Weather Report: ਪੰਜਾਬ ਤੇ ਹਰਿਆਣਾ ਸਣੇ ਉੱਤਰੀ ਭਾਰਤ ਦਾ ਪਾਰਾ ਲਗਾਤਾਰ ਚੜ੍ਹ ਰਿਹਾ ਹੈ। ਉਧਰ ਮੌਸਮ ਵਿਭਾਗ ਦਾ ਅਲਰਟ ਹੈ ਕਿ ਮਾਰਚ ਦੇ ਅੱਧ ਤੱਕ ਪਾਰਾ 40 ਡਿਗਰੀ ਤੋਂ ਪਾਰ ਜਾ ਸਕਦਾ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਗਰਮੀ ਦਾ ਪਿਛਲੇ ਸਾਰੇ ਰਿਕਾਰਡ ਟੁੱਟ ਜਾਣਗੇ। ਇਸ ਦੇ ਨਾਲ ਹੀ ਖੇਤੀ ਮਾਹਿਰਾਂ ਦਾ ਕਹਿਣਾ ਹੈ ਕਿ ਆਮ ਨਾਲੋਂ ਵੱਧ ਤਾਪਮਾਨ ਕਣਕ ਸਣੇ ਹੋਰਨਾ ਫ਼ਸਲਾਂ ’ਤੇ ਅਸਰ ਪਾ ਸਕਦਾ ਹੈ।
ਦੱਸ ਦਈਏ ਕਿ ਭਾਰਤ ਦੇ ਮੌਸਮ ਵਿਭਾਗ ਨੇ ਉੱਤਰੀ-ਪੱਛਮ, ਮੱਧ ਤੇ ਪੂਰਬੀ ਭਾਰਤ ਵਿੱਚ ਅਗਲੇ ਪੰਜ ਦਿਨ ਤਾਪਮਾਨ ਆਮ ਨਾਲੋਂ ਪੰਜ ਡਿਗਰੀ ਸੈਲਸੀਅਸ ਵੱਧ ਰਹਿਣ ਦੀ ਪੇਸ਼ੀਨਗੋਈ ਕੀਤੀ ਹੈ। ਦੇਸ਼ ਦੇ ਕਈ ਹਿੱਸਿਆਂ ਵਿੱਚ ਪਹਿਲਾਂ ਹੀ ਤਾਪਮਾਨ ਵੱਧ ਦਰਜ ਕੀਤਾ ਜਾ ਰਿਹਾ ਹੈ ਜੋ ਆਮ ਤੌਰ ’ਤੇ ਮਾਰਚ ਮਹੀਨੇ ਦੇ ਅੱਧ ਵਿੱਚ ਦਰਜ ਕੀਤਾ ਜਾਂਦਾ ਹੈ। ਇਸ ਸਾਲ ਜ਼ਿਆਦਾ ਗਰਮੀ ਪੈਣ ਤੇ ਲੂ ਚੱਲਣ ਦੀ ਸੰਭਾਵਨਾ ਨੇ ਚਿੰਤਾ ਵਧਾ ਦਿੱਤੀ ਹੈ।
ਉਨ੍ਹਾਂ ਕਿਹਾ ਕਿ ਉੱਤਰੀ ਪੱਛਮ, ਮੱਧ ਤੇ ਪੂਰਬੀ ਭਾਰਤ ਦੇ ਜ਼ਿਆਦਾਤਰ ਖਿੱਤਿਆਂ ਵਿੱਚ ਅਗਲੇ ਪੰਜ ਦਿਨ ਤਾਪਮਾਨ ਆਮ ਨਾਲੋਂ ਤਿੰਨ ਤੋਂ ਪੰਜ ਡਿਗਰੀ ਸੈਲਸੀਅਸ ਵੱਧ ਰਹਿਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਕਿਹਾ ਕਿ ਆਮ ਨਾਲੋਂ ਵੱਧ ਤਾਪਮਾਨ ਕਣਕ ਸਣੇ ਹੋਰਨਾ ਫ਼ਸਲਾਂ ’ਤੇ ਅਸਰ ਪਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇ ਫਸਲ ’ਤੇ ਅਸਰ ਜ਼ਿਆਦਾ ਦਿਖਾਈ ਦਿੱਤਾ ਤਾਂ ਕਿਸਾਨ ਹਲਕੀ ਜਿਹੀ ਸਿੰਜਾਈ ਕਰ ਸਕਦੇ ਹਨ।
ਵਿਭਾਗ ਨੇ ਕਿਹਾ ਕਿ ਅਗਲੇ ਦੋ ਦਿਨਾਂ ਦੌਰਾਨ ਉੱਤਰ ਪੱਛਮੀ ਭਾਰਤ ਵਿੱਚ ਤਾਪਮਾਨ ਵਿੱਚ ਤਬਦੀਲੀ ਦੇ ਕੋਈ ਆਸਾਰ ਨਹੀਂ ਹਨ। ਹਾਲਾਂਕਿ ਇਸ ਮਗਰੋਂ ਪਾਰਾ ਦੋ ਤੋਂ ਤਿੰਨ ਡਿਗਰੀ ਸੈਲਸੀਅਸ ਤੱਕ ਵਧਣ ਦਾ ਅਨੁਮਾਨ ਹੈ। ਮੌਸਮ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਉੱਤਰ ਪੱਛਮੀ ਭਾਰਤ ਵਿੱਚ ਮਾਰਚ ਦੇ ਅੱਧ ਤੱਕ ਪਾਰਾ 40 ਡਿਗਰੀ ਤੋਂ ਉੱਤੇ ਵਧ ਸਕਦਾ ਹੈ। ਮੌਸਮ ਵਿਭਾਗ ਨੇ ਫਰਵਰੀ ਵਿੱਚ ਗਰਮ ਮੌਸਮ ਲਈ ਪੱਛਮੀ ਗੜਬੜੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਉੱਤਰ ਪੱਛਮੀ, ਮੱਧ ਤੇ ਪੱਛਮੀ ਭਾਰਤ ਦੇ ਕਈ ਖੇਤਰਾਂ ਵਿੱਚ ਵੱਧ ਤੋਂ ਵੱਧ ਤਾਪਮਾਨ 35 ਡਿਗਰੀ ਸੈਲਸੀਅਸ ਤੋਂ 39 ਡਿਗਰੀ ਸੈਲਸੀਅਸ ਵਿਚਾਲੇ ਦਰਜ ਕੀਤਾ ਗਿਆ ਸੀ। ਇੰਜ ਹੀ ਦਿੱਲੀ ਵਿੱਚ ਸੋਮਵਾਰ 1969 ਤੋਂ ਬਾਅਦ ਫਰਵਰੀ ਦਾ ਤੀਜਾ ਸਭ ਤੋਂ ਗਰਮ ਦਿਨ ਰਿਹਾ। ਇੱਥੇ ਵੱਧ ਤੋਂ ਵੱਧ ਤਾਪਮਾਨ 33.6 ਡਿਗਰੀ ਸੈਲਸੀਅਸ ਤੱਕ ਪੁੱਜ ਗਿਆ ਸੀ।
ਕੇਂਦਰੀ ਖੇਤੀਬਾੜੀ ਮੰਤਰਾਲੇ ਨੇ ਸੋਮਵਾਰ ਨੂੰ ਕਿਹਾ ਸੀ ਕਿ ਉਸ ਨੇ ਤਾਪਮਾਨ ਵਧਣ ਕਾਰਨ ਪੈਦਾ ਹੋਣ ਵਾਲੀ ਸਥਿਤੀ ਦੀ ਸਮੀਖਿਆ ਲਈ ਇੱਕ ਕਮੇਟੀ ਦਾ ਗਠਨ ਕਰ ਦਿੱਤਾ ਹੈ। ਭਾਰਤੀ ਖੇਤੀਬਾੜੀ ਖੋਜ ਕੌਂਸਲ ਨੇ ਕਣਕ ਦੀ ਨਵੀਂ ਕਿਸਮ ਵੀ ਵਿਕਸਤ ਕੀਤੀ ਹੈ ਜੋ ਤਾਪਮਾਨ ਦੇ ਵਾਧੇ ਦੀ ਚੁਣੌਤੀ ਨੂੰ ਝੱਲਣ ਦੇ ਯੋਗ ਹੈ।