Farmer Protest: ਬਠਿੰਡਾ ਜ਼ਿਲ੍ਹੇ ਦੇ ਪਿੰਡ ਰਾਏਕੇ ਕਲਾਂ ਵਿੱਚ ਝੋਨੇ ਦੀ ਖ਼ਰੀਦ ਵਿੱਚ ਦੇਰੀ ਤੇ ਹੋਰ ਸਮੱਸਿਆਵਾਂ ਨੂੰ ਲੈ ਕੇ ਸੋਮਵਾਰ ਦੇਰ ਸ਼ਾਮ ਪੁਲਿਸ ਅਤੇ ਕਿਸਾਨਾਂ ਦਰਮਿਆਨ ਝੜਪ ਹੋ ਗਈ। ਕਿਸਾਨਾਂ ਦਾ ਇਲਜਾਮ ਹੈ ਕਿ ਉਨ੍ਹਾਂ ਉੱਤੇ ਲਾਠੀਚਾਰਜ ਕੀਤਾ ਗਿਆ ਹੈ। ਇਸ ਤੋਂ ਬਾਅਦ ਹੁਣ ਕਿਸਾਨ ਲੀਡਰਾਂ ਤੇ ਸਿਆਸੀ ਲੀਡਰਾਂ ਵੱਲੋਂ ਇਸ ਦਾ ਜਮ ਕੇ ਵਿਰੋਧ ਕੀਤਾ ਜਾ ਰਿਹਾ ਹੈ।



 ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸਰਵਣ ਸਿੰਘ ਪੰਧੇਰ ਨੇ ਇਸ ਘਟਨਾ ਦਾ ਵਿਰੋਧ ਕੀਤਾ ਹੈ। ਉਨ੍ਹਾਂ ਸੂਬਾ ਸਰਕਾਰ 'ਤੇ ਦੋਸ਼ ਲਾਇਆ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਕੇਂਦਰ ਸਰਕਾਰ ਨਾਲ ਹੱਥ ਮਿਲਾਇਆ ਹੋਇਆ ਹੈ ਅਤੇ ਵੱਡੇ ਘਰਾਣੇ ਕਿਸਾਨਾਂ ਦੀਆਂ ਮੰਡੀਆਂ 'ਤੇ ਕਬਜ਼ਾ ਕਰਨਾ ਚਾਹੁੰਦੇ ਹਨ।



 ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਕਿਹਾ, ਝੋਨੇ ਦੀ ਖਰੀਦ ਨੂੰ ਲੈ ਕੇ ਬਠਿੰਡਾ ਦੇ ਪਿੰਡ ਰਾਏ ਕੇ ਕਲਾਂ ਵਿਖੇ ਕਿਸਾਨਾਂ ਉੱਪਰ ਕੀਤੇ ਲਾਠੀਚਾਰਜ ਦੀ ਸਖ਼ਤ ਨਿੰਦਾ ਕਰਦੀ ਹਾਂ, ਇਹ ਵੀ ਪਹਿਲੀ ਵਾਰ ਹੋਇਆ ਹੈ ਕਿ ਮੰਡੀ ਵਿੱਚ ਫ਼ਸਲ ਵੇਚਣ ਗਏ ਕਿਸਾਨਾਂ ਉੱਪਰ ਡਾਂਗਾਂ ਵਰਾਈਆਂ ਗਈਆਂ ਹਨ, ਕਿਸਾਨ ਦੀ ਫ਼ਸਲ ਨਹੀਂ ਵਿਕ ਰਹੀ, ਕਿਸਾਨਾਂ ਦੀ ਫ਼ਸਲ ਉੱਪਰ ਕੱਟ ਲਗਾਇਆ ਜਾ ਰਿਹਾ ਹੈ, ਪੰਜਾਬ ਦੀ ਨਿਕੰਮੀ ਸਰਕਾਰ ਕਿਸਾਨਾਂ ਦੀਆਂ ਸਮੱਸਿਆਵਾਂ ਹੱਲ ਕਰਨ ਦੀ ਬਜਾਏ ਉਹਨਾਂ ਉੱਪਰ ਲਾਠੀਚਾਰਜ ਕਰਵਾ ਰਹੀ ਹੈ, ਭਗਵੰਤ ਮਾਨ  ਕੁਝ ਸ਼ਰਮ ਕਰੋ






 


ਅਕਾਲੀ ਦਲ ਯੂਥ ਦੇ ਕੌਮੀ ਸਕੱਤਰ ਸਰਬਜੀਤ ਸਿੰਘ ਨੇ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਅਤੇ ਨਾ ਮੰਨਣਯੋਗ ਹੈ। ਪਹਿਲਾਂ ਤੁਸੀਂ ਸਮੇਂ ਸਿਰ ਝੋਨੇ ਦੀ ਖਰੀਦ ਕਰਨ ਵਿੱਚ ਅਸਫਲ ਰਹਿੰਦੇ ਹੋ, ਅਤੇ ਹੁਣ ਤੁਸੀਂ ਸਾਡੇ ਕਿਸਾਨਾਂ 'ਤੇ ਮੰਡੀਆਂ ਵਿੱਚ ਲਾਠੀਆਂ ਤੇ ਵਾਧੂ ਤਾਕਤ ਦੀ ਵਰਤੋਂ ਕਰ ਰਹੇ ਹੋ, ਜੋ ਸਿਰਫ ਆਪਣੀ ਫਸਲ ਦੀ ਖਰੀਦ ਅਤੇ ਸਹੀ ਅਦਾਇਗੀ ਦੀ ਮੰਗ ਕਰ ਰਹੇ ਹਨ। ਇਸ ਤਰ੍ਹਾਂ ਦਾ ‘ਬਦਲਾਅ’ ਮੁੱਖ ਮੰਤਰੀ ਭਗਵੰਤ ਮਾਨ ਅਤੇ ‘ਆਪ’ ਸਰਕਾਰ ਤੋਂ ਨਹੀਂ ਚਾਹੀਦੀ।