ਗਗਨਦੀਪ ਸ਼ਰਮਾ
ਅੰਮ੍ਰਿਤਸਰ: ਇੱਕ ਤਰੀਕ ਤੋਂ ਸੂਬੇ 'ਚ ਮਾਈਨਿੰਗ ਸ਼ੁਰੂ ਨਹੀਂ ਹੋ ਸਕੀ। ਇਸ ਲਈ ਲੋਕ ਅਜੇ ਵੀ ਪਹਿਲਾਂ ਦੀ ਤਰ੍ਹਾਂ ਮਹਿੰਗੇ ਭਾਅ ਰੇਤ ਖਰੀਦ ਰਹੇ ਹਨ। ਸ਼ਹਿਰ ਵਿੱਚ ਛੇ ਹਜਾਰ ਤੋਂ ਅੱਠ ਹਜਾਰ ਰੁਪਏ ਪ੍ਰਤੀ ਟਰਾਲੀ ਰੇਤ ਵਿਕ ਰਹੀ ਹੈ। ਰੇਤ ਦੇ ਕਾਰੋਬਾਰ ਨਾਲ ਜੁੜੇ ਲੋਕ ਹਾੜੇ ਕੱਢਣ ਲਈ ਮਜਬੂਰ ਹਨ। ਵਪਾਰੀਆਂ, ਟਰਾਲੀ ਚਾਲਕਾਂ, ਮਜਦੂਰਾਂ ਤੇ ਟਰਾਂਸਪੋਰਟਰਾਂ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ।
ਉਲਟਾ ਮਾਇਨਿੰਗ ਮੰਤਰੀ ਹਰਜੋਤ ਬੈਂਸ ਦੇ ਇੱਕ ਅਕਤੂਬਰ ਦੇ ਐਲਾਨ ਕਾਰਨ ਰੇਤ ਵਿਕ੍ਰੇਤਾਵਾਂ ਦਾ ਨੁਕਸਾਨ ਹੋਇਆ ਹੈ। ਲੋਕਾਂ ਨੇ ਇੱਕ ਅਕਤੂਬਰ ਕਰਕੇ ਇੱਕ ਹਫਤਾ ਪਹਿਲਾਂ ਤੇ ਪੰਜ ਦਿਨ ਬਾਅਦ ਤੱਕ ਇੰਤਜਾਰ ਕੀਤਾ ਕਿ ਸਸਤੀ ਹੋਣ 'ਤੇ ਹੀ ਰੇਤ ਖਰੀਦਣਗੇ ਪਰ ਅਜਿਹਾ ਨਹੀਂ ਹੋਇਆ ਜਿਸ ਕਰਕੇ 10-12 ਦਿਨ ਕੰਮ ਪ੍ਰਭਾਵਤ ਹੋਇਆ ਹੈ।
ਰੇਤ ਦੇ ਵਪਾਰੀ ਜਸਪਾਲ ਸਿੰਘ ਨੇ ਦੱਸਿਆ ਕਿ ਮੰਤਰੀ ਦੇ ਐਲਾਨ ਤੋਂ ਪਹਿਲਾਂ ਰੇਤ ਦਾ ਕਾਰੋਬਾਰ ਥੋੜ੍ਹਾ ਬਹੁਤ ਚੱਲਦਾ ਸੀ ਪਰ 1 ਅਕਤੂਬਰ ਤੋਂ ਇਹ ਕਾਰੋਬਾਰ ਵੀ ਬੰਦ ਹੋ ਗਿਆ ਹੈ। ਸਰਕਾਰ ਨੂੰ ਵਪਾਰੀਆਂ ਨੇ ਕਈ ਵਾਰ ਮੰਗ ਪੱਤਰ ਭੇਜਿਆ ਹੈ ਪਰ ਸਰਕਾਰ ਵੱਲੋਂ ਹਾਲੇ ਤਕ ਮਾਈਨਿੰਗ ਸ਼ੁਰੂ ਨਹੀਂ ਕੀਤੀ ਗਈ।
ਰੇਤ ਦੇ ਕਾਰੋਬਾਰ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਚਰਨਜੀਤ ਚੰਨੀ ਦੇ ਕਾਰਜਕਾਲ ਵੇਲੇ ਰੇਤੇ ਦੇ ਰੇਟ 1800 ਤੋਂ 2200 ਦੇ ਵਿਚਾਲੇ ਸੀ ਪਰ ਹੁਣ ਰੇਟ ਤਿੰਨ ਚਾਰ ਗੁਣਾ ਤਕ ਵੱਧ ਗਏ ਹਨ ਤੇ ਟਰਾਲੀ 6000 ਤੋਂ 8000 ਰੁਪਏ ਤਕ ਵਿਕ ਰਹੀ ਹੈ। ਇਸ ਤੋਂ ਇਲਾਵਾ ਵਪਾਰੀਆਂ ਨੇ ਦੱਸਿਆ ਕਿ ਰੇਤ ਹਿਮਾਚਲ ਤੇ ਜੰਮੂ ਆ ਰਹੀ ਹੈ ਜਿਸ 'ਚ ਮਿੱਟੀ ਮਿਲੇ ਹੋਣ ਕਰਕੇ ਮਜਬੂਤੀ ਘੱਟ ਹੈ ਜਦਕਿ ਪੰਜਾਬ ਦੇ ਲੋਕ ਕਾਲੀ ਰੇਤ (ਰਾਵੀ, ਬਿਆਸ) ਦੀ ਰੇਤ ਪਸੰਦ ਕਰਦੇ ਹਨ।
ਟਰਾਲੀ 'ਤੇ ਰੇਤ ਵੇਚਣ ਵਾਲੇ ਚਾਲਕਾਂ ਨੇ ਦੱਸਿਆ ਕਿ ਚੰਨੀ ਸਰਕਾਰ ਵੇਲੇ ਤਿੰਨ ਤੋਂ ਚਾਰ ਟਰਾਲੀਆਂ ਰੋਜ ਵਿੱਕ ਜਾਂਦੀਆਂ ਸਨ ਤੇ ਰੋਜੀ ਰੋਟੀ ਲਈ ਕਮਾਈ ਹੋ ਜਾਂਦੀ ਸੀ ਪਰ ਹੁਣ ਰੋਜ ਦੀ ਮੁਸ਼ਕਲ ਨਾਲ ਇਕ ਅੱਧੀ ਟਰਾਲੀ ਨਿਕਲਦੀ ਹੈ ਜਿਸ ਨਾਲ ਮਸਾਂ ਤੇਲ ਖਰਚਾ ਹੀ ਨਿਕਲਦਾ ਹੈ ਤੇ ਲੇਬਰ ਵਾਲੇ ਵੀ ਸਾਰਾ ਦਿਨ ਵਿਹਲੇ ਬੈਠ ਕੇ ਚਲੇ ਜਾਂਦੇ ਹਨ। ਰੇਤ ਖਰੀਦਣ ਆਏ ਪਲਵਿੰਦਰ ਸਿੰਘ ਨੇ ਦੱਸਿਆ ਕਿ ਜਦ ਘਰ ਸ਼ੁਰੂ ਕੀਤਾ ਸੀ ਤਾਂ ਰੇਤ 2000 ਤੋਂ 3000 ਰੁਪਏ ਲੈ ਕੇ ਗਏ ਸੀ ਤਾਂ ਹੁਣ ਪਲੱਸਤਰ ਕਰਵਾਉਣ ਲਈ ਮਜਬੂਰੀ 'ਚ ਰੇਤ 7500/8000 ਰੁਪਏ 'ਚ ਲੈਣੀ ਪੈ ਰਹੀ ਹੈ।
ਵਪਾਰੀਆਂ ਸਮੇਤ ਰੇਤ ਕਾਰੋਬਾਰ ਨਾਲ ਜੁੜੇ ਲੋਕਾਂ ਨੇ ਕਿਹਾ ਕਿ ਜੇ ਛੇਤੀ ਹੀ ਸਰਕਾਰ ਨੇ ਕੋਈ ਫੈਸਲਾ ਨ ਲਿਆ ਤਾਂ ਭੁੱਖੇ ਮਰਨ ਦੀ ਬਜਾਏ ਸੜਕਾਂ 'ਤੇ ਉਤਰ ਕੇ ਸਰਕਾਰ ਖਿਲਾਫ ਪ੍ਰਦਰਸ਼ਨ ਕਰਨਾ ਹੀ ਸਾਡੀ ਮਜਬੂਰੀ ਹੋਵੇਗੀ।