Punjab News: ਪੰਜਾਬ ਦੇ ਨਵੇਂ ਮੁੱਖ ਸਕੱਤਰ ਕੇਏਪੀ ਸਿਨਹਾ (kp sinha) ਨੇ ਅੱਜ (ਵੀਰਵਾਰ) ਆਪਣੀ ਜ਼ਿੰਮੇਵਾਰੀ ਸੰਭਾਲ ਲਈ ਹੈ। ਇਸ ਮੌਕੇ ਗ੍ਰਹਿ ਸਕੱਤਰ ਸਮੇਤ ਸਾਰੇ ਸੀਨੀਅਰ ਅਧਿਕਾਰੀ ਮੌਜੂਦ ਸਨ। ਇਸ ਦੇ ਨਾਲ ਹੀ ਕੇਏਪੀ ਸਿਨਹਾ ਦਾ ਕਹਿਣਾ ਹੈ ਕਿ ਉਹ ਸਰਕਾਰ ਵੱਲੋਂ ਉਨ੍ਹਾਂ ਨੂੰ ਸੌਂਪੀ ਗਈ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ। ਲੋਕਾਂ ਨੂੰ ਬੁਨਿਆਦੀ ਸਹੂਲਤਾਂ ਪਾਰਦਰਸ਼ੀ ਤੇ ਮੁਸ਼ਕਲ ਰਹਿਤ ਮੁਹੱਈਆ ਕਰਵਾਈਆਂ ਜਾਣਗੀਆਂ। ਲੋਕ ਭਲਾਈ ਨਾਲ ਸਬੰਧਤ ਸਕੀਮਾਂ ਨੂੰ ਹੋਰ ਮਜ਼ਬੂਤੀ ਨਾਲ ਲਾਗੂ ਕੀਤਾ ਜਾਵੇਗਾ।
ਕੇਏਪੀ ਸਿਨਹਾ ਨੂੰ ਪੰਜਾਬ ਦਾ 43ਵਾਂ ਮੁੱਖ ਸਕੱਤਰ ਬਣਾਇਆ ਗਿਆ ਹੈ। ਇਸ ਤੋਂ ਪਹਿਲਾਂ ਬੁੱਧਵਾਰ ਦੁਪਹਿਰ ਨੂੰ ਅਨੁਰਾਗ ਵਰਮਾ ਨੂੰ ਅਚਾਨਕ ਇਸ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਮਾਲ, ਮੁੜ ਵਸੇਬਾ ਅਤੇ ਆਫ਼ਤ ਪ੍ਰਬੰਧਨ, ਖੇਤੀਬਾੜੀ ਅਤੇ ਕਿਸਾਨ ਭਲਾਈ, ਬਾਗਬਾਨੀ ਅਤੇ ਭੂਮੀ ਅਤੇ ਜਲ ਸੰਭਾਲ ਦਾ ਵਧੀਕ ਮੁੱਖ ਸਕੱਤਰ ਨਿਯੁਕਤ ਕੀਤਾ ਗਿਆ ਹੈ।
ਪੰਜਾਬ ਸਰਕਾਰ ਨੂੰ ਸੱਤਾ ਵਿੱਚ ਆਏ ਕਰੀਬ 30 ਮਹੀਨੇ ਹੋ ਗਏ ਹਨ। ਇਸ ਤੋਂ ਪਹਿਲਾਂ ਸੀਨੀਅਰ ਆਈਏਐਸ ਅਨਿਰੁਧ ਤਿਵਾਰੀ ਇਸ ਅਹੁਦੇ ਦੀ ਜ਼ਿੰਮੇਵਾਰੀ ਸੰਭਾਲ ਰਹੇ ਸਨ। ਕਰੀਬ 2 ਸਾਲ ਪਹਿਲਾਂ 1989 ਬੈਚ ਦੇ ਐਲਏਐਸ ਵੀਕੇ ਜੰਜੂਆ ਇਸ ਅਹੁਦੇ 'ਤੇ ਤਾਇਨਾਤ ਸਨ। ਇਸ ਤੋਂ ਬਾਅਦ ਜਦੋਂ ਉਹ ਸੇਵਾਮੁਕਤ ਹੋਏ ਤਾਂ ਇਸ ਅਹੁਦੇ ਦੀ ਜ਼ਿੰਮੇਵਾਰੀ ਅਨੁਰਾਗ ਵਰਮਾ ਨੂੰ ਸੌਂਪ ਦਿੱਤੀ ਗਈ। ਤੁਹਾਨੂੰ ਦੱਸ ਦੇਈਏ ਕਿ ਅਨੁਰਾਗ ਵਰਮਾ ਨੇ 1 ਜੁਲਾਈ 2023 ਨੂੰ ਮੁੱਖ ਸਕੱਤਰ ਦੇ ਅਹੁਦੇ ਦੀ ਜ਼ਿੰਮੇਵਾਰੀ ਸੰਭਾਲੀ ਸੀ। ਕੇਏਪੀ ਸਿਨਹਾ ਪੰਜਾਬ ਦੇ 43ਵੇਂ ਮੁੱਖ ਸਕੱਤਰ ਬਣ ਗਏ ਹਨ।
ਸਰਕਾਰ ਨੇ ਕੁਝ ਦਿਨ ਪਹਿਲਾਂ ਮੰਤਰੀਆਂ ਦੀ ਕੀਤੀ ਛੁੱਟੀ
ਕਰੀਬ 16 ਦਿਨ ਪਹਿਲਾਂ 23 ਸਤੰਬਰ ਨੂੰ ਹਰਿਆਣਾ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ਸਰਕਾਰ ਨੇ ਆਪਣੇ ਚਾਰ ਮੰਤਰੀਆਂ ਨੂੰ ਬਰਖਾਸਤ ਕਰ ਦਿੱਤਾ ਸੀ। ਉਨ੍ਹਾਂ ਨੂੰ ਮੰਤਰੀ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ। ਇਨ੍ਹਾਂ ਮੰਤਰੀਆਂ ਵਿੱਚ ਬਲਕਾਰ ਸਿੰਘ, ਚੇਤਨ ਸਿੰਘ ਜੋੜਾਮਾਜਰਾ, ਬ੍ਰਹਮ ਸ਼ੰਕਰ ਜਿੰਪਾ ਅਤੇ ਅਨਮੋਲ ਗਗਨ ਮਾਨ ਸ਼ਾਮਲ ਸਨ। ਜਦਕਿ 5 ਨਵੇਂ ਮੰਤਰੀ ਮੰਤਰੀ ਮੰਡਲ ਵਿੱਚ ਸ਼ਾਮਲ ਕੀਤੇ ਗਏ ਹਨ। ਇਨ੍ਹਾਂ ਵਿੱਚ ਮਹਿੰਦਰ ਭਗਤ, ਹਰਦੀਪ ਸਿੰਘ ਮੁੰਡੀਆ, ਬਰਿੰਦਰ ਕੁਮਾਰ ਗੋਇਲ, ਤਰੁਨਪ੍ਰੀਤ ਸਿੰਘ ਅਤੇ ਡਾ: ਰਵਜੋਤ ਸਿੰਘ ਸ਼ਾਮਲ ਹਨ।