੇ ਦੀ ਕਿਸ਼ਤ ਦੇਣ ਲਈ ਕਿਹਾ ਤਾਂ ਅੱਗਿਓਂ ਵਿਸਾਖਾ ਸਿੰਘ ਨੇ ਉਸ ਨਾਲ ਬਹਿਸਬਾਜ਼ੀ ਕੀਤੀ ਅਤੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ, ਉਸ ਦੀ ਦਾੜ੍ਹੀ ਪੁੱਟ ਦਿੱਤੀ । ਪੀਡ਼ਤ ਵਿਅਕਤੀ ਜਗਤਾਰ ਸਿੰਘ ਨੇ ਦੱਸਿਆ ਕਿ ਵਿਸਾਖਾ ਸਿੰਘ ਇਥੇ ਹੀ ਨਹੀਂ ਰੁਕਿਆ ਉਸ ਨੇ ਆਪਣੀ ਮਾਂ ਦੀ ਵੀ ਬੇਰਹਿਮੀ ਨਾਲ ਕੁੱਟਮਾਰ ਕੀਤੀ
ਪੀੜਤ ਮਹਿਲਾ ਗੁਰਮੀਤ ਕੌਰ ਨੇ ਕਿਹਾ ਕਿ ਉਸ ਦੇ ਲੜਕੇ ਨੇ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ ਅਤੇ ਉਸਦਾ ਸ੍ਰੀ ਸਾਹਿਬ ਉਤਾਰ ਕੇ ਵੀ ਉਸ ਦੀ ਬੇਇੱਜ਼ਤੀ ਕੀਤੀ।
ਇਸ ਤੋਂ ਇਲਾਵਾ ਪੀੜਤ ਜੋੜੇ ਨੇ ਇਲਜ਼ਾਮ ਲਾਉਂਦੇ ਹੋਏ ਕਿਹਾ ਕਿ ਇਸ ਸਬੰਧੀ ਪੁਲਸ ਚੌਕੀ ਤੂਤ ਵਿਖੇ ਲਿਖਤੀ ਦਰਖਾਸਤ ਦਿੱਤੀ ਹੋਈ ਹੈ ਪਰ ਉਨ੍ਹਾਂ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਸਗੋਂ ਉਨ੍ਹਾਂ ਨੂੰ ਅੱਗਿਓਂ ਜ਼ਬਰਦਸਤੀ ਰਾਜ਼ੀਨਾਵਾਂ ਕਰਨ ਲਈ ਦਬਾਅ ਬਣਾਇਆ ਜਾ ਰਿਹਾ ਹੈ ਪੀਡ਼ਤ ਬਜ਼ੁਰਗਾਂ ਨੇ ਜ਼ਿਲਾ ਤਰਨਤਾਰਨ ਦੇ ਐੱਸਐੱਸਪੀ ਤੋਂ ਇਨਸਾਫ ਦੀ ਗੁਹਾਰ ਲਾਉਂਦੇ ਹੋਏ ਕਿਹਾ ਕਿ ਉਨ੍ਹਾਂ ਦੇ ਲੜਕੇ ਵਿਸਾਖਾ ਸਿੰਘ ਤੇ ਉਸਦੀ ਪਤਨੀ ਅਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ।
ਉਧਰ ਜਦ ਇਸ ਸਬੰਧੀ ਦੂਜੀ ਧਿਰ ਵਿਸਾਖਾ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਆਪਣੇ 'ਤੇ ਲਾਏ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ ਤੇ ਕਿਹਾ ਕਿ ਉਹ ਆਪਣੀ ਜ਼ਮੀਨ ਵਾਹੁਣ ਲੱਗਾ ਸੀ ਅਤੇ ਇਸੇ ਗੱਲ ਨੂੰ ਲੈ ਕੇ ਉਸਦੇ ਪਿਤਾ ਨੇ ਉਸ ਨਾਲ ਲੜਾਈ ਝਗੜਾ ਕੀਤਾ ਹੈ ਪਰ ਮੈਂ ਕੋਈ ਦਾੜ੍ਹੀ ਨਹੀਂ ਪੁੱਟੀ ਅਤੇ ਨਾ ਹੀ ਮੈਂ ਮਾਂ ਦੀ ਕੁੱਟਮਾਰ ਕੀਤੀ ਹੈ।
ਮਾਮਲੇ ਸਬੰਧੀ ਥਾਣਾ ਸਦਰ ਪੱਟੀ ਦੇ ਐੱਸਐੱਚਓ ਸੁਖਬੀਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਅਤੇ ਇਸ ਮਾਮਲੇ ਸਬੰਧੀ ਪੁਲਸ ਚੌਕੀ ਤੂਤ ਵਿਖੇ ਲਿਖਤੀ ਦਰਖਾਸਤ ਆਈ ਹੈ ਇਸ ਦੀ ਛਾਣਬੀਣ ਚੱਲ ਰਹੀ ਹੈ ਜੋ ਵੀ ਦੋਸ਼ੀ ਹੋਇਆ ਉਸ ਤੇ ਕਾਰਵਾਈ ਕੀਤੀ ਜਾਵੇਗੀ।