Moga News: ਮੋਗਾ ਜ਼ਿਲ੍ਹੇ ਤੋਂ ਪੁਲਿਸ ਦੀ ਧੱਕੇਸ਼ਾਹੀ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਨਿਹਾਲ ਸਿੰਘ ਵਾਲਾ ਦੇ ਪਿੰਡ ਧੂੜਕੋਟ ਰਣਸੀਂਹ ਦੇ ਇੱਕ ਵਿਅਕਤੀ ਵੱਲੋਂ ਜ਼ਹਿਰੀਲੀ ਵਸਤੂ ਨਿਗਲ ਕੇ ਖ਼ੁਦਕੁਸ਼ੀ ਕਰ ਲਈ ਗਈ ਹੈ। ਉਸ ਦੀ ਪਛਾਣ ਇੰਦਰਪਾਲ ਸਿੰਘ ਵਜੋਂ ਹੋਈ ਹੈ। ਇਲਜ਼ਮ ਲਾਇਆ ਜਾ ਰਿਹਾ ਹੈ ਕਿ ਉਸ ਨੇ ਥਾਣਾ ਮੁਖੀ ਤੋਂ ਪ੍ਰੇਸ਼ਾਨ ਹੋ ਕੇ ਖੁਦਕੁਸ਼ੀ ਕੀਤੀ ਹੈ।


ਦਰਅਸਲ ਪੁਲਿਸ ਨੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ’ਤੇ ਹਮਲੇ ਤੋਂ ਬਾਅਦ ਇਸ ਵਿਅਕਤੀ ਦੇ ਪੁੱਤਰ ਨੂੰ ਮਾਮਲੇ ਵਿਚ ਨਾਮਜ਼ਦ ਕੀਤਾ ਸੀ। ਇਲਜ਼ਾਮ ਹੈ ਕਿ ਉਸ ਨੂੰ ਪੁਲਿਸ ਕੋਲ ਪੇਸ਼ ਕਰਵਾਉਣ ਲਈ ਪਰਿਵਾਰ ਨੂੰ ਤੰਗ ਪ੍ਰੇਸ਼ਾਨ ਕੀਤਾ ਤੇ ਜ਼ਲੀਲ ਕੀਤਾ ਗਿਆ। ਇਸ ਤੋਂ ਇਲਾਵਾ ਮਾਮਲੇ ਵਿਚ ਇੱਕ ਹੋਰ ਨਾਜ਼ਮਦ ਵਿਅਕਤੀ ਦੀ ਪਤਨੀ ਤੇ ਸਕੂਲ ਪੜ੍ਹਦੇ ਲੜਕੇ ਨੂੰ ਨਾਜਾਇਜ਼ ਹਿਰਾਸਤ ਵਿੱਚ ਰੱਖਿਆ ਗਿਆ।


ਇਲਜ਼ਾਮ ਹੈ ਕਿ ਇੰਦਰਪਾਲ ਇਸ ਘਟਨਾ ਕਾਰਨ ਸਦਮੇ ਵਿੱਚ ਸੀ। ਉਸ ਨੂੰ ਇਲਾਜ ਲਈ ਦੀਪ ਹਸਪਤਾਲ ਨਿਹਾਲ ਸਿੰਘ ਵਾਲਾ ਭਰਤੀ ਕਰਵਾਇਆ ਗਿਆ ਜਿੱਥੇ ਉਹ ਦਮ ਤੋੜ ਗਿਆ। ਉਸ ਨੇ ਮਰਨ ਤੋਂ ਪਹਿਲਾਂ ਖ਼ੁਦਕੁਸ਼ੀ ਨੋਟ ਲਿਖ ਕੇ ਆਪਣੀ ਮੌਤ ਲਈ ਥਾਣਾ ਮੁਖੀ ਕਸ਼ਮੀਰ ਸਿੰਘ, ਕੌਮਾਂਤਰੀ ਕਬੱਡੀ ਖਿਡਾਰੀ ਬਿੰਦਰੀ, ਉਸ ਦੇ ਪਿਤਾ ਤੇ ਦੋ ਹੋਰਾਂ ਨੂੰ ਜ਼ਿੰਮੇਵਾਰ ਦੱਸਿਆ ਹੈ।


