Punjab News: ਪੰਜਾਬ ਦੇ ਰਾਜਪਾਲ ਤੇ ਮੁੱਖ ਮੰਤਰੀ ਵਿਚਾਲੇ ਦੇ ਵਿਵਾਦ ਦਾ ਕੋਈ ਫ਼ਾਇਦਾ ਤਾਂ ਨਹੀਂ ਪਰ ਪੰਜਾਬ ਨੂੰ ਨੁਕਸਾਨ ਹੁੰਦਾ ਜ਼ਰੂਰ ਜਾਪਦਾ ਹੈ। ਰਾਜਪਾਲ ਵੱਲੋਂ ਰਾਸ਼ਟਰਪਤੀ ਰਾਜ ਲਾਉਣ ਦੀ ਮੰਗ ਕਰਨ ਦਾ ਜ਼ਿਕਰ ਕੀਤਾ ਗਿਆ ਹੈ ਜਿਸ ਤੋਂ ਬਾਅਦ ਮੁੱਖ ਮੰਤਰੀ ਨੇ ਪ੍ਰੈਸ ਕਾਨਫ਼ੰਰਸ ਕਰਕੇ ਤਲਖ਼ ਜਵਾਬ ਦਿੱਤੇ ਹਨ।
ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰੈਸ ਕਾਨਫ਼ਰੰਸ ਕਰਕੇ ਗਵਰਨਰ ਤੋਂ ਕੁਝ ਸਵਾਲ ਪੁੱਛੇ ਹਨ। ਮਾਨ ਨੇ ਕਿਹਾ ਕਿ ਤੁਸੀਂ(ਗਵਰਨਰ) ਕਹਿ ਰਹੇ ਹੋ ਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਠੀਕ ਨਹੀਂ ਹੈ ਪਰ ਗੁਆਂਢ(ਹਰਿਆਣਾ) ਵਿੱਚ ਹਲਾਤ ਵਿਗੜੇ ਸੀ, ਦੋ ਫਿਰਕਿਆਂ ਦੀ ਆਪਸੀ ਲੜਾਈ ਹੋਈ, ਗੱਡੀਆਂ ਫੂਕੀਆਂ ਗਈ, ਉੱਥੋਂ ਦੇ ਗਵਰਨਰ ਨੇ ਕੀ ਮੁੱਖ ਮੰਤਰੀ ਖੱਟਰ ਨੂੰ ਕੋਈ ਨੋਟਿਸ ਕੱਢਿਆ ਹੈ? ਇਹ ਇਸ ਲਈ ਨਹੀਂ ਕੱਢਿਆ ਗਿਆ ਕਿਉਂਕਿ ਉੱਥੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ।
ਇਸ ਮੌਕੇ ਮਾਨ ਨੇ ਅੰਕੜੇ ਪੇਸ਼ ਕਰਦਿਆਂ ਕਿਹਾ ਕਿ ਕਾਨੂੰਨ ਵਿਵਸਥਾ ਵਿੱਚ ਗੁਜਰਾਤ ਪਹਿਲੇ ਨੰਬਰ ਉੱਤੇ ਹੈ ਦੂਜੇ ਨੰਬਰ ਉੱਤੇ ਪੰਜਾਬ ਹੈ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਹਰਿਆਣਾ, ਰਾਜਸਥਾਨ ਤੇ ਉੱਤਰ ਪ੍ਰਦੇਸ਼ ਦੇ ਨੰਬਰਾਂ ਦਾ ਜ਼ਿਕਰ ਕੀਤਾ ਜੋ ਕਿ ਬਹੁਤ ਪਿੱਛੇ ਸਨ। ਮਾਨ ਨੇ ਕਿਹਾ ਕਿ ਉੱਥੋਂ ਦੇ ਗਵਰਨਰਾਂ ਨੇ ਮੁੱਖ ਮੰਤਰੀ ਨੂੰ ਨੋਟਿਸ ਕੱਢਿਆ ਹੈ।
ਮਾਨ ਨੇ ਇਸ ਮੌਕੇ ਉੱਤਰ ਪ੍ਰਦੇਸ਼ ਦਾ ਜ਼ਿਕਰ ਕਰਦਿਆਂ ਕਿਹਾ ਕਿ ਉੱਥੇ ਮੀਡੀਆ ਦੇ ਸਾਹਮਣੇ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ ਅਦਾਲਤ ਵਿੱਚ ਲੋਕਾਂ ਨੂੰ ਗੋਲ਼ੀਆਂ ਨਾਲ ਭੁੰਨ ਦਿੱਤਾ ਜਾਂਦਾ ਹੈ। ਕੀ ਉੱਥੋਂ ਦੇ ਰਾਜਪਾਲ ਨੇ ਮੁੱਖ ਮੰਤਰੀ ਨੂੰ ਨੋਟਿਸ ਕੱਢਿਆ ਹੈ। ਮਾਨ ਨੇ ਕਿਹਾ ਕਿ ਲੋਕਾਂ ਨੇ ਪੰਜਾਬ, ਦਿੱਲੀ, ਬੰਗਾਲ, ਕਰਨਾਟਕ, ਕੇਰਲ ਆਦਿ ਸੂਬਿਆਂ ਦੇ ਗਵਰਨਰਾਂ ਬਾਰੇ ਹੀ ਸੁਣਿਆ ਹੋਵੇਗਾ ਪਰ ਕਿਸੇ ਨੇ ਦੂਜੇ ਸੂਬਿਆਂ ਦੇ ਗਵਰਨਰਾਂ ਬਾਰੇ ਸੁਣਿਆ ਹੈ ?
ਮਾਨ ਨੇ ਕਿਹਾ ਕਿ, ਮੈਂ ਗਵਰਨਰ ਸਾਬ੍ਹ ਨੂੰ ਯਾਦ ਕਰਵਾਉਣਾ ਚਾਹੁੰਦਾ ਹਾਂ ਕਿ ਜੋ ਹਰਿਆਣਾ ਦੇ ਨੂੰਹ ‘ਚ ਹੋਇਆ ਕਿ ਉਸ ਬਾਰੇ ਹਰਿਆਣਾ ਦੇ ਗਵਰਨਰ ਨੇ ਖੱਟਰ ਸਰਕਾਰ ਨੂੰ ਕੋਈ ਨੋਟਿਸ ਜਾਰੀ ਕੀਤਾ ਕਾਨੂੰਨ ਵਿਵਸਥਾ ਦੇ ਮਾਮਲੇ ‘ਚ ਪੰਜਾਬ ਦੇਸ਼ ਦੇ 'Best Performing states' ‘ਚੋਂ ਦੂਸਰੇ ਸਥਾਨ ‘ਤੇ ਹੈ। ਇਸ ਮੌਕੇ ਮੁੱਖ ਮੰਤਰੀ ਨੇ ਗਵਰਨਰ ਨੂੰ ਕਿਹਾ ਕਿ ਤੁਸੀਂ ਕਦੇ ਮਣੀਪੁਰ ਬਾਰੇ ਆਵਾਜ਼ ਚੁੱਕੀ ਹੈ ਕਿ ਦੇਸ਼ ਵਿੱਚ ਵੀ ਹੋ ਰਿਹਾ ਹੈ ਪਰ ਤੁਹਾਨੂੰ ਸਿਰਫ਼ ਸ਼ਾਂਤੀ ਨਾਲ ਬੈਠਾ ਪੰਜਾਬ ਹੀ ਨਜ਼ਰ ਆ ਰਿਹਾ ਹੈ।