ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਵਿੱਚ ਅੱਜ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਨੂੰ ਲੈ ਕੇ ਖੂਬ ਹੰਗਾਮਾ ਹੋਇਆ। ਕਾਂਗਰਸ ਨੇ ਫੌਜਾ ਸਿੰਘ ਸਰਾਰੀ ਦੀ ਬਰਖਾਸਤਖੀ ਦੀ ਮੰਗ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰਿਆ। ਕਾਂਗਰਸ ਨੇ ਕਿਹਾ ਕਿ ਫੌਜਾ ਸਿੰਘ ਸਰਾਰੀ ਦੀ ਆਡੀਓ ਵਾਇਰਲ ਹੋਣ ਮਗਰੋਂ ਉਨ੍ਹਾਂ ਨੂੰ ਕੈਬਨਿਟ ਵਿੱਚੋਂ ਬਰਖਾਸਤ ਕਰਨਾ ਚਾਹੀਦਾ ਹੈ। ਕਾਂਗਰਸੀ ਵਿਧਾਇਕਾਂ ਨੇ ਕਿਹਾ ਕਿ ਮੰਤਰੀ ਖਿਲਾਫ ਕੇਸ ਦਰਜ ਕੀਤਾ ਜਾਵੇ।
ਦੱਸ ਦਈਏ ਕਿ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦਾ ਅੱਜ ਦੂਜਾ ਦਿਨ ਹੈ। ਅੱਜ ਸਦਨ ਦੀ ਕਾਰਵਾਈ ਦੁਪਹਿਰ 2 ਵਜੇ ਸ਼ੁਰੂ ਹੋਈ। ਕਾਰਵਾਈ ਸ਼ੁਰੂ ਹੁੰਦਿਆਂ ਹੀ ਕਾਂਗਰਸ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰਿਆ।
ਇਜਲਾਸ ਦੇ ਪਹਿਲੇ ਦਿਨ ਮੰਗਲਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਭਰੋਸੇ ਦਾ ਮਤਾ ਪੇਸ਼ ਕੀਤਾ ਸੀ। ਉਨ੍ਹਾਂ ਦੋਸ਼ ਲਾਇਆ ਸੀ ਕਿ ਭਾਜਪਾ ਉਨ੍ਹਾਂ ਦੀ ਸਰਕਾਰ ਨੂੰ ਡੇਗਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਦੀ ਇਸ ਕੋਸ਼ਿਸ਼ 'ਚ ਕਾਂਗਰਸ ਉਨ੍ਹਾਂ ਦਾ ਸਾਥ ਦੇ ਰਹੀ ਹੈ। ਭਰੋਸੇ ਦੇ ਪ੍ਰਸਤਾਵ 'ਤੇ ਅੱਜ ਚਰਚਾ ਹੋਏਗੀ। ਇਸ 'ਤੇ 3 ਅਕਤੂਬਰ ਨੂੰ ਵੋਟਿੰਗ ਹੋਵੇਗੀ।
ਕੀ ਹੈ ਪੂਰਾ ਮਾਮਲਾ
ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਦੀ ਕਥਿਤ ਆਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਈਰਲ ਹੋਈ ਸੀ। ਜਿਸ ਵਿੱਚ ਮੰਤਰੀ ਆਪਣੇ OSD ਨਾਲ ਸੌਦੇਬਾਜ਼ੀ ਦੀ ਗੱਲ ਕਰ ਰਹੇ ਸਨ। ਆਡੀਓ ਮੁਤਾਬਕ ਮੰਤਰੀ ਆਪਣੇ OSD ਨਾਲ ਕਿਸੇ ਟਰੱਕ ਦਾ ਮਾਲ ਫੜਵਾਉਣਾ ਚਾਹੁੰਦੇ ਸਨ ਤੇ ਬਾਅਦ ਵਿੱਚ ਉਸ ਨੂੰ ਛੁਡਵਾਉਣ ਲਈ ਉਸ ਤੋਂ ਪੈਸੇ ਲੈਣਾ ਚਾਹੁੰਦੇ ਸਨ। ਜਦੋਂ ਇਸ ਬਾਰੇ ਮੰਤਰੀ ਤੋਂ ਪੁਛਿਆ ਗਿਆ ਸੀ ਤਾਂ ਉਨ੍ਹਾਂ ਕਿਹਾ ਸੀ ਕਿ ਇਹ ਆਡੀਓ ਆਡਿਟ ਕੀਤੀ ਗਈ ਹੈ, ਇਸ ਵਿੱਚ ਕੋਈ ਸੱਚਾਈ ਨਹੀਂ।