ਉਧਰ, ਕਿਸਾਨ ਜਥੇਬੰਦੀਆਂ ਨੇ ਇੰਦਰਪਾਲ ਸਿੰਘ ਦੀ ਮੌਤ ਤੋਂ ਬਾਅਦ ਜ਼ਿੰਮੇਵਾਰ ਵਿਅਕਤੀਆਂ ’ਤੇ ਪਰਚਾ ਦਰਜ ਕਰਵਾਉਣ ਲਈ ਥਾਣੇ ਮੂਹਰੇ ਧਰਨਾ ਲਾ ਦਿੱਤਾ। ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ, ਜ਼ਿਲ੍ਹਾ ਪ੍ਰਧਾਨ ਸੁਖਚੈਨ ਸਿੰਘ ਰਾਮਾ ਨੇ ਦੱਸਿਆ ਕਿ ਇੰਦਰਪਾਲ ਸਿੰਘ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦਾ ਆਗੂ ਸੀ। ਬੀਤੇ ਦਿਨੀਂ ਧੂੜਕੋਟ ਵਿੱਚ ਗੋਲੀ ਲੱਗਣ ਦੀ ਘਟਨਾ ਦੇ ਸਬੰਧ ਵਿੱਚ ਉਸ ਦੇ ਪੁੱਤਰ ਸੁਖਦੀਪ ਸਿੰਘ ਦਾ ਨਾਮ ਹੋਣ ਕਾਰਨ ਉਸ ਨੂੰ ਪੇਸ਼ ਕਰਨ ਲਈ ਪੁਲੀਸ ਇੰਦਰਪਾਲ ਸਿੰਘ ਨੂੰ ਪਿਛਲੇ ਪੰਜ ਦਿਨ ਤੋਂ ਨਾਜਾਇਜ਼ ਹਿਰਾਸਤ ਵਿੱਚ ਰੱਖ ਕੇ ਪ੍ਰੇਸ਼ਾਨ ਕਰ ਰਹੀ ਸੀ। 


ਪਿੰਡ ਦੇ ਪਤਵੰਤੇ ਲੰਘੀ ਰਾਤ ਇੰਦਰਪਾਲ ਨੂੰ ਥਾਣੇ ਤੋਂ ਘਰ ਲੈ ਕੇ ਗਏ ਸਨ ਤੇ ਰਾਤ ਨੂੰ ਇੱਕ ਵਜੇ ਕਰੀਬ ਥਾਣਾ ਮੁਖੀ ਨੇ ਉਸ ਨੂੰ ਮੁੜ ਥਾਣੇ ਆਉਣ ਲਈ ਫ਼ੋਨ ਕਰ ਦਿੱਤਾ ਜਿਸ ਤੋਂ ਪ੍ਰੇਸ਼ਾਨ ਹੋ ਕੇ ਇੰਦਰਪਾਲ ਸਿੰਘ ਨੇ ਸਲਫਾਸ ਦੀ ਗੋਲੀ ਨਿਗਲ ਕੇ ਖ਼ੁਦਕੁਸ਼ੀ ਕਰ ਲਈ। ਇਸ ਤੋਂ ਬਾਅਦ ਸੀਨੀਅਰ ਪੁਲੀਸ ਅਧਿਕਾਰੀ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕਰਨ ਪੁੱਜੇ ਪਰ ਧਰਨਾਕਾਰੀ ਥਾਣੇਦਾਰ ਸਮੇਤ ਹੋਰ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰਨ ’ਤੇ ਅੜ ਗਏ।