Punjab News: ਕਿਸਾਨ ਅੰਦੋਲਨ ਕਾਰਨ ਪੰਜਾਬ ਦੇ 7 ਜ਼ਿਲ੍ਹਿਆਂ ਵਿੱਚ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ। ਇਸ ਤੋਂ ਪਹਿਲਾਂ ਪੰਜਾਬ-ਹਰਿਆਣਾ ਨਾਲ ਲੱਗਦੇ 3 ਜ਼ਿਲ੍ਹਿਆਂ ਦੇ ਕੁਝ ਇਲਾਕਿਆਂ ਵਿੱਚ ਹੀ ਇੰਟਰਨੈੱਟ ਬੰਦ ਸੀ ਪਰ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਹੁਕਮਾਂ ਵਿੱਚ ਇਸ ਦੀ ਮਿਆਦ 24 ਫਰਵਰੀ ਤੱਕ ਵਧਾ ਦਿੱਤੀ ਗਈ ਹੈ। ਇਸ ਨੂੰ ਲੈ ਕੇ ਵਿਰੋਧੀ ਧਿਰਾਂ ਵੱਲੋਂ ਪੰਜਾਬ ਸਰਕਾਰ ਉੱਤੇ ਨਿਸ਼ਾਨਾ ਸਾਧਿਆ ਜਾ ਰਿਹਾ ਹੈ।






ਕਾਂਗਰਸ ਦੇ ਵਿਧਾਇਕ ਪਰਗਟ ਸਿੰਘ ਨੇ ਕਿਹਾ ਕਿ ਪੰਜਾਬ ਦੇ 3 ਜ਼ਿਲਿਆਂ ਵਿੱਚ ਇੰਟਰਨੈੱਟ ਇੱਕ ਹਫ਼ਤੇ ਦਾ ਬੰਦ ਹੈ, ਅੱਜ 7 ਜ਼ਿਲਿਆਂ ਦਾ ਬੰਦ ਕਰ ਦਿੱਤਾ ਗਿਆ ਹੈ। ਪੰਜਾਬ ਦੇ ਮੁੱਖ ਮੰਤਰੀ ਚੁੱਪਚਾਪ ਭਾਜਪਾ ਦੇ ਨਾਲ ਰਲ ਕੇ ਪੰਜਾਬ ਦੇ ਕਿਸਾਨਾਂ ਅਤੇ ਮੀਡੀਆ ਦੀ ਆਵਾਜ਼ ਬੰਦ ਕਰ ਰਹੇ ਹਨ। ਕਿਸਾਨ ਅੰਦੋਲਨ ਦੀ ਗੱਲ ਕਰਨ ਵਾਲੇ ਹਰ ਅਕਾਊਂਟ ਨੂੰ ਬੰਦ ਕੀਤਾ ਜਾ ਰਿਹਾ ਹੈ। ਵਿਰੋਧੀ ਧਿਰ ਦੀ ਆਵਾਜ਼ ਬੰਦ ਕਰਨ ਲਈ ਸੁਪਰੀਮ ਕੋਰਟ ਪਹੁੰਚਣ ਵਾਲੀ ਭਗਵੰਤ ਮਾਨ ਸਰਕਾਰ ਇੱਕ ਹਫ਼ਤੇ ਤੋਂ ਪੰਜਾਬ ਦੀ ਆਵਾਜ਼ ਬੰਦ ਕੀਤੇ ਜਾਣ ਤੇ ਸੁਪਰੀਮ ਕੋਰਟ ਕਿਉਂ ਨਹੀਂ ਜਾ ਰਹੀ ?



ਕਿੱਥੇ-ਕਿੱਥੇ ਹੋਇਆ ਇੰਟਰਨੈੱਟ ਬੰਦ


ਥਾਣਾ ਸ਼ੰਭੂ, ਜੁਲਕਾਂ, ਪਸਿਆਣਾ, ਪਾਤੜਾਂ, ਸ਼ੁਤਰਾਣਾ, ਸਮਾਣਾ, ਘਨੌਰ, ਦੇਵੀਗੜ੍ਹ ਅਤੇ ਪਟਿਆਲਾ ਦੇ ਬਲਬੇੜਾ ਦਾ ਅਧਿਕਾਰ ਖੇਤਰ।
ਐਸ.ਏ.ਐਸ.ਨਗਰ ਥਾਣਾ ਲਾਲੜੂ
ਬਠਿੰਡਾ ਥਾਣਾ ਸੰਗਤ
ਸ੍ਰੀ ਮੁਕਤਸਰ ਸਾਹਿਬ ਥਾਣਾ ਖਿਆਲਾਂਵਾਲੀ
ਮਾਨਸਾ ਥਾਣਾ ਸਰਦੂਲਗੜ੍ਹ
ਸੰਗਰੂਰ ਦੇ ਥਾਣਾ ਖਨੌਰੀ, ਮੂਨਕ, ਲਹਿਰਾ, ਸੁਨਾਮ ਅਤੇ ਝੱਜਲੀ।
ਫਤਿਹਗੜ੍ਹ ਸਾਹਿਬ ਥਾਣਾ ਫਤਿਹਗੜ੍ਹ ਸਾਹਿਬ


ਜ਼ਿਕਰ ਕਰ ਦਈਏ ਕਿ ਹਾਲ ਹੀ 'ਚ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਸਰਕਾਰ ਨੂੰ ਪੱਤਰ ਲਿਖ ਕੇ 16 ਫਰਵਰੀ ਤੱਕ ਇੰਟਰਨੈੱਟ ਬੰਦ ਕਰਨ 'ਤੇ ਰੋਸ ਪ੍ਰਗਟਾਇਆ ਸੀ। ਪੱਤਰ ਵਿੱਚ ਮੁੱਖ ਮੰਤਰੀ ਨੇ ਤੁਰੰਤ ਪ੍ਰਭਾਵ ਨਾਲ ਇੰਟਰਨੈੱਟ ਚਾਲੂ ਕਰਨ ਲਈ ਕਿਹਾ ਸੀ। ਇੰਨਾ ਹੀ ਨਹੀਂ ਸੀਐਮ ਭਗਵੰਤ ਮਾਨ ਨੇ ਵੀ ਤੀਜੇ ਦੌਰ ਦੀ ਮੀਟਿੰਗ ਵਿੱਚ ਇਹ ਮੁੱਦਾ ਚੁੱਕਿਆ ਸੀ।


ਪਰ, ਉਨ੍ਹਾਂ ਦੀ ਮੰਗ ਨੂੰ ਨਜ਼ਰਅੰਦਾਜ਼ ਕਰਦੇ ਹੋਏ, ਗ੍ਰਹਿ ਮੰਤਰਾਲੇ ਨੇ ਪੰਜਾਬ ਵਿੱਚ ਇੰਟਰਨੈਟ ਬੰਦ ਕਰਨ ਦੀ ਮਿਆਦ ਦੁਬਾਰਾ ਵਧਾ ਦਿੱਤੀ ਹੈ। ਇੰਨਾ ਹੀ ਨਹੀਂ, ਇਸ ਤੋਂ ਪਹਿਲਾਂ ਪੰਜਾਬ ਦੇ ਸਿਰਫ਼ ਤਿੰਨ ਜ਼ਿਲ੍ਹਿਆਂ ਵਿੱਚ ਇਹ ਇੰਟਰਨੈੱਟ ਬੰਦ ਸੀ। ਪਰ ਹੁਣ ਨਵੇਂ ਹੁਕਮ ਨਾਲ 7 ਜ਼ਿਲ੍ਹਿਆਂ ਵਿੱਚ ਇਸ ਨੂੰ ਬੰਦ ਕਰ ਦਿੱਤਾ ਗਿਆ ਹੈ।