ਚੰਡੀਗੜ੍ਹ, 6 ਨਵੰਬਰ: ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਪਰਮਬੰਸ ਸਿੰਘ ਰੋਮਾਣਾ ਨੇਅੱਜ  ਕਿਹਾ ਕਿ ਮੁਹਾਲੀ ਦੀ ਅਦਾਲਤ ਨੇ ਸਪਸ਼ਟ ਫੈਸਲਾ ਸੁਣਾਇਆ ਹੋਇਆ ਹੈ ਕਿ ਸਾਈਬਰ ਕ੍ਰਾਈਮ ਦੀ ਧਾਰਾ 468 ਦੀ ਵਰਤੋਂ ਕਰ ਕੇ ਉਹਨਾਂ ਖਿਲਾਫ ਦਰਜ ਕੀਤੀ ਐਫ ਆਈ ਆਰ ਸਿਆਸੀ ਬਦਲਾਖੋਰੀ ਹੈ, ਇਸ ਲਈ ਪਾਰਟੀ ਉਹਨਾਂ ਸਾਰੇ ਪੁਲਿਸ ਅਧਿਕਾਰੀਆਂ ਖਿਲਾਫ ਅਦਾਲਤ ਜਾਵੇਗੀ ਜੋ ਇਹ ਗੈਰ ਕਾਨੂੰਨੀ ਐਫ ਆਈ ਆਰ ਦਰਜ ਕਰਨ ਲਈ ਜ਼ਿੰਮੇਵਾਰ ਹਨ ਤੇ ਉਹਨਾਂ ਨੂੰ ਇਸ ਵਾਸਤੇ ਜ਼ਿੰਮੇਵਾਰ ਠਹਿਰਾਇਆ ਜਾਵੇਗਾ।


ਅਕਾਲੀ ਦਲ ਦੇ ਜਨਰਲ ਸਕੱਤਰ ਨੇ ਸਾਈਬਰ ਕ੍ਰਾਈਮ ਕੇਸ ਵਿਚ ਜ਼ਮਾਨਤ ਮਿਲਣ ਮਗਰੋਂ ਪਹਿਲੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਸਪਸ਼ਟ ਹੈ ਕਿ ਮੁੱਖ ਮੰਤਰੀ ਵੱਲੋਂ ਰਾਤ 8 ਵਜੇ ਤੋਂ ਬਾਅਦ ਜਾਰੀ ਕੀਤੇ ਹੁਕਮਾਂ ਮਗਰੋਂ ਉਹਨਾਂ ’ਤੇ 8 ਪੀ ਐਮ ਐਫ ਆਈ ਆਰ ਦਰਜ ਕੀਤੀ ਗਈ।


ਉਹਨਾਂ ਕਿਹਾ ਕਿ ਉਹ ਅਤੇ ਅਕਾਲੀ ਦਲ ਇਹਨਾਂ ਧਮਕੀਆਂ ਤੋਂ ਡਰਨਗੇ ਨਹੀਂ ਅਤੇਉਹ ਖਾਸ ਆਦਮੀ ਪਾਰਟੀ ਵੱਲੋਂ ਸਮਾਜ ਦੇ ਹਰ ਵਰਗ ਨਾਲ ਕੀਤੇ ਜਾ ਰਹੇ ਅਨਿਆਂ ਖਿਲਾਫ ਬੋਲਣ ਲਈ ਦ੍ਰਿੜ੍ਹ ਸੰਕਲਪ ਹੈ।


ਸਾਰੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਰੋਮਾਣਾ ਨੇ ਕਿਹਾ ਕਿ ਐਫ ਆਈ ਆਰ ਵਿਚ ਧਾਰਾ 468 26 ਅਕਤੂਬਰ ਨੂੰ ਜੋੜੀ ਗਈ ਤਾਂ ਕਿਉਂਕਿ ਧੋਖੇ ਨਾਲ ਜਾਅਲਸਾਜ਼ੀ ਕਰਨਾ ਇਕ ਗੈਰ ਜ਼ਮਾਨਤੀ ਅਪਰਾਧ ਹੈ। ਉਹਨਾਂ ਕਿਹਾ ਕਿ ਉਹਨਾਂ ਕਿਹਾ ਕਿ ਅਜਿਹਾ ਉਦੋਂ ਕੀਤਾ ਗਿਆ ਜਦੋਂ ਕਿ ਕੰਵਰ ਗਰੇਵਾਲ ਦੀ ਵੀਡੀਓ ਜਿਸਨੂੰ ਐਫ ਆਈ ਆਰ ਦਾ ਆਧਾਰ ਬਣਾਇਆ ਗਿਆ, ਪਿਛਲੇ 8 ਸਾਲਾਂ ਤੋਂ ਜਨਤਕ ਹੈ ਤੇ ਹੁਣ ਵੀ ਯੂ ਟਿਊਬ ’ਤੇ ਪਈ ਹੈ। ਉਹਨਾਂ ਕਿਹਾ ਕਿ ਮੁਹਾਲੀ ਅਦਾਲਤ  ਨੇ ਸਹੀ ਕਿਹਾ ਹੈ ਕਿ ਧਾਰਾ 468 ਆਈ ਪੀ ਸੀ ਤਹਿਤ ਦੋਸ਼ ਲਗਾਉਣੇ ਨਹੀਂ ਬਣਦੇ ਤੇ ਕੇਸ ਵਿਚ ਇਹ ਧਾਰਾ ਨਹੀਂ ਲੱਗਣੀ ਚਾਹੀਦੀ ਹੈ।


ਰੋਮਾਣਾ ਨੇ ਕਿਹਾ ਕਿ ਮੁਹਾਲੀ ਅਦਾਲਤ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਦਲੀਲ ਨੂੰ ਸਹੀ ਠਹਿਰਾਇਆ ਕਿ ਉਹਨਾਂ ਨੂੰ ਸਿਆਸੀ ਬਦਲਾਖੋਰੀ ਤਹਿਤ ਫਸਾਇਆ ਗਿਆ ਹੈ। ਉਹਨਾਂ ਕਿਹਾ ਕਿ ਐਫ ਆਈ ਆਰ ਸਾਈਬਰ ਕ੍ਰਾਈਮ ਦੇ ਇੰਸਪੈਕਟਰ ਵੱਲੋਂ ਦਾਇਰ ਸ਼ਿਕਾਇਤ ਦੇ 40 ਮਿੰਟਾਂ ਦੇ ਅੰਦਰ ਅੰਦਰ ਦਰਜ ਕਰ ਦਿੱਤੀਗਈ  ਜਿਸ ਤੋਂ ਸਪਸ਼ਟ ਹੈ ਕਿ ਸੈਲ ਕਿਵੇਂ ਜਾਂਚ ਕਰਦਾ ਹੈ। ਉਹਨਾਂ ਕਿਹਾ ਕਿ ਜਿਸ ਵੀਡੀਓ ’ਤੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ, ਉਹ ਹਜ਼ਾਰਾਂ ਲੋਕਾਂ ਨੇ ਸ਼ੇਅਰ ਕੀਤੀ ਹੈ ਜਿਹਨਾਂ ਵਿਚ ਅਨੇਕਾਂ ਕਾਂਗਰਸੀ ਆਗੂ ਸ਼ਾਮਲ ਹਨ ਪਰ ਕੇਸ ਸਿਰਫ ਉਹਨਾਂ ਖਿਲਾਫ ਹੀ ਦਰਜ ਕੀਤਾ ਗਿਆ।


ਰੋਮਾਣਾ ਨੇ ਕਿਹਾ ਕਿ ਆਪ ਸਰਕਾਰ ਜਿੰਨਾ ਮਰਜ਼ੀ ਜ਼ੋਰ ਲਗਾ ਲਵੇ ਉਹਨਾਂ ਨੂੰ ਡਰਾ ਨਹੀਂ ਸਕਦੀ। ਉਹਨਾਂ ਕਿਹਾ ਕਿ ਆਪ ਸਰਕਾਰ ਨਸ਼ਿਆਂ, ਇਸਦੇ ਵਿਧਾਇਕਾਂ ਵੱਲੋਂ ਕੀਤੀ ਜਾ ਰਹੀ ਗੈਰ ਕਾਨੂੰਨੀ ਮਾਇਨਿੰਗ ਅਤੇ ਬੇਰੋਜ਼ਗਾਰ ਨੌਜਵਾਨਾਂ ਦੀ ਆਵਾਜ਼ ਦਬਾਉਣ ਲਈ ਲੋਕਾਂ ਦਾ ਧਿਆਨ ਪਾਸੇ ਕਰਨ ਵਾਸਤੇ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਵੇ, ਉਹ ਸਫਲ ਨਹੀਂ ਹੋਵੇਗੀ।


ਉਹਨਾਂ ਕਿਹਾ ਕਿ ਉਹ ਜਨਤਕ ਅਹਿਮੀਅਤ ਦੇ ਮੁੱਦਿਆਂ ’ਤੇ ਬੇਬਾਕੀ ਨਾਲ ਆਪਣੀ ਰਾਇ ਰੱਖਣਾ ਜਾਰੀ ਰੱਖਣਗੇ। ਉਹਨਾਂ ਨੇ ਮੁੱਖ ਮੰਤਰੀ ਵੱਲੋਂ ਆਪਣੇ ਸੋਸ਼ਲ ਮੀਡੀਆ ’ਤੇ ਇਤਰਾਜ਼ਯੋਗ ਅਤੇ ਛੇੜਛਾੜ ਕੀਤੀਆਂ ਵੀਡੀਓ ਪੋਸਟ ਕਰਨ ’ਤੇ ਉਹਨਾਂ ਖਿਲਾਫ ਮਟੋਰ ਪੁਲਿਸ ਥਾਣੇ ਵਿਚ ਦਿੱਤੀ ਸ਼ਿਕਾਇਤ ’ਤੇ ਵੀ ਢੁਕਵੀਂ ਕਾਰਵਾਈ ਦੀ ਮੰਗ ਕੀਤੀ